Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਹਿਮਾਚਲ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ 'ਬਿਲਾਸਪੁਰੀ' ਦੀ ਸਭ ਤੋਂ ਵਧੇਰੇ ਨੇੜਤਾ ਹੈ ਪੰਜਾਬੀ ਭਾਸ਼ਾ ਨਾਲ਼ : ਪੰਜਾਬੀ ਯੂਨੀਵਰਸਿਟੀ ਦੀ ਖੋਜ

ਦੁਆਰਾ: Punjab Bani ਪ੍ਰਕਾਸ਼ਿਤ :Sunday, 13 August, 2023, 05:47 PM

ਹਿਮਾਚਲ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ ‘ਬਿਲਾਸਪੁਰੀ’ ਦੀ ਸਭ ਤੋਂ ਵਧੇਰੇ ਨੇੜਤਾ ਹੈ ਪੰਜਾਬੀ ਭਾਸ਼ਾ ਨਾਲ਼ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
‘ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਖੇਤਰ ਵਿੱਚ ਬੋਲੀ ਜਾਂਦੀ ਭਾਸ਼ਾ ‘ਬਿਲਾਸਪੁਰੀ’ ਦੀ ਪੰਜਾਬੀ ਭਾਸ਼ਾ ਨਾਲ ਬਹੁਤ ਜਿ਼ਆਦਾ ਨੇੜਤਾ ਹੈ। ਇਸ ਦੀਆਂ ਬਹੁਤ ਸਾਰੀਆਂ ਭਾਸ਼ਾਈ ਵਿਲੱਖਣਤਾਵਾਂ ਪੰਜਾਬੀ ਭਾਸ਼ਾ ਦੀਆਂ ਭਾਸ਼ਾਈ ਵਿਲੱਖਣਤਾਵਾਂ ਨਾਲ਼ ਮੇਲ ਖਾਂਦੀਆਂ ਹਨ।’
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਹੋਈ ਇੱਕ ਤਾਜ਼ਾ ਖੋਜ ਵਿੱਚ ਇਹ ਨੁਕਤੇ ਸਾਹਮਣੇ ਆਏ। ‘ਬਿਲਾਸਪੁਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ’ ਵਿਸ਼ੇ ਉੱਤੇ ਇਹ ਖੋਜ-ਕਾਰਜ ਡਾ. ਬਲਦੇਵ ਸਿੰਘ ਚੀਮਾ ਦੀ ਨਿਗਰਾਨੀ ਵਿੱਚ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ।
