ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ: ਡਾ ਗੁਰਪ੍ਰੀਤ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ

ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ: ਡਾ ਗੁਰਪ੍ਰੀਤ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ
:ਸਿਹਤ ਕੇਂਦਰ ਕੌਲੀ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਦੌਰਾਨ 109 ਗਰਭਵਤੀ ਔਰਤਾਂ ਦੀ ਜਾਂਚ
ਪਟਿਆਲਾ, 9 ਅਗਸਤ ( ) ਮਾਂ ਦੀ ਸਿਹਤ ਜੇਕਰ ਤੰਦਰੁਸਤ ਹੋਵੇਗੀ ਤਾਂ ਹੀ ਉਸ ਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਗੁਰਪ੍ਰੀਤ ਕੌਰ ਨੇ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਲਗਾਏ ਗਏ ਚੈਕਅੱਪ ਕੈਂਪ ਦੌਰਾਨ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਜਣੇਪੇ ਤੇ ਤੰਦਰੁਸਤ ਰਹਿਣ ਦੇ ਨੁਕਤੇ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ।
ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਸਿਹਤ ਵਿਭਾਗ ਵਲੋ ਜੇਐਸਐਸਕੇ, ਜੇਐਸਵਾਈ, ਸੁਮਨ ਸਮੇਤ ਕਈ ਸਿਹਤ ਪੱਖੀ ਸਕੀਮਾਂ ਚਲਾਈਆਂ ਗਈਆਂ ਹਨ, ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਤੇ ਜਣੇਪੇ ਦੀ ਸਹੂਲਤ, ਗਰਭਵਤੀ ਔਰਤ ਨੂੰ 108 ਨੰਬਰ ਐਬੂਲੈਂਸ ਰਾਹੀਂ ਲਿਆਉਣ ਤੇ ਲਿਜਾਣ ਦੀ ਸੁਵਿਧਾ, ਜਣੇਪੇ ਸਮੇਂ ਰਹਿਣ ਅਤੇ ਖਾਣ ਦੀ ਸੁਵਿਧਾ ਆਦਿ ਦਿੱਤੀ ਜਾਂਦੀ ਹੈ ਤਾਂ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਹੋਵੇ।
ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ (ਆਈਈਸੀ) ਨੇ ਦੱਸਿਆ ਕਿ ਇਸ ਅਭਿਆਨ ਤਹਿਤ ਸਿਹਤ ਕੇਂਦਰ ਕੌਲੀ ਅਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਹਸਨਪੁਰ, ਗੱਜੂਮਾਜਰਾ, ਕੱਲਰਭੈਣੀ, ਕਲਿਆਣ ਅਤੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ 109 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਅਤੇ ਲੈਬਾਰਟਰੀ ਟੈਸਟ ਕੀਤੇ ਗਏ। ਕੈਂਪ ਦੌਰਾਨ ਗਰਭਵਤੀ ਮਾਵਾਂ ਨੂੰ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਫਰੂਟ ਖਾਣ, ਆਇਓਡੀਨ ਯੁੱਕਤ ਨਮਕ, ਦੁੱਧ, ਦਹੀ, ਪਨੀਰ, ਅੰਡੇ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਦ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ।
ਕੈਂਪ ਦੌਰਾਨ ਐਮਓ ਡਾ: ਵਰੁਣਜੀਤ ਕੌਰ ਵੱਲੋਂ ਔਰਤਾਂ ਨੂੰ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ, ਜਿਆਦਾ ਖਤਰੇ ਦੇ ਜਣੇਪੇ ਵਾਲੀਆਂ ਔਰਤਾਂ ਨੂੰ ਜਣੇਪੇ ਸਮੇਂ ਜ਼ਿਲਾ ਪੱਧਰੀ ਹਸਪਤਾਲ ’ਚ ਜਾਣ ਲਈ ਕਿਹਾ ਗਿਆ ਤਾਂ ਜੋਂ ਜਣੇਪੇ ਸਮੇਂ ਜੱਚਾ ਬੱਚਾ ਤੰਦਰੁਸਤ ਰਹਿ ਸਕਣ।ਇਸ ਮੌਕੇ ਸੀਐਚਓ ਮਨਪ੍ਰੀਤ ਕੌਰ, ਮਲਕਪ੍ਰੀਤ ਕੌਰ, ਐਲਟੀ ਇੰਦਰਜੀਤ, ਏਐਨਐਮ ਪਰਮਜੀਤ ਕੌਰ ਸਮੇਤ ਸਟਾਫ ਹਾਜਰ ਸੀ।
