6 ਮਹੀਨੇ ਬੀਤਣ ਦੇ ਬਾਵਜੂਦ 5994 ਭਰਤੀ ਨਹੀ ਕੀਤੀ ਪੂਰੀ, ਉਮੀਦਵਾਰਾਂ ’ਚ ਰੋਸ

6 ਮਹੀਨੇ ਬੀਤਣ ਦੇ ਬਾਵਜੂਦ 5994 ਭਰਤੀ ਨਹੀ ਕੀਤੀ ਪੂਰੀ, ਉਮੀਦਵਾਰਾਂ ’ਚ ਰੋਸ
– 30 ਅਗਸਤ ਦੀ ਮੀਟਿੰਗ ਵਿੱਚ ਹੱਲ ਨਾ ਹੋਣ ’ਤੇ ਸੰਘਰਸ਼ ਦਾ ਐਲਾਨ
25 ਅਗਸਤ 2023, ਪਟਿਆਲਾ।
ਈਟੀਟੀ ਕਾਡਰ ਦੀ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵਾਈ ਕਰਦੀ ਆ ਰਹੀ ਈਟੀਟੀ ਟੈਟ ਪਾਸ ਬੇਰੁਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਨੇ ਆਖਰਕਾਰ ਪੰਜਾਬ ਸਰਕਾਰ ਖਿਲਾਫ ਸੰਘਰਸ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਲਗਭਗ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਕੂਲੀ ਸਿੱਖਿਆ ਵਿਭਾਗ ਇਹ ਭਰਤੀ ਪ੍ਰਕਿਰਿਆ ਪੂਰੀ ਕਰਨ ਵਿੱਚ ਅਸਫਲ ਰਿਹਾ ਹੈ।
11 ਮੈਂਬਰੀ ਸੂਬਾਈ ਕਮੇਟੀ ਦੇ ਆਗੂ ਬਲਿਹਾਰ ਸਿੰਘ ਬੱਲੀ, ਜਸਪ੍ਰੀਤ ਸਿੰਘ ਮਾਨਸਾ, ਬੱਗਾ ਖੁਡਾਲ, ਕੁਲਵਿੰਦਰ ਬਰੇਟਾ ਸਮੇਤ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ 5 ਮਾਰਚ 2023 ਨੂੰ ਚੰਡੀਗੜ ਤੇ ਮੋਹਾਲੀ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਲਈ ਗਈ ਸੀ। ਪ੍ਰੀਖਿਆ ਹੋਣ ਤੋਂ ਬਾਅਦ ਉਕਤ ਭਰਤੀ ਦਾ ਨਤੀਜਾ ਜਾਰੀ ਕਰਨ ’ਤੇ ਮਾਨਯੋਗ ਹਾਈਕੋਰਟ ਵੱਲੋਂ ਰੋਕ ਲਗਾਈ (ਸਟੇਅ) ਹੋਣ ਕਾਰਨ ਨਤੀਜਾ ਜਾਰੀ ਨਹੀ ਹੋ ਸਕਿਆ। ਉਸ ਤੋਂ ਬਾਅਦ ਜੇਕਰ ਇਨ੍ਹਾਂ ਬੇਰੁਜਗਾਰ ਉਮੀਦਵਾਰਾਂ ਨੇ ਆਪਣੀਆਂ ਜੇਬਾਂ ਵਿੱਚੋਂ ਫੰਡ ਇਕੱਠਾ ਕਰਕੇ ਨਤੀਜਾ ਜਾਰੀ ਕਰਨ ’ਤੇ ਲੱਗੀ ਰੋਕ ਖਤਮ ਕਰਵਾਈ। ਜਿਸ ਤੋਂ ਬਾਅਦ ਵਿਭਾਗ ਨੇ ਨਤੀਜਾ ਜਾਰੀ ਕਰ ਦਿੱਤਾ ਤੇ ਸਕਰੂਟਨੀ ਵੀ ਕਰਵਾ ਲਈ ਜੋ 4 ਅਗਸਤ 2023 ਨੂੰ ਪੂਰੀ ਹੋ ਚੁੱਕੀ ਹੈ। ਪਰ ਅੱਜ ਸਕਰੂਟਨੀ ਖਤਮ ਹੋਣ ਦੇ 20 ਦਿਨ ਬੀਤਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਨੇ ਉਮੀਦਵਾਰਾਂ ਦੀਆਂ ਲਿਸਟਾਂ ਤੱਕ ਜਾਰੀ ਨਹੀ ਕੀਤੀਆਂ। ਜਿਸ ਕਾਰਨ ਉਮੀਦਵਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਆਗੂਆਂ ਦੀ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 30 ਅਗਸਤ 2023 ਨੂੰ ਮੀਟਿੰਗ ਹੋਣੀ ਤੈਅ ਕੀਤੀ ਹੋਈ ਹੈ। ਜੇਕਰ ਉਸ ਮੀਟਿੰਗ ਵਿੱਚ ਭਰਤੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਸਬੰਧੀ ਕੋਈ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ ਈਟੀਟੀ ਟੈਟ ਪਾਸ ਬੇਰੁਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਆਗੂ ਬਲਿਹਾਰ ਬੱਲੀ ਤੇ ਜਸਪ੍ਰੀਤ ਸਿੰਘ ਮਾਨਸਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਿਛਲੇ ਸਮੇਂ ਦੌਰਾਨ ਜੋ ਵੀ ਮਾਸਟਰ ਕਾਡਰ ਅਤੇ ਈਟੀਟੀ ਕਾਡਰ ਦੀਆਂ ਭਰਤੀਆਂ ਪੂਰੀਆਂ ਹੋਈਆਂ ਹਨ ਉਹ ਸਭ ਸੰਘਰਸ਼ ਕਰਨ ’ਤੇ ਹੀ ਨੇਪਰੇ ਚੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਈਟੀਟੀ ਕਾਡਰ ਚੁੱਪ ਨਹੀ ਬੈਠੇਗਾ, ਆਪਣੇ ਹੱਕ ਲੈਣ ਲਈ ਸ਼ੜਕਾਂ ’ਤੇ ਉਤਰੇਗਾ।