ਡਾ. ਬਲਦੇਵ ਸਿੰਘ ਚੀਮਾ ਨੇ ਦੱਸਿਆ ਕਿ ਬਿਲਾਸਪੁਰੀ ਇੱਕ ਉਪਭਾਸ਼ਾਈ ਵੰਨਗੀ ਹੈ। ਇਹ ਪੰਜਾਬੀ ਦੀ ਤਰ੍ਹਾਂ ਸੁਰਾਤਮਕ ਭਾਸ਼ਾਈ ਵੰਨਗੀ ਹੈ। ਪੰਜਾਬ ਵੰਡ ਤੋਂ ਪਹਿਲਾਂ ਇਹ ਖੇਤਰ ਪੰਜਾਬ ਦਾ ਹੀ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਆਧੁਨਿਕਤਾ ਦੇ ਪ੍ਰਭਾਵ ਕਾਰਨ ਇਸ ਖੇਤਰ ਵਿੱਚ ਬਹੁਤ ਸਾਰੇ ਲੋਕ ਹਿੰਦੀ ਬੋਲਣ ਲੱਗ ਪਏ ਹਨ ਪਰ ਪੇਂਡੂ ਖੇਤਰਾਂ ਵਿੱਚ ਬੱਚੇ ਅਤੇ ਬਜ਼ੁਰਗ ਹਾਲੇ ਵੀ ਬਿਲਾਸਪੁਰੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਦਵਾਨ ਇਸ ਭਾਸ਼ਾ ਨੂੰ ਲੈ ਕੇ ਵੱਖ-ਵੱਖ ਵਿਚਾਰ ਰਖਦੇ ਹਨ। ਜਿੱਥੇ ਕੁੱਝ ਵਿਦਵਾਨਾਂ ਵੱਲੋਂ ਇਸ ਨੂੰ ਹਿੰਦੀ ਭਾਸ਼ਾ ਦਾ ਹਿੱਸਾ ਜਾਂ ਕੁੱਝ ਹੋਰਨਾਂ ਵੱਲੋਂ ਕਈ ਭਾਸ਼ਾਵਾਂ ਦਾ ਸੁਮੇਲ ਦੱਸਿਆ ਗਿਆ ਹੈ ਉੱਥੇ ਹੀ ਮੀਆਂ ਗੋਵਰਧਨ ਸਿੰਘ , ਆਰ. ਕੇ. ਸ਼ੁਕਲਾ, ਮਨਸਾ ਰਾਮ ਸ਼ਰਮਾ, ਸਤੀਸ਼ ਕਸ਼ਯਮ, ਡਾ. ਜਤਿੰਦਰ ਸਿੰਘ ਅਤੇ ਨੀਲਮ ਮਲਹੋਤਰਾ ਜਿਹੇ ਵਿਦਵਾਨਾਂ ਨੇ ਇਸ ਨੂੰ ਪੰਜਾਬੀ ਭਾਸ਼ਾ ਦੀ ਸ਼ਾਖਾ ਮੰਨਿਆ ਹੈ। ਗ੍ਰੀਅਰਸਨ ਵੱਲੋਂ 1916 ਦੌਰਾਨ ਪੇਸ਼ ਕੀਤੀ ਰਿਪੋਰਟ ‘ਲਿੰਗੁਇਸਟਕਸ ਸਰਵੇਅ ਆਫ਼ ਇੰਡੀਆ’ ਵਿੱਚ ਵੀ ਬਿਲਾਸਪੁਰੀ ਨੂੰ ਪੰਜਾਬ ਦੇ ਹੁਸਿ਼ਆਰਪੁਰ ਵਿੱਚ ਬੋਲੀ ਜਾਂਦੀ ਬੋਲੀ ਨਾਲ਼ ਮੇਲ ਖਾਂਦੀ ਦੱਸਿਆ ਗਿਆ ਸੀ। ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਧਾਰਨਾਵਾਂ ਦੀ ਅਸਲ ਸਚਾਈ ਜਾਣਨ ਲਈ ਇਹ ਖੋਜ ਕੀਤੀ ਗਈ ਜਿਸ ਵਿੱਚ ਇਸ ਇਲਾਕੇ ਦੀ ਬੋਲੀ ਦੀਆਂ ਭਾਸ਼ਾਈ ਵਿਲੱਖਣਤਾਵਾਂ ਦਾ ਕੋਸ਼ ਵਿਗਿਆਨਕ ਅਧਿਐਨ ਕਰਦਿਆਂ ਇਸ ਨਤੀਜੇ ਉੱਤੇ ਪੁੱਜਿਆ ਗਿਆ ਕਿ ਸੱਚਮੁੱਚ ਬਿਲਾਸਪੁਰੀ ਭਾਸ਼ਾ ਦੀ ਪੰਜਾਬੀ ਭਾਸ਼ਾ ਨਾਲ਼ ਨੇੜਤਾ ਕਿਸੇ ਵੀ ਹੋਰ ਭਾਸ਼ਾ ਨਾਲੋਂ ਵਧੇਰੇ ਅਤੇ ਤਰਕਸੰਗਤ ਹੈ।
