-ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਸਮਾਣਾ ਹਲਕੇ ਦੇ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਸੌਂਪਿਆ ਮੁਆਵਜ਼ਾ
-ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਸਮਾਣਾ ਹਲਕੇ ਦੇ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਸੌਂਪਿਆ ਮੁਆਵਜ਼ਾ
– 94 ਲੋਕਾਂ ਦੇ ਬੈਂਕ ਖਾਤਿਆਂ ‘ਚ ਪਈ 32 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ
-ਹੜ੍ਹਾਂ ਕਰਕੇ ਲੋਕਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਚਨਬੱਧ: ਜੌੜਾਮਾਜਰਾ
-ਕਿਹਾ, ਫ਼ਸਲਾਂ ਦੇ ਖਰਾਬੇ ਦੀ ਵਿਸ਼ੇਸ਼ ਗਿਰਦਾਵਰੀ ਜਾਰੀ, ਮੁਆਵਜ਼ਾ ਵੀ ਜਲਦ ਮਿਲੇਗਾ
ਸਮਾਣਾ, 10 ਅਗਸਤ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਹੜ੍ਹ ਪ੍ਰਭਾਵਿਤ 94 ਲੋਕਾਂ ਨੂੰ ਉਨ੍ਹਾਂ ਦੇ ਨੁਕਸਾਨੇ ਮਕਾਨਾਂ ਦੇ ਮੁਆਵਜ਼ੇ ਵਜੋਂ 32 ਲੱਖ ਰੁਪਏ ਬੈਂਕ ਖਾਤਿਆਂ ‘ਚ ਪਾਉਣ ਦੇ ਦਸਤਾਵੇਜ਼ ਸੌਂਪੇ। ਇਸ ਮੌਕੇ ਜੌੜਾਮਾਜਰਾ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਸੁੱਖ-ਸਾਂਦ ਜਾਣਦਿਆਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਇੱਕ-ਇੱਕ ਪੈਸਾ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਮੁੱਖ ਮੰਤਰੀ ਦੇ ਹੁਕਮਾਂ ‘ਤੇ ਹੜ੍ਹਾਂ ਨਾਲ ਹੋਏ ਫ਼ਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਜਾਰੀ ਹੈ ਤੇ ਇਸਨੂੰ 15 ਅਗਸਤ ਤੱਕ ਮੁਕੰਮਲ ਕਰਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਜਲਦ ਦਿੱਤਾ ਜਾਵੇਗਾ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਮਾਰ ਨੇ ਰਾਜ ਅੰਦਰ ਭਾਰੀ ਨੁਕਸਾਨ ਕੀਤਾ, ਪਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਹੁਕਮਾਂ ‘ਤੇ ਪਹਿਰਾ ਦਿੰਦਿਆਂ ਹੜ੍ਹ ਪੀੜਤਾਂ ਦੀਆਂ ਤਕਲੀਫ਼ਾਂ ਨੂੰ ਘਟਾ ਕੇ ਫ਼ੌਰੀ ਰਾਹਤ ਦੇਣ ਲਈ ਦਿਨ ਰਾਤ ਇੱਕ ਕਰਕੇ ਹੜ੍ਹ ਪੀੜਤਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਡਟ ਕੇ ਖੜ੍ਹੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਐਸ.ਡੀ.ਐਮ. ਚਰਨਜੀਤ ਸਿੰਘ, ਤਹਿਸੀਲਦਾਰ ਲਾਰਸਨ ਸਿੰਗਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।