ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ 19ਵਾਂ ਸੈਮੀਨਾਰ ਕਰਵਾਇਆ ਗਿਆ

ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ 19ਵਾਂ ਸੈਮੀਨਾਰ ਕਰਵਾਇਆ ਗਿਆ
ਸਿੱਖ ਧਰਮ ਦੇ ਪ੍ਰਚਾਰ ਪਸਾਰ ਵਿਚ ਸੇਵਾ ਅਤੇ ਲੰਗਰ ਸੰਸਥਾ ਦਾ ਮਿਸਾਲੀ ਯੋਗਦਾਨ : ਖਾਲਸਾ, ਸਰੋਆ
ਪਟਿਆਲਾ 2 ਅਗਸਤ ()
ਬਾਬਾ ਨਿਧਾਨ ਸਿੰਘ ਜੀ ਇੰੱਟਰਨੈਸ਼ਨਲ ਸੁਸਾਇਟੀ ਵੱਲੋਂ ਆਪਣਾ 19ਵਾਂ ਸੈਮੀਨਾਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਕਲਾਂ ਵਿਖੇ ਕਰਵਾਇਆ ਗਿਆ। ਬਾਬਾ ਨਿਧਾਨ ਸਿੰਘ ਅਤੇ ਸੰਤ ਬਾਬਾ ਜਸਵੀਰ ਸਿੰਘ ਕਾਲਾਮੱਲਾ ਨੂੰ ਸਮਰਪਿਤ ਇਸ ਸੈਮੀਨਾਰ ਦਾ ਵਿਸ਼ਾ ਸਿੱਖ ਧਰਮ ਦੇ ਪ੍ਰਚਾਰ ਪਸਾਰ ਵਿਚ ਸੇਵਾ ਅਤੇ ਲੰਗਰ ਸੰਸਥਾ ਦਾ ਯੋਗਦਾਨ ਉਲੀਕਿਆ ਗਿਆ ਸੀ। ਸੈਮੀਨਾਰ ਦਾ ਉਦਘਾਟਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਡਾ. ਪਿ੍ਰਤਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਨੂੰ ਰਵਾਇਤੀ ਪ੍ਰਚਾਰ ਦੇ ਸਾਧਨਾਂ ਦੇ ਨਾਲ ਨਾਲ ਸੇਵਾ ਅਤੇ ਲੰਗਰਾਂ ਨੂੰ ਵੀ ਸੰਸਾਰ ਪੱਧਰ ’ਤੇ ਫੈਲਾਅ ਨੂੰ ਪ੍ਰਚਾਰ ਦਾ ਸਾਧਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਧਰਮ ਦੇ ਅਟੁੱਟ ਅੰਗ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਇਸ ਸਿਧਾਂਤ ਨੂੰ ਗੁਰੂ ਕਿਰਪਾ ਨਾਲ ਲਾਗੂ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਜਾਤਾਂ ਪਾਤਾਂ ਨਾਲ ਜੁੜੇ ਕੰਮਾਂ ਕਰਕੇ ਜਾਤ ਵੰਡ ਨੂੰ ਨਕਾਰਦਿਆਂ ਸੇਵਾ ਨੂੰ ਉਤਮ ਦਰਜਾ ਦਿੱਤਾ, ਜਿਸ ਨੂੰ ਸਮੇਂ ਦਾ ਸਮਾਜ ਘਟੀਆ ਕਾਰਜ ਗਿਣਦਾ ਸੀ। ਉਨ੍ਹਾਂ ਲੰਗਰ ਪ੍ਰਥਾ ਦੇ ਪ੍ਰਚਾਰ ਰਾਹੀਂ ਊਚ ਨੀਚ ਦੇ ਭੇਦ ਭਾਵ ਨੂੰ ਵੀ ਮਿਟਾਇਆ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਆਪਣੇ ਸੰਬੋਧਨ ਵਿਚ ਆਪਣੇ ਪ੍ਰਚਲਿਤ ਲਹਿਰੇ ਵਿਚ ਗੱਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸਿਧਾਂਤ ਬਖਸ਼ਿਆ ਅਤੇ ਇਸ ’ਤੇ ਚੱਲਣ ਦੀ ਜੀਵਨ ਜਾਂਚ ਬਖਸ਼ੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਹੀ ਬਾਬਾ ਨਿਧਾਨ ਸਿੰਘ ਅਤੇ ਬਾਬਾ ਜਸਵੀਰ ਸਿੰਘ ਕਾਲਾ ਮੱਲਾ ਨੇ ਆਪਣਾ ਜੀਵਨ ਸਿੱਖੀ ਪ੍ਰਚਾਰ ਪਸਾਰ ਨੂੰ ਸਮਰਪਿਤ ਕੀਤਾ। ਡਾ. ਗੁਰਵੀਰ ਸਿੰਘ ਪਿ੍ਰੰਸੀਪਲ ਮਾਤਾ ਸਾਹਿਬ ਕੌਰ ਨੇ ਪੁੱਜੇ ਵਿਦਵਾਨਾਂ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਤ ਚਾਨਣਾ ਪਾਇਆ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਰੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਸ਼ੋ੍ਰਮਣੀ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਖ਼ਾਸਕਰ ਹੜ੍ਹ ਪੀੜਤਾਂ ਲਈ ਲੰਗਰ, ਦਵਾਈਆਂ ਅਤੇ ਹੋਰ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸੰਸਥਾ ਦਾ ਵੱਕਾਰ ਅੰਤਰ ਰਾਸ਼ਟਰੀ ਪੱਧਰ ’ਤੇ ਉਚਾ ਹੋਇਆ ਹੈ। ਉਨ੍ਹਾਂ ਕਾਲਜ ਨੂੰ ਪੰਜ ਲੱਖ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਨੇ ਸੁਸਾਇਟੀ ਦੀਆਂ ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਾ ਨਿਧਾਨ ਸਿੰਘ ਜੀ ਅਤੇ ਬਾਬਾ ਜਸਵੀਰ ਸਿੰਘ ਕਾਲਾ ਮੱਲ੍ਹਾ ਦਾ ਸੇਵਾ ਲੰਗਰਾਂ ਅਤੇ ਪਰਉਪਕਾਰੀ ਕਾਰਜਾਂ ਵਿਚ ਮਿਸਾਲੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਨਾਲ ਸੰਸਾਰ ਭਰ ਵਿਚ ਭਾਸ਼ਾਵਾਂ ਦੇ ਬੰਧਨ ਤੋਂ ਉਪਰ ਉਠ ਕੇ ਪ੍ਰਚਾਰ ਪਸਾਰ ਕੀਤਾ ਜਾ ਸਕਦਾ ਹੈ। ਡਾ. ਸਰੋਆ ਨੇ ਸੈਮੀਨਾਰ ਵਿਚ ਸ਼ਾਮਲ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸੈਮੀਨਾਰ ਵਿਚ ਸ. ਅਮਰਜੀਤ ਸਿੰਘ ਆਸਟ੍ਰੇਲੀਆ, ਡਾ. ਹਰਲੀਨ ਕੌਰ, ਇਸ਼ਮਨਦੀਪ ਕੌਰ ਕੈਨੇਡਾ ਨੇ ਵੀ ਆਪਣੇ ਵਿਚਾਰ ਰੱਖੇ। ਸੈਮੀਨਾਰ ਵਿਚ ਸੰਤ ਬਾਬਾ ਜਸਵੀਰ ਸਿੰਘ ਕਾਲਾਮੱਲ੍ਹਾ ਨੂੰ ਸਮਰਪਿਤ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਸੁਸਾਇਟੀ ਵੱਲੋਂ ਆਏ ਵਿਦਵਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਕੈਲੰਡਰ ਅਤੇ ਲਿਟਰੇਚਰ ਵੀ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸਹਿਬਾਜਪੁਰ, ਕੁਲਜੀਤ ਸਿੰਘ ਮੱਲ੍ਹੀ, ਗੁਰਜੀਤ ਸਿੰਘ ਉਪਲੀ, ਗੁਰਮੇਲ ਸਿੰਘ ਛੀਨੀਵਾਲ, ਧਨਵੰਤ ਸਿੰਘ ਹੁਸੈਨਪੁਰ, ਸਤਿਗੁਰੂ ਸਿੰਘ ਨਾਭਾ, ਹਰਮਿੰਦਰ ਸਿੰਘ ਨਾਭਾ, ਸੁਰਜੀਤ ਸਿੰਘ ਠੀਕਰੀਵਾਲ, ਬਲਦੇਵ ਸਿੰਘ ਬਾਠ, ਜਰਨੈਲ ਸਿੰਘ ਭੋਤਨਾ, ਭੋਲਾ ਸਿੰਘ ਦਮਦਮਾ ਸਾਹਿਬ, ਗੁਰਚਰਨ ਸਿੰਘ, ਬਲਦੇਵ ਸਿੰਘ ਬਾਠ, ਗੁਰਦੀਪ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।
