ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਦਾ ਲੋਕ-ਅਰਪਣ 23 ਮਾਰਚ ਨੂੰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ‘ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ’ ਦਾ ਲੋਕ-ਅਰਪਣ 23 ਮਾਰਚ ਨੂੰ
ਪਟਿਆਲਾ, 19 ਮਾਰਚ : ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸੁਪ੍ਰਸਿੱਧ ਅਤੇ ਸਰਬਾਂਗੀ ਪੰਜਾਬੀ ਲੇਖਕ ਡਾ. ਅਮਰ ਕੋਮਲ ਸਬੰਧੀ ਸੰਪਾਦਿਤ ‘ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ’ ਦਾ ਲੋਕ-ਅਰਪਣ ਮੁਸਾਫ਼ਿਰ ਸੈਂਟਰਲ ਸਟੇਟ ਲਾਇਬਰੇਰੀ(ਸਾਹਮਣੇ ਜ਼ਿਲ੍ਹਾ ਕਚਹਿਰੀ) ਪਟਿਆਲਾ ਵਿਖੇ ਮਿਤੀ 23 ਮਾਰਚ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਕੀਤਾ ਜਾ ਰਿਹਾ ਹੈ । ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡਿਪਟੀ ਕਮਿਸ਼ਨਰ ਅਤੇ ਉੱਘੇ ਪੰਜਾਬੀ ਲੇਖਕ ਸ. ਜੀ. ਕੇ. ਸਿੰਘ, ਆਈ. ਏ. ਐੱਸ. ਹੋਣਗੇ ਅਤੇ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਕਰਨਗੇ । ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਸਿੰਘ ਮਾਨ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ, ਅਭਿਨੰਦਨ ਗ੍ਰੰਥ ਦੇ ਮੁੱਖ ਸੰਪਾਦਕ ਡਾ. ਬਲਦੇਵ ਸਿੰਘ ਬੱਦਨ ਸਹਾਇਕ ਸੰਪਾਦਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਸਾਬਕਾ ਪ੍ਰਿੰਸੀਪਲ ਸੰਜੀਵ ਕਾਲੀਆ ਹੋਣਗੇ । ਡਾ. ਅਮਰ ਕੋਮਲ ਦੇ ਜੀਵਨ ਅਤੇ ਰਚਨਾ ਬਾਰੇ ਪ੍ਰੋਫੈਸਰ ਜਗੀਰ ਸਿੰਘ ਢੇਸਾ, ਡਾ. ਸੁਦਰਸ਼ਨ ਗਾਸੋ, ਡਾ. ਕਮਲਜੀਤ ਕੌਰ ਬਾਂਗਾ, ਭੋਲਾ ਸਿੰਘ ਸੰਘੇੜਾ, ਤੇਜਾ ਸਿੰਘ ਤਿਲਕ ਅਤੇ ਡਾ. ਤਰਸਪਾਲ ਕੌਰ (ਬਰਨਾਲਾ) ਵਿਚਾਰ ਸਾਂਝੇ ਕਰਨਗੇ। ਸਮਾਗਮ ਵਿੱਚ ਲੇਖਕ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ । ਸਭਾ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਮੂਹ ਲੇਖਕਾਂ ਨੂੰ ਪੁੱਜਣ ਲਈ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ।
