ਸਿਹਤ ਮੰਤਰੀ ਡਾ. ਬਲਬੀਰ ਸਿੰਘ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਹੋਏ ਨਤਮਸਤਕ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਹੋਏ ਨਤਮਸਤਕ
-ਸੰਤ ਬਾਬਾ ਬਲਵੰਤ ਸਿੰਘ ਜੀ ’ਤੇ ਲਿਖੀ ਕਿਤਾਬ ‘ਮਾਲਵੇ ਦਾ ਕੋਹੀਨੂਰ ਹੀਰਾ’ ਸਿਹਤ ਮੰਤਰੀ ਨੇ ਕੀਤੀ ਲੋਕ ਅਰਪਣ
-ਸਿਉਣਾ ਚੌਕ ਤੋਂ ਰੋੜੇਵਾਲ ਗੁਰਦੁਆਰਾ ਸਾਹਿਬ ਤੱਕ ਦੀ ਸੜਕ ਨੂੰ ਕੀਤਾ ਜਾਵੇਗਾ ਚੌੜਾ : ਡਾ. ਬਲਬੀਰ ਸਿੰਘ
ਪਟਿਆਲਾ, 26 ਅਗਸਤ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਪਿੰਡ ਰੋੜੇਵਾਲ ਵਿਖੇ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਸਥਾਨ ਗੁਰਦੁਆਰਾ ਗੁਫਾਸਰ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਦਸਵੀਂ ਦੇ ਦਿਹਾੜੇ ਮੌਕੇ ਆਪਣੀ ਹਾਜ਼ਰੀ ਭਰਦੇ ਹੋਏ ਸੰਗਤਾਂ ਦੇ ਸਨਮੁਖ ਹੋਏ, ਉਥੇ ਹੀ ਗੱਦੀਨਸ਼ੀਨ ਬਾਬਾ ਗੁਰਚਰਨ ਦਾਸ ਜੀ ਵਲੋਂ ਕੀਤੇ ਗਏ ਕਥਾ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਸੰਤ ਬਾਬਾ ਬਲਵੰਤ ਸਿੰਘ ਜੀ ’ਤੇ ਗਿਆਨੀ ਭਜਨ ਸਿੰਘ ਵਲੋਂ ਲਿਖੀ ਕਿਤਾਬ ‘ਮਾਲਵੇ ਦਾ ਕੋਹੀਨੂਰ ਹੀਰਾ’ ਵੀ ਲੋਕ ਅਰਪਣ ਕੀਤੀ ਗਈ।
ਸਮਾਗਮ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਤਾਂ ਦੀ ਮੰਗ ਨੂੰ ਦੇਖਦੇ ਹੋਏ ਪਿੰਡ ਸਿਉਣਾ ਤੋਂ ਰੋੜੇਵਾਲ ਤੱਕ 10 ਫੁਟੀ ਸੜਕ ਦੀ ਬਰਸਾਤਾਂ ਤੋਂ ਬਾਅਦ ਮੁਰੰਮਤ ਕਰਵਾਈ ਜਾਵੇਗੀ ਅਤੇ ਜਲਦੀ ਹੀ ਇਸ ਨੂੰ 18 ਫੁਟੀ ਵੀ ਬਣਾਇਆ ਜਾਵੇਗਾ ਤਾਂ ਜੋ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮਾਲਵੇ ਦਾ ਕੋਹੀਨੂਰ ਹੀਰਾ ਕਿਤਾਬ ਵਿਚ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਜੀਵਨ ਬਾਰੇ ਬਾਖੂਬੀ ਦੱਸਿਆ ਗਿਆ ਹੈ ਕਿ ਉਹ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੇ ਸਨ, ਜਿਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਦੇ ਨਾਲ ਨਾਲ ਗੁਰਬਾਣੀ ਦੇ ਮਾਰਗ ’ਤੇ ਚੱਲਣ ਦਾ ਹਮੇਸ਼ਾ ਸੁਨੇਹਾ ਦਿੱਤਾ ਅਤੇ ਸੈਂਕੜੇ ਹੀ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰਬਾਣੀ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਹੈ, ਜਿਨ੍ਹਾਂ ਨੂੰ ਹਮੇਸ਼ਾ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਕੋਈ ਵੀ ਮੰਗ ਹੋਵੇ, ਉਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਇਹ ਧਾਰਮਿਕ ਸਥਾਨ ਮਾਲਵਾ ਖੇਤਰ ਵਿਚ ਇਕ ਵੱਡਾ ਸਥਾਨ ਹੈ, ਜਿਥੇ ਹਰ ਦਸਵੀਂ ਅਤੇ ਪੰਚਮੀ, ਪੂਰਨਮਾਸ਼ੀ ਦਿਹਾੜੇ ’ਤੇ ਆਉਣ ਤੋਂ ਇਲਾਵਾ ਦੋ ਵੱਡੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ, ਜਿਥੇ ਸੰਗਤਾਂ ਵੱਧ ਚੜ੍ਹ ਕੇ ਸੰਤ ਬਾਬਾ ਪੂਰਨਦਾਸ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਹਮੇਸ਼ਾ ਯਾਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵੀ ਇਨ੍ਹਾਂ ਸੰਤਾਂ ਮਹਾਪੁਰਸ਼ਾਂ ਦਾ ਵੱਡਾ ਸਥਾਨ ਹੈ, ਜਿਨ੍ਹਾਂ ਨੇ ਅਨਪੜ੍ਹਤਾ ਦੂਰ ਕਰਨ ਲਈ ਬੱਚਿਆਂ ਲਈ ਸਿੱਖਿਆ ਦੇ ਕੇਂਦਰ ਸਥਾਪਿਤ ਕੀਤੇ ਤਾਂ ਜੋ ਕੋਈ ਵੀ ਵਿਅਕਤੀ ਪੜ੍ਹ ਲਿਖ ਕੇ ਸਮੇਂ ਦਾ ਹਾਣੀ ਬਣ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਭਾਵੇਂ ਉਹ ਆਮ ਆਦਮੀ ਕਲੀਨਿਕ ਹੋਣ ਜਾਂ ਹਸਪਤਾਲ, ਲਿਹਾਜਾ ਹਸਪਤਾਲਾਂ ਦੀ ਕਾਇਆਕਲਪ ਕਰਨ ਲਈ ਸਰਕਾਰ ਵਲੋਂ ਦਿਨ ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀ ਸਿਹਤ ਸੰਭਾਲ ਰਹੇ। ਇਸ ਮੌਕੇ ਸੰਤ ਬਾਬਾ ਗੁਰਚਰਨ ਦਾਸ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਪੁੱਜਣ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨੀ ਭਜਨ ਸਿੰਘ, ਕਰਨਲ ਜੇ.ਵੀ ਸਿੰਘ, ਸਾਬਕਾ ਸਰਪੰਚ ਤੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਆਦਿ ਵੀ ਹਾਜ਼ਰ ਸਨ।