ਉਨ੍ਹਾਂ ਦੱਸਿਆ ਕਿ ਬਿਲਾਸਪੁਰੀ ਭਾਸ਼ਾ ਬੇਸ਼ਕ ਆਪਣੇ ਅੰਦਰ ਕਈ ਭਾਸ਼ਾਵਾਂ ਦੀ ਸ਼ਬਦਾਵਲੀ ਸਮੋਈ ਬੈਠੀ ਹੈ ਪਰ ਖਿੱਤੇ, ਧੁਨੀ-ਪ੍ਰਬੰਧ, ਸ਼ਬਦ-ਸ਼੍ਰੇਣੀਆਂ ਅਤੇ ਸ਼ਬਦਾਵਲੀ ਦਾ ਅਧਿਐਨ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਇਹ ਦੂਜੀਆਂ ਭਾਸ਼ਾਵਾਂ ਨਾਲੋਂ ਪੰਜਾਬੀ ਭਾਸ਼ਾ ਦੇ ਜਿ਼ਆਦਾ ਨੇੜੇ ਹੈ। ਅਜੋਕੇ ਸਮੇਂ ਬਿਲਾਸਪੁਰ ਖੇਤਰ ਦੇ ਸਕੂਲਾਂ ਵਿੱਚ ਹਿੰਦੀ ਦਾ ਪ੍ਰਯੋਗ ਜਿ਼ਆਦਾ ਹੋ ਰਿਹਾ ਹੈ। ਸ਼ਹਿਰੀ ਬੱਚੇ ਹਿੰਦੀ ਦਾ ਪ੍ਰਯੋਗ ਹੀ ਵਧੇਰੇ ਕਰ ਰਹੇ ਹਨ ਪਰ ਸਧਾਰਨ ਪੇਂਡੂ ਬੱਚੇ ਹਾਲੇ ਆਪਣੇ ਸਕੇ-ਸੰਬੰਧੀਆਂ ਅਤੇ ਆਪਸ ਵਿੱਚ ਗੱਲਬਾਤ ਕਰਨ ਲਈ ਬਿਲਾਸਪੁਰੀ ਭਾਸ਼ਾ ਦੀ ਵਰਤੋਂ ਕਰਦੇ ਹਨ।
ਖੋਜਾਰਥੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖੋਜ ਦੌਰਾਨ ਬਿਲਾਸਪੁਰੀ ਭਾਸ਼ਾ ਦੀਆਂ ਬਹੁਤ ਸਾਰੀਆਂ ਭਾਸ਼ਾਈ ਵਿਲੱਖਣਤਾਵਾਂ ਨੂੰ ਵੇਖਿਆ ਪਰਖਿਆ ਗਿਆ ਜਿਸ ਤੋਂ ਪ੍ਰਾਪਤ ਨਤੀਜਿਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਪੰਜਾਬੀ ਭਾਸ਼ਾ ਦੇ ਹੀ ਸਭ ਤੋਂ ਨੇੜੇ ਦੀ ਭਾਸ਼ਾ ਹੈ। ਉਨ੍ਹਾਂ ਦੱਸਿਆ ਕਿ /ਹ/ ਧੁਨੀ ਪੰਜਾਬੀ ਦੀ ਤਰ੍ਹਾਂ ਸਵਰ ਵਿੱਚ ਪ੍ਰਵਰਤਿਤ ਹੋ ਜਾਂਦੀ ਹੈ। ਜਿਵੇਂ ‘ਹੱਸਣਾ’ ਨੂੰ ‘ਅਸਣਾ’, ‘ਹੱਥ’ ਨੂੰ ‘ਅੱਥ’, ‘ਜਿਹਾ’ ਨੂੰ ‘ਜਿਆ’, ‘ਕੁਹਾੜਾ’ ਨੂੰ ‘ਕੁਆੜਾ’ ਅਤੇ ‘ਹਿੰਮਤ’ ਨੂੰ ‘ਇੰਮਤ’ ਕਹਿ ਲਿਆ ਜਾਂਦਾ ਹੈ। ਕੁੱਝ ਵਿਅੰਜਨ ਜੋ ਪੰਜਾਬੀ ਦੀਆਂ ਉਪ ਭਾਸ਼ਾਵਾਂ ਪੁਆਧੀ ਅਤੇ ਮਲਵਈ ਵਿੱਚ ਸ਼ਬਦ ਦੇ ਅੱਗੇ ਲੱਗ ਕੇ ਵਰਤੇ ਜਾਂਦੇ ਹਨ ਉਹ ਬਿਲਾਸਪੁਰੀ ਵਿੱਚ ਵੀ ਹਨ ਜਿਵੇਂ ‘ਉਣਾਹਟ’ ਨੂੰ ‘ਣਾਹਟ’ ਅਤੇ ‘ਉਣੱਤਰ’ ਨੂੰ ‘ਣੱਤਰ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਵਰ ਅਤੇ ਮਾਤਰਾ ਦੇ ਅਲੋਪ ਹੋਣ ਦੀ ਰਵਾਇਤ ਵੀ ਪੰਜਾਬੀ ਭਾਸ਼ਾ ਵਾਂਗ ਹੀ ਹੈ ਜਿਸ ਅਨੁਸਾਰ ‘ਇਰਾਦਾ’ ਨੂੰ ‘ਰਾਦਾ’, ‘ਅੰਗੂਠੀ’ ਨੂੰ ‘ਗੂਠੀ’, ‘ਫ਼ਾਇਦਾ’ ਨੂੰ ‘ਫ਼ੈਦਾ’, ‘ਕਿਤਾਬ’ ਨੂੰ ‘ਕਤਾਬ’, ‘ਹਿਸਾਬ’ ਨੂੰ ‘ਹਸਾਬ’, ‘ਸਾਈਕਲ’ ਨੂੰ ‘ਸੈਕਲ’ ਕਹਿ ਲਿਆ ਜਾਂਦਾ ਹੈ। ਵਿਆਕਰਣ ਦੇ ਪੱਧਰ ਉੱਤੇ ‘ਪਰ’, ‘ਜੇ’, ‘ਤਦ’, ‘ਜੇਕਰ’, ‘ਵਿੱਚ’ ਯੋਜਕੀ ਸ਼ਬਦ ਬਿਲਾਸਪੁਰੀ ਵਿੱਚ ਪੰਜਾਬੀ ਦੀ ਤਰ੍ਹਾਂ ਹੀ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਵਿਸਮਿਕ ਭਾਵਾਂ ਲਈ ਵਰਤੇ ਜਾਂਦੇ ਸ਼ਬਦ ‘ਹਾਏ’, ‘ਹਲਾ’, ‘ਹਜੂਰ’, ‘ਬੱਲੇ’, ‘ਵਾਹ’ ਵੀ ਪੰਜਾਬੀ ਨਾਲ਼ ਹੀ ਮੇਲ ਖਾਂਦੇ ਹਨ। /ਭ, ਘ, ਝ, ਢ, ਧ/ ਸਘੋਸ਼ ਮਹਾਪ੍ਰਾਣ ਧੁਨੀਆਂ ਬਿਲਾਸਪੁਰੀ ਭਾਸ਼ਾ ਵਿੱਚ ਪੰਜਾਬੀ ਦੀ ਤਰ੍ਹਾਂ ਸੁਰ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਵਾਈਸ ਚਾਂਸਲਰ ਪ੍ਰੋ ਅਰਵਿੰਦ ਨੇ ਇਸ ਸੰਬੰਧੀ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਮੂਲ ਮੰਤਵ ਅਨੁਸਾਰ ਅਜਿਹੀਆਂ ਖੋਜਾਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਦੀ 2011 ਦੀ ਰਿਪੋਰਟ ਉੱਤੇ ਨਜ਼ਰ ਮਾਰਦਿਆਂ ਖੇਤਰੀ ਭਾਸ਼ਾਵਾਂ ਦੇ ਲੋਪ ਹੋਣ ਦਾ ਜਿਹੜਾ ਖ਼ਦਸ਼ਾ ਸਾਡੇ ਮਨ ਵਿੱਚ ਉੱਭਰਦਾ ਹੈ ਉਸ ਨੂੰ ਠੱਲ੍ਹ ਪਾਉਣ ਲਈ ਅਜਿਹੇ ਖੋਜ ਕਾਰਜ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।



Scroll to Top