ਡਾ. ਦਮਨਜੀਤ ਸੰਧੂ ਨੇ ਸੰਭਾਲਿਆ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਡੀਨ ਵਜੋਂ ਅਹੁਦਾ

ਪਟਿਆਲਾ, 23 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ (Department of Psychology) ਦੇ ਮੁਖੀ ਅਤੇ ਪ੍ਰੋਫੈਸਰ ਡਾ. ਦਮਨਜੀਤ ਸੰਧੂ ਨੇ ਅੱਜ ਯੂਨੀਵਰਸਿਟੀ (University) ਵਿਖੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ (Directorate of International Affairs) ਦੇ ਡੀਨ ਵਜੋਂ ਅਹੁਦਾ ਸੰਭਾਲ਼ ਲਿਆ ਹੈ । ਬੀਤੇ ਕੱਲ੍ਹ ਉਨ੍ਹਾਂ ਨੂੰ ਇਸ ਅਹੁਦੇ ਉੱਤੇ ਤਾਇਨਾਤ ਕੀਤੇ ਜਾਣ ਸਬੰਧੀ ਆਦੇਸ਼ ਹੋਏ ਸਨ । ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਡਾ. ਜਸਵਿੰਦਰ ਸਿੰਘ ਬਰਾੜ, ਵਿੱਤ ਅਫ਼ਸਰ ਪ੍ਰਮੋਦ ਅੱਗਰਵਾਲ ਅਤੇ ਹੋਰ ਅਧਿਕਾਰੀ ਅਤੇ ਅਧਿਆਪਕ ਸੰਘ ਦੇ ਮੈਂਬਰ ਹਾਜ਼ਰ ਰਹੇ ।
ਪ੍ਰੋ. ਸੰਧੂ ਨਿਭਾ ਚੁੱਕੇ ਹਨ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਵਿੱਚ ਕੋਆਰਡੀਨੇਟਰ ਵਜੋਂ ਸੇਵਾਵਾਂ
ਜ਼ਿਕਰਯੋਗ ਹੈ ਕਿ ਪ੍ਰੋ. ਸੰਧੂ ਪਹਿਲਾਂ ਹੀ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ (Directorate of International Affairs) ਵਿੱਚ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਦੁਨੀਆ ਭਰ ਦੇ ਵੱਖ-ਵੱਖ ਸੰਗਠਨਾਂ ਨਾਲ਼ ਯੂਨੀਵਰਸਿਟੀ ਦੀ ਸਾਂਝੇਦਾਰੀ ਕਾਇਮ ਕਰਨ ਹਿਤ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਸਮੇਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣ ਲਈ ਯਤਨਸ਼ੀਲ ਰਹਿਣਗੇ ।
ਪ੍ਰੋ. ਸੰਧੂ ਮਨੋਵਿਗਿਆਨ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਅਕਾਦਮੀਸ਼ਨ ਹਨ
ਜ਼ਿਕਰਯੋਗ ਹੈ ਕਿ ਪ੍ਰੋ. ਸੰਧੂ ਮਨੋਵਿਗਿਆਨ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਅਕਾਦਮੀਸ਼ਨ ਹਨ ਅਤੇ ਯੂਰਪ, ਆਸਟ੍ਰੇਲੀਆ, ਉੱਤਰੀ ਅਮਰੀਕਾ ਅਤੇ ਥਾਈਲੈਂਡ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਦੇ ਸਹਿਯੋਗ ਨਾਲ ਵਿਆਪਕ ਤੌਰ ਪ੍ਰਕਾਸ਼ਿਤ ਹੋ ਚੁੱਕੇ ਹਨ । ਪ੍ਰੋ. ਸੰਧੂ ਨੇ 15 ਤੋਂ ਵੱਧ ਦੇਸ਼ਾਂ ਵਿੱਚ ਬਾਲ ਅਤੇ ਕਿਸ਼ੋਰ ਮਾਨਸਿਕ ਸਿਹਤ ਅਤੇ ਸਾਈਬਰ ਮਨੋਵਿਗਿਆਨ (Mental health and cyber psychology) ਦੇ ਖੇਤਰ ਵਿੱਚ ਆਪਣਾ ਖੋਜ ਕਾਰਜ ਪੇਸ਼ ਕਰ ਚੁੱਕੇ ਹਨ ਅਤੇ ਬੱਚਿਆਂ ਦੀ ਭਲਾਈ ਅਤੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਉੱਘੇ ਖੋਜ ਸੰਘਾਂ ਦਾ ਹਿੱਸਾ ਹਨ । ਉਹ ਮਾਨਸਿਕ ਸਿਹਤ ਅਤੇ ਔਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਦੇ ਪ੍ਰਸਾਰ ਲਈ ਅਕਸਰ ਵੱਖ-ਵੱਖ ਮੀਡੀਆ ਪਲੇਟਫਾਰਮਾਂ ‘ਤੇ ਦਿਖਾਈ ਦਿੰਦੇ ਹਨ । ਉਨ੍ਹਾਂ ਨੂੰ ਮਾਨਸਿਕ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਲਈ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ ।
