ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ ਦੇ ਸੁਪਰਸਪੈਸ਼ਲਿਟੀ ਬਲਾਕ ਦਾ ਅਚਨਚੇਤ ਦੌਰਾ

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ ਦੇ ਸੁਪਰਸਪੈਸ਼ਲਿਟੀ ਬਲਾਕ ਦਾ ਅਚਨਚੇਤ ਦੌਰਾ
-ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਹੋਵੇਗੀ ਭਰਤੀ, ਮਰੀਜਾਂ ਨੂੰ ਕਾਰਪੋਰੇਟ ਹਸਪਤਾਲਾਂ ਤੋਂ ਵੀ ਬਿਹਤਰ ਮੈਡੀਕਲ ਸੇਵਾਵਾਂ ਮਿਲਣਗੀਆਂ
-ਕਿਹਾ ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ‘ਚ ਸ਼ੁਮਾਰ ਹੋਵੇਗਾ
ਪਟਿਆਲਾ, 25 ਅਗਸਤ:
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸ਼ਾਮ ਇੱਥੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਬਲਾਕ ਦਾ ਅਚਨਚੇਤ ਦੌਰਾ ਕਰਕੇ ਇਸ ਨੂੰ ਕਾਰਪੋਰੇਟ ਹਸਪਤਾਲਾਂ ਤੋਂ ਬਿਹਤਰ ਬਣਾਉਣ ਲਈ ਤਜਵੀਜ ਬਣਾਉਣ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਬਲਾਕ ਨੂੰ ਮੈਡੀਕਲ ਖੇਤਰ ਦੀ ਉਘੀ ਸੰਸਥਾ ਬਣਾ ਕੇ ਟੀਚਰ ਟ੍ਰੇਨਿੰਗ ਇੰਸਟੀਚਿਊਟ ਵਜੋਂ ਵਿਕਸਤ ਕੀਤਾ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲਵਾ ਖੇਤਰ ਦੇ ਇਸ ਉੱਘੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਸੁਪਰਸਪੈਸ਼ਲਿਟੀ ਬਲਾਕ ਵਿਖੇ ਲੋਕਾਂ ਨੂੰ ਮਰੀਜਾਂ ਨੂੰ ਨਿਜੀ ਖੇਤਰ ਦੇ ਹਸਪਤਾਲਾਂ ਤੋਂ ਵੀ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਵਿਭਾਗ ਚਾਲੂ ਕਰਨ ਲਈ ਸ਼ੂਗਰ, ਥਾਇਰਾਇਡ, ਪੇਟ ਦੀਆਂ ਬਿਮਾਰੀਆਂ ਤੇ ਨਿਊਰੋ ਫਿਜ਼ੀਸ਼ੀਅਨ ਡਾਕਟਰਾਂ ਲਈ ਵਾਕ ਇੰਨ ਇੰਟਰਵਿਊ ਕਰਨ ਸਮੇਤ ਪੀ.ਜੀ.ਆਈ ਤੇ ਏਮਜ਼ ਵਰਗੇ ਅਦਾਰਿਆਂ ਤੋਂ ਕੈਂਪਸ ਪਲੇਸਮੈਂਟ ਕਰਕੇ ਸਾਰੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਰਾਜਿੰਦਰਾ ਹਸਪਤਾਲ ਦੇ ਹਰੇਕ ਵਿਭਾਗ ਦੀ ਹਰ ਹਫ਼ਤੇ ਮੀਟਿੰਗ ਲੈਣਗੇ ਜਦਕਿ ਮੈਡੀਕਲ ਸਿੱਖਿਆ ਦੇ ਵਧੀਕ ਸਕੱਤਰ ਰਾਹੁਲ ਗੁਪਤਾ ਅਤੇ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ ਨੂੰ ਇੱਥੇ ਘੱਟੋ-ਘੱਟ ਤਿੰਨ ਦਿਨ ਆਕੇ ਇਸ ਦੇ ਸੁਧਾਰ ਹਿਤ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਪਰ ਸਪੈਸ਼ਲਿਟੀ ਬਲਾਕ ਵਿਖੇ ਸੈਂਟਰਲ ਏ.ਸੀ. ਦੀ ਖਰਾਬੀ ਇੱਕ ਹਫ਼ਤੇ ਵਿੱਚ ਠੀਕ ਕਰਵਾ ਦਿੱਤੀ ਜਾਵੇਗੀ। ਇਥੇ ਸਕਿਉਰਿਟੀ, ਸਫ਼ਾਈ ਸੇਵਕ ਅਤੇ ਵਾਰਡ ਅਟੈਂਡੈਂਟ ਪੂਰੇ ਕਰਨ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਬਾਅਦ ਵਿੱਚ ਨਾਲ ਮੈਡੀਕਲ ਕਾਲਜ ਵਿਖੇ ਕੀਤੀ ਮੀਟਿੰਗ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਦੇਸ਼ ਦੇ ਮੋਹਰੀ ਮੈਡੀਕਲ ਕਾਲਜਾਂ ਦੀ ਸੂਚੀ ‘ਚ ਸ਼ੁਮਾਰ ਹੋਵੇਗਾ, ਜਿਸ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਲੀਕੀ ਯੋਜਨਾ ‘ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਡਾ. ਸੁਧੀਰ ਵਰਮਾ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਡਾ. ਆਰ.ਪੀ.ਐਸ. ਸਿਬੀਆ, ਕਰਨਲ ਜੇ.ਵੀ. ਸਿੰਘ, ਬਲਵਿੰਦਰ ਸੈਣੀ, ਡਾ. ਵਿਸ਼ਾਲ ਚੋਪੜਾ, ਦਿਲ ਦੇ ਰੋਗਾਂ ਦੇ ਮਾਹਰ ਡਾ. ਸੌਰਵ ਕੁਮਾਰ, ਨਿਊਰੋਸਰਜਨ ਡਾ. ਹਰੀਸ਼ ਕੁਮਾਰ ਤੋਂ ਇਲਾਵਾ ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
