ਕਿਸਾਨ ਅੰਦੋਲਨ 2020-21 ਸੰਬੰਧੀ ਇੱਕ ਸਮਾਗਮ ਕਰਵਾਇਆ
ਕਿਸਾਨ ਅੰਦੋਲਨ 2020-21 ਸੰਬੰਧੀ ਇੱਕ ਸਮਾਗਮ ਕਰਵਾਇਆ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ’ ਦੇ ਸਹਿਯੋਗ ਨਾਲ ਭਾਰਤੀ ਕਿਸਾਨ ਅੰਦੋਲਨ 2020-21 ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਸਭਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਭਾਰਤੀ ਕਿਸਾਨ ਅੰਦੋਲਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਭਾਰਤੀ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੱਕ ਲਘੂ ਡਾਕੂਮੈਂਟਰੀ ਫ਼ਿਲਮ ‘ਜੰਗ ਜਿੱਤਾਂਗੇ ਜ਼ਰੂਰ’ ਦਿਖਾਈ ਗਈ। ਪ੍ਰੋਗਰਾਮ ਦੇ ਮੁੱਖ ਵਕਤਾ ਡਾ. ਸੁਖਵਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ, ਕੰਪਿਊਟਰ ਅਤੇ ਇੰਜੀਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ‘ਕਿਸਾਨੀ ਅੰਦੋਲਨ : ਸੰਵਾਦ ਤੇ ਸਨਮਾਨ’ ਵਿਸ਼ੇ ਉੱਤੇ ਆਪਣਾ ਵਿਸ਼ੇਸ਼ ਭਾਸ਼ਣ ਪ੍ਰਸਤੁਤ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਅਤੇ ਇਸ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਭਲਾਈ ਹਿੱਤ ‘ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ’ ਵੱਲੋਂ ਕੀਤੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ‘ਕਿਸਾਨ ਸਹਿਯੋਗ ਮਿਸ਼ਨ’ ਤਹਿਤ ਪਰਿਵਾਰਾਂ ਨੂੰ ਮੁੜ ਪੈਰਾਂ ਉੱਤੇ ਖੜ੍ਹੇ ਕਰਨ ਲਈ, ਕਾਰੋਬਾਰ ਸਥਾਪਿਤ ਕਰਨ ਵਿੱਚ ਸਹਿਯੋਗ, ਮਰੀਜ਼ਾਂ ਦੀ ਦੇਖਭਾਲ ਲਈ ਮਾਇਕ ਸਹਿਯੋਗ, ਬੱਚਿਆਂ ਦੀ ਪੜ੍ਹਾਈ ਲਈ ਫੀਸ ਵਿੱਚ ਮਾਇਕ ਸਹਿਯੋਗ ਆਦਿ ਵੱਖ-ਵੱਖ ਢੰਗਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਬ੍ਰਿਜਪਾਲ ਸਿੰਘ, ਜੋ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਤੋਂ ਪ੍ਰੋਫ਼ੈਸਰ ਵਜੋਂ ਸੇਵਾਮੁਕਤ ਹੋਏ ਹਨ, ਉਹਨਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਜੀਵਨ ਵਿੱਚ ਕਿਸਾਨੀ ਦਾ ਕਾਰਜ ਕੀਤਾ। ਉਹਨਾਂ ਕਿਸਾਨੀ ਜੀਵਨ ਦੀ ਉੱਤਮਤਾ ਨੂੰ ਬਿਆਨ ਕੀਤਾ ਅਤੇ ਅਧਿਆਤਮਿਕਤਾ ਨਾਲ ਇਸਦਾ ਸੰਬੰਧ ਸਥਾਪਿਤ ਕਰਦਿਆਂ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ 1947 ਤੋਂ ਬਾਅਦ ਆਜ਼ਾਦ ਭਾਰਤ ਦਾ ਇਹ ਸਭ ਤੋਂ ਵੱਡਾ ਅੰਦੋਲਨ ਸੀ। ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵਰਗੀਆਂ ਸੰਸਥਾਵਾਂ ਨੂੰ ਸਮਾਜ ਨਾਲ ਸਿੱਧਾ ਜੁੜਨਾ ਚਾਹੀਦਾ ਹੈ। ਇਹ ਅੰਦੋਲਨ ਵਿਸ਼ਵ ਵਰਤਾਰਾ ਸੀ। ਅਸੀਂ ਇਸ ਬਾਰੇ ਪਹਿਲਾਂ ਵੀ ਸੈਮੀਨਾਰ ਅਤੇ ਵਿਚਾਰ ਚਰਚਾ ਕੀਤੀ ਸੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਵਿੱਚ ਪਤਾ ਲੱਗ ਗਿਆ ਕਿ ਦਿੱਲੀ ਵਿੱਚ ਇੱਕ ਕਿਸਾਨ ਮੋਰਚਾ ਲੱਗਿਆ ਸੀ, ਜਿਸ ਵਿੱਚ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਗਈਆਂ। ਅਸੀਂ ਇਸ ਅੰਦੋਲਨ ਵਿੱਚ ਸਿੱਖਿਆ ਕਿ ਅਸੀਂ ਆਪਣਾ ਜੀਵਨ ਆਪਣੇ ਹੱਕ ਅਤੇ ਢੰਗ ਨਾਲ ਚਲਾਈਏ। ਪਰ ਜ਼ਿਆਦਾ ਨਿਰਭਰਤਾ ਖਾਦਾਂ ਆਦਿ ਬਾਹਰ ਦੀ ਹੈ ਅਤੇ ਇਸ ਵਿੱਚੋਂ ਸਾਨੂੰ ਨਿਕਲਣਾ ਪੈਣਾ ਹੈ। ਸਾਡੇ ਬੀਜ ਖੋਹ ਲਏ ਹਨ। ਸਾਨੂੰ ਆਪਣੇ ਪੈਰਾਂ ਉੱਤੇ ਖਲੋਣਾ ਪੈਣਾ ਹੈ। ਅਸੀਂ ਜੀਵਨ ਦੀ ਇੱਕ ਚੰਗੀ ਸ਼ੈਲੀ ਬਣਾ ਕੇ ਇਸ ਦਾ ਹੱਲ ਲੱਭੀਏ। ਕਿਸਾਨੀ ਅਤੇ ਜੀਵਨ ਆਪਣੇ ਹੱਥਾਂ ਵਿੱਚ ਲਈਏ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਹਨਾਂ ਵਿੱਦਿਅਕ ਅਦਾਰਿਆਂ ਵਿੱਚ ਹੈ ਜੋ ਸਮਾਜ ਨਾਲ ਸਿੱਧਾ ਸੰਬੰਧ ਬਣਾਉਂਦੇ ਹਨ।
ਰਜਿਸਟਰਾਰ ਡਾ. ਨਵਜੋਤ ਕੌਰ ਨੇ ਧੰਨਵਾਦੀ ਸ਼ਬਦ ਆਖਦਿਆਂ ਕਿਹਾ ਕਿ ਸਾਨੂੰ ਆਪਣੇ ਬੱਚੇ ਬਾਹਰ ਨਹੀਂ ਭੇਜਣੇ ਚਾਹੀਦੇ ਬਲਕਿ ਇੱਥੇ ਰਹਿ ਕੇ ਹੀ ਖੇਤੀ ਦੇ ਨਵੇਂ ਢੰਗ ਤਰੀਕੇ ਅਪਣਾ ਕੇ ਵਧੀਆ ਜੀਵਨ ਗੁਜ਼ਾਰਨ ਦੇ ਯਤਨ ਕਰਨੇ ਚਾਹੀਦੇ ਹਨ।
ਪ੍ਰੋਗਰਾਮ ਦੇ ਅਖ਼ੀਰ ਵਿੱਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ ਵੱਲੋਂ ਜ਼ਿਲ੍ਹਾ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਸੰਸਥਾ ਦੇ ਪ੍ਰਾਜੈਕਟ ਮੈਨੇਜਰ ਸਿਮਰਪ੍ਰੀਤ ਸਿੰਘ ਨੇ ਕੀਤਾ ਅਤੇ ਉਹਨਾਂ ਸਮੂਹ ਪੰਜਾਬੀਆਂ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਸੰਸਥਾ, ਲੁਧਿਆਣਾ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਅੰਤ ਵਿੱਚ ਸੰਸਥਾ ਵੱਲੋਂ ਯੂਨੀਵਰਸਿਟੀ ਵਿਖੇ ਕਿਸਾਨਾਂ ਦੀ ਯਾਦ ਵਿੱਚ ਪੌਦਾ ਲਗਾਇਆ ਗਿਆ।