ਤਿਰੰਗਾ ਐਲਈਡੀ ਲੜੀਆਂ ਅਤੇ ਹਾਈਮਸਟ ਲਾਇਟਾਂ ਨਾਲ ਪਟਿਆਲਾ ਸ਼ਹਿਰ ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ
ਤਿਰੰਗਾ ਐਲਈਡੀ ਲੜੀਆਂ ਅਤੇ ਹਾਈਮਸਟ ਲਾਇਟਾਂ ਨਾਲ ਪਟਿਆਲਾ ਸ਼ਹਿਰ ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ
-ਸ਼ਹਿਰ ਨੂੰ ਖ਼ੁਬਸੂਰਤ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਏਗੀ-ਵਿਧਾਇਕ ਕੋਹਲੀ
ਪਟਿਆਲਾ 12 ਅਗਸਤ:
ਸ਼ਾਹੀ ਸਹਿਰ ਪਟਿਆਲਾ ਅੱਜ ਕੱਲ੍ਹ ਰਾਤ ਵੇਲੇ ਆਜ਼ਾਦੀ ਰੰਗ ਵਿਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਹਰ ਐਂਟਰੀ ਪੁਆਇੰਟ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵਿਚਕਾਰ ਤੱਕ ਇਹ ਅਜਾਦੀ ਰੰਗ ਦੀ ਝਲਕ ਪਾ ਰਹੀਆਂ ਐਲਈਡੀ ਲੜੀਆਂ ਨਜਰ ਆ ਰਹੀਆਂ ਹਨ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਦੂਰ ਅੰਦੇਸੀ ਸੋਚ ਅਤੇ ਖੁਦ ਨਿੱਜੀ ਦਿਲਚਸਪੀ ਲੈ ਕੇ ਤਿਆਰ ਕੀਤਾ ਫੁਹਾਰਾ ਚੌਂਕ ਅਲੱਗ ਹੀ ਝਲਕ ਦੇ ਰਿਹਾ ਹੈ। ਇਸ ਚੌਂਕ ਦੇ ਤਿੰਨ ਫਲੋਰ ਅਲੱਗ ਅਲੱਗ ਦੇਸ਼ ਦੇ ਤਿਰੰਗੇ ਦੇ ਰੰਗਾਂ ਵਾਂਗ ਪਾਣੀ ਸੁੱਟਦੇ ਹਨ। ਖਾਸ ਕਰ ਫੁਹਾਰਾ ਚੌਂਕ ਇੱਕ ਸੈਲਫ਼ੀ ਪੁਆਇੰਟ ਵੀ ਬਣ ਗਿਆ ਹੈ, ਆਜ਼ਾਦੀ ਦਿਹਾੜੇ ਦੀ ਖ਼ੁਸ਼ੀ ਬਖੇਰ ਰਹੇ ਫ਼ੁਹਾਰਾ ਚੌਂਕ ਨੇੜੇ ਰਾਹਗੀਰ ਸੈਲਫੀ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰ ਰਹੇ ਹਨ।
ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ਦੇ ਵਿਚਕਾਰ ਲੱਗੀਆਂ ਸਟਰੀਟ ਲਾਇਟਾਂ ਦੇ ਖੰਭਿਆ ਉਪਰ ਵਿਸ਼ੇਸ਼ ਤਿੰਨ ਰੰਗਾਂ ਦੀਆਂ ਐਲਈਡੀ ਲੜੀਆ ਲਗਾਈਆਂ ਗਈਆਂ ਹਨ, ਸ਼ਹਿਰ ਦੇ ਮੁੱਖ ਚੌਂਕਾਂ ਵਿਚ ਹਾਈਮਸਟ ਲਾਈਟਾਂ ਦਿਨ ਚੜ੍ਹਨ ਦਾ ਭੁਲੇਖਾ ਪਾਉਂਦੀਆਂ ਹਨ। ਇਹ ਲਾਈਟਾਂ ਉਨ੍ਹਾਂ ਖਾਸ ਚੌਂਕਾਂ ਵਿੱਚ ਲਗਾਈਆਂ ਗਈਆਂ ਹਨ, ਜਿਨ੍ਹਾਂ ਨੇੜੇ ਚੋਰੀ ਹੋਣ ਦਾ ਖ਼ਤਰਾ ਸੀ,ਇੱਥੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਤਾਂਕਿ ਹਾਈਮਸਟ ਲਾਈਟਾਂ ਦੀ ਰੌਸ਼ਨੀ ਵਿੱਚ ਲੋਕਾਂ ਦੇ ਵਾਹਨ ਤੇ ਹੋਰ ਕਿਸੇ ਤਰ੍ਹਾਂ ਦੀ ਚੋਰੀ ਦੀ ਕੋਈ ਵਾਰਦਾਤ ਨਾ ਵਾਪਰੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਮੌਕੇ ਤਿਰੰਗਾ ਝੰਡਾ ਲਹਿਰਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕਰੀਬ 50 ਲੱਖ ਰੁਪਏ ਬਜਟ ਨਾਲ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਗਿਆ ਹੈ ਤਾਂ ਕਿ ਸਾਡਾ ਸ਼ਾਹੀ ਸ਼ਹਿਰ ਪਟਿਆਲਾ ਦੀ ਆਜ਼ਾਦੀ ਦਿਹਾੜੇ ਮੌਕੇ ਵੱਖਰੀ ਹੀ ਦਿੱਖ ਵਿਚ ਨਜ਼ਰ ਆਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ, ਸਨੌਰ ਰੋਡ ਨੇੜੇ ਭੂਤਨਾਥ ਮੰਦਰ, ਬਡੂੰਗਰ ਮੜੀਆਂ, ਲਹਿਲ ਚੌਂਕ, ਥਾਪਰ ਯੂਨੀਵਰਸਿਟੀ, ਸੰਗਰੂਰ ਰੋਡ, ਰਾਜਿੰਦਰਾ ਹਸਪਤਾਲ, ਪੰਜਾਬੀ ਬਾਗ, ਜ਼ਿਲ੍ਹਾ ਅਦਾਲਤ, ਜੇਲ੍ਹ ਰੋਡ ਤ੍ਰਿਪੜੀ, ਸੂਲਰ ਪੁਲੀ, ਨਾਭਾ ਰੋਡ ਆਈਟੀਆਈ ਚੌਂਕ, ਸ਼ੀਸ਼ ਮਹਿਲ ਚੌਂਕ, ਲੱਕੜ ਮੰਡੀ, ਸਨੌਰੀ ਅੱਡਾ, ਵੱਡੀ ਬਾਰਾਂਦਰੀ ਅਤੇ ਫੁਹਾਰਾ ਚੌਂਕ ਨੇੜੇ ਇਹ ਹਾਈਮਸਟ ਲਾਇਟਾਂ ਲਗਾਈਆਂ ਗਈਆਂ ਹਨ।
ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿਚ ਰਾਤ ਸਮੇਂ ਲੋਕਾਂ ਨੂੰ ਚੌਂਕਾਂ ਵਿਚ ਹਨੇਰੇ ਕਾਰਨ ਕਈ ਵਾਰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾਂ ਸੀ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਇਨ੍ਹਾਂ ਲਾਈਟਾਂ ਦੀ ਰੋਸ਼ਨੀ ਕਾਫੀ ਦੂਰ-ਦੂਰ ਤੱਕ ਜਾਂਦੀ ਹੈ ਅਤੇ ਖਾਸ ਕਰ ਪੈਦਲ ਤੇ ਸਾਇਕਲ ਚਾਲਕਾਂ ਨੂੰ ਰਾਤ ਸਮੇਂ ਇਨ੍ਹਾਂ ਚੌਂਕਾਂ ਉਤੇ ਕੋਈ ਦਿੱਕਤ ਨਹੀਂ ਆਉਦੀਂ।
ਵਿਧਾਇਕ ਕੋਹਲੀ ਨੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਸਾਡਾ ਪੰਜਾਬ ਇਕ ਵੱਖਰੇ ਰੰਗ ਵਿਚ ਨਜ਼ਰ ਆਵੇ, ਉਨ੍ਹਾਂ ਦੀ ਸਹੀ ਸੋਚ ਉਪਰ ਪਹਿਰਾ ਦਿੰਦਿਆ ਇਹ ਤਿਰੰਗਾ ਲਾਇਟਾਂ ਲੜੀਆਂ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਤਿਰੰਗਾ ਐਲਈਡੀ ਲਾਇਟਾਂ ਰਾਤ ਸਮੇਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
ਵਿਧਾਇਕ ਨੇ ਕਿਹਾ ਕਿ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਖਾਸ ਕਰ ਬਾਹਰੋਂ ਆੳਣ ਵਾਲੇ ਹਰ ਵਿਅਕਤੀ ਲਈ ਖਿੱਚ ਦਾ ਕੇਂਦਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਏਗੀ।