ਦਰਾਣੀ-ਜੇਠਾਣੀ ਦਾ ਰਿਸ਼ਤਾ

ਦਰਾਣੀ-ਜੇਠਾਣੀ ਦਾ ਰਿਸ਼ਤਾ
ਜਨਮ ਤੋਂ ਹੀ ਹਰ ਇਨਸਾਨ ਦਾ ਕੋਈ ਨਾ ਕੋਈ ਰਿਸ਼ਤਾ ਜੁੜਨਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਉਹ ਉਮਰ ਦੀਆਂ ਪੁਲਾਂਘਾਂ ਪੁੱਟਦਾ ਜਾਂਦਾ ਹੈ, ਉਸਦੇ ਰਿਸ਼ਤੇ ਵਧਦੇ ਹੀ ਜਾਂਦੇ ਹਨ। ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਤਾਂ ਉਸ ਰਿਸ਼ਤੇ ਕਈ ਰੂਪਾਂ ਵਿੱਚ ਬਣਦੇ ਜਾਂਦੇ ਹਨ ।ਖਾਸ ਕਰਕੇ ਇੱਕ ਕੁੜੀ ਦੇ ਵਿਆਹ ਤੋਂ ਬਾਅਦ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ- ਨੂੰਹ ,ਭਰਜਾਈ , ਦਰਾਣੀ ,ਜੇਠਾਣੀ ਆਦਿ ।
ਅਸੀਂ ਇਸ ਲੇਖ ਵਿੱਚ ਦਰਾਣੀ ਜੇਠਾਣੀ ਦੇ ਰਿਸ਼ਤੇ ਬਾਰੇ ਗੱਲ ਕਰਾਂਗੇ। ਦਰਾਣੀ ਜੇਠਾਣੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਹੈ ।ਇਸ ਰਿਸ਼ਤੇ ਵਿੱਚ ਸਮਾਨਤਾ ਇਹ ਹੈ ਕਿ ਇਹ ਦੋਵਾਂ ਧਿਰਾਂ ਦਾ ਸੰਬੰਧ ਇਕੋ ਜਿਹੇ ਪਿਛੋਕੜ ਨਾਲ ਹੁੰਦਾ ਹੈ। ਕਿਉਂਕਿ ਦੋਵਾਂ ਨੂੰ ਹੀ ਆਪਣੇ ਸਹੁਰੇ ਪਰਿਵਾਰ ਵਿੱਚ ਆਪਣੇ ਪੇਕਿਆਂ ਨੂੰ ਛੱਡ ਕੇ ਆਉਣਾ ਹੁੰਦਾ ਹੈ । ਜੇਠਾਣੀ ਜੋ ਪਹਿਲਾਂ ਤੋਂ ਹੀ ਸਹੁਰੇ ਪਰਿਵਾਰ ਵਿੱਚ ਵਸ ਰਹੀ ਹੁੰਦੀ ਹੈ ਅਤੇ ਸਹੁਰੇ ਪਰਿਵਾਰ ਦੀਆਂ ਚੰਗੀਆਂ ਮਾੜੀਆਂ ਆਦਤਾਂ ਤੋਂ ਚੰਗੀ ਤਰਾਂ ਵਾਕਿਫ਼ ਹੁੰਦੀ ਹੈ ।ਫਿਰ ਜਦੋਂ ਉਸ ਦੀ ਦਰਾਣੀ ਵਿਆਹ ਉਪਰੰਤ ਘਰ ਆਉਂਦੀ ਹੈ ਤਾਂ ਉਸਦਾ ਫਰਜ਼ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਦੇ ਜੀਆਂ ਬਾਰੇ ਉਸ ਨੂੰ ਚੰਗਾ ਅਤੇ ਸਕਾਰਾਤਮਕ ਗੁਣਾਂ ਤੋਂ ਜਾਣੂ ਕਰਵਾਏ ਤਾਂ ਜੋ ਉਹ ਉਨਾਂ ਦੇ ਸੁਭਾਅ ਅਤੇ ਉਮੀਦਾਂ ਮੁਤਾਬਕ ਪੂਰੀ ਤਰਾਂ ਉਤਰਨ ਵਿੱਚ ਸਫਲ ਹੋਵੇ।
ਇਹ ਆਮ ਦੇਖਿਆ ਜਾਂਦਾ ਹੈ ਕਿ ਅੱਜ ਕੱਲ ਇਕਹਿਰੇ ਪਰਿਵਾਰਾਂ ਦਾ ਵਧੇਰੇ ਰੁਝਾਨ ਹੋ ਚੁੱਕਾ ਹੈ ।ਛੋਟੇ ਪਰਿਵਾਰ ਹੋਣ ਕਾਰਨ ਬਹੁਤੇ ਘਰਾਂ ਵਿੱਚ ਦਰਾਣੀ ਜੇਠਾਣੀ ਦਾ ਰਿਸ਼ਤਾ ਹੁੰਦਾ ਹੀ ਨਹੀਂ ਹੈ ।ਜਿਸ ਨਾਲ ਇਸ ਰਿਸ਼ਤੇ ਦੀ ਮਿਠਾਸ ਅਤੇ ਅਹਿਮੀਅਤ ਦਾ ਪਤਾ ਹੀ ਨਹੀਂ ਚੱਲ ਸਕਦਾ। ਜੇਕਰ ਅਸੀਂ ਇੱਕ ਦਹਾਕੇ ਪਹਿਲਾਂ ਝਾਤ ਮਾਰੀਏ ਤਾਂ ਬਹੁਤੇ ਪਰਿਵਾਰਾਂ ਵਿੱਚ ਦਰਾਣੀ ਜੇਠਾਣੀ ਦਾ ਰਿਸ਼ਤਾ ਬਣਨਾ ਤੈਅ ਹੁੰਦਾ ਸੀ ।ਕਿਉਂਕਿ ਪਰਿਵਾਰ ਵਿੱਚ ਦੋ ਤੋਂ ਵੱਧ ਭਰਾਵਾਂ ਦੇ ਹੋਣ ਕਾਰਨ ਦਰਾਣੀ ਜੇਠਾਣੀ ਦਾ ਰਿਸ਼ਤਾ ਆਮ ਹੀ ਸੀ ।ਇਹ ਪਰਿਵਾਰ ਇਕੱਠੇ ਹੀ ਰਹਿਣ ਵਿੱਚ ਵਿਸ਼ਵਾਸ ਰੱਖਦੇ ਸਨ। ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਦੇ ਸਨ ।ਬੱਚੇ ਵੀ ਆਪਣੇ ਤਾਈ ਚਾਚੀ ਦੇ ਰਿਸ਼ਤੇ ਬਾਖੂਬੀ ਸਮਝ ਜਾਂਦੇ ਸਨ।
ਸਮੇਂ ਦੇ ਬਦਲਾਅ ਨਾਲ ਹੁਣ ਰਿਸ਼ਤਾ ਖਤਮ ਹੁੰਦਾ ਜਾ ਰਿਹਾ। ਕਿਉਂਕਿ ਸੀਮਤ ਪਰਿਵਾਰ ਹੋਣ ਕਾਰਨ ਇਹ ਰਿਸ਼ਤਾ ਬਣ ਹੀ ਨਹੀਂ ਪਾਉਂਦਾ ।ਪਰ ਇਸ ਰਿਸ਼ਤੇ ਨੂੰ ਬਣਾਈ ਰੱਖਣ ਲਈ ਅਸੀਂ ਆਪਣੇ ਦੂਰ ਦੇ ਰਿਸ਼ਤਿਆਂ ਵਿੱਚ ਇਸ ਨੂੰ ਬਣਾਈ ਰੱਖਣ ਦੀ ਤਰਜੀਹ ਦੇਣੀ ਚਾਹੀਦੀ ਹੈ ।
ਦਰਾਣੀ ਜੇਠਾਣੀ ਦੇ ਰਿਸ਼ਤੇ ਨੂੰ ਦਰਸਾਉਂਦੀਆਂ ਅਨੇਕਾਂ ਬੋਲੀਆਂ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵੀ ਹਨ ਜਿਵੇਂ -ਮਧਾਣੀਆਂ, ਮਧਾਣੀਆਂ ਮਧਾਣੀਆਂ
ਨੀ ਪੇਕੇ ਦੋਵੇਂ ਭੈਣਾਂ ਨੱਚੀਆਂ
ਸਹੁਰੇ ਨੱਚੀਆਂ ਦਰਾਣੀਆਂ ਜੇਠਾਣੀਆਂ …।
ਇਸ ਰਿਸ਼ਤੇ ਨੂੰ ਭੈਣਾਂ ਜਿਹਾ ਰਿਸ਼ਤਾ ਮੰਨਿਆ ਜਾਂਦਾ ਹੈ। ਜੇਕਰ ਜੇਠਾਣੀ ਆਪਣੀ ਦਰਾਣੀ ਨੂੰ ਛੋਟੀ ਭੈਣ ਸਮਝਦੀ ਹੈ ਤਾਂ ਦਰਾਣੀ ਨੂੰ ਵੀ ਆਪਣੀ ਜੇਠਾਣੀ ਨੂੰ ਤਜਰਬੇ ਅਤੇ ਮੱਤ ਨੂੰ ਅਪਣਾ ਕੇ ਸਤਿਕਾਰ ਅਤੇ ਮਾਣ ਦੇਣਾ ਚਾਹੀਦਾ ਹੈ। ਦੋਵੇਂ ਆਪਸੀ ਸਮਝ ਨਾਲ ਸਹੁਰੇ ਪਰਿਵਾਰ ਵਿੱਚ ਇੱਕ ਵਧੀਆ ਗ੍ਰਹਿਸਤ ਜੀਵਨ ਜਾਂਚ ਸਿੱਖ ਕੇ ਮਿਸਾਲ ਤਿਆਰ ਕਰ ਸਕਦੀਆਂ ਹਨ।
ਇਸ ਰਿਸ਼ਤੇ ਵਿੱਚ ਕਈ ਵਾਰ ਖੂਬ ਹਾਸਾ ਮਜ਼ਾਕ ਵੀ ਹੁੰਦਾ ਰਹਿੰਦਾ ਹੈ ।ਉਹ ਇੱਕ ਦੂਜੇ ਦੇ ਪਤੀ ਤੇ ਟਿੱਕਾ ਟਿੱਪਣੀ ਕਰਦੀਆਂ ਰਹਿੰਦੀਆਂ ਹਨ । ਜਿਵੇਂ
ਇੱਕ ਬੋਲੀ… ਛੋਲੇ ਛੋਲੇ ,ਛੋਲੇ
ਨੀ ਇਹ ਵੀ ਦੁੱਖ ਮੇਰੀ ਜਾਨ ਨੂੰ
ਮੇਰਾ ਜੇਠ ਨਾ ਜੇਠਾਣੀ ਨਾਲੇ ਬੋਲੇ…..
ਇੱਕ ਹੋਰ…. ਜੇਠ ਤਾਂ ਚਲਿਆ ਨੌਕਰੀ, ਜੇਠਾਣੀ ਦਾ ਮੂੰਹ ਬੱਗਾ,
ਜੇਠਾਣੀਏ ਥਾਲੀ ਵਿੱਚ ਭੂਬਕਾ ਵੱਜਾ….
ਜੇਠ ਤਾਂ ਚੱਲਿਆ ਨੌਕਰੀ ਜੇਠਾਣੀ ਦਾ ਮੂੰਹ ਬੱਗਾ ..
ਜੇਠਾਣੀਏ ਭੂਬਕੇ ਦਾ ਹੁਣ ਪਤਾ ਲੱਗਾ…..।
ਜੇਕਰ ਦੋਵੇਂ ਦਰਾਣੀ ਜੇਠਾਣੀ ਘਰੇਲੂ ਹਨ ਤਾਂ ਵੀ ਉਹ ਘਰ ਦੇ ਕੰਮਾਂ ਨੂੰ ਸਾਂਝੇ ਤੌਰ ਤੇ ਕਰਨ ਲਈ ਤਿਆਰ ਹੋਣ । ਜੇਕਰ ਉਹਨਾਂ ਵਿੱਚੋਂ ਇੱਕ ਕੰਮ ਕਾਜੀ ਭਾਵ ਨੌਕਰੀ ਪੇਸ਼ੇ ਵਾਲੀ ਹੈ ਤਾਂ ਉਹ ਵੀ ਸੁਵਿਧਾ ਅਨੁਸਾਰ ਘਰਦੇ ਕੰਮਾਂ ਨੂੰ ਵੰਡ ਕੇ ਕਰੇ। ਤਾਂ ਜੋ ਘਰ ਵਿੱਚ ਰਹਿਣ ਵਾਲੀ ਨੂੰ ਜ਼ਿਆਦਾ ਬੋਝ ਨਾ ਲੱਗੇ। ਇੱਕ ਦੂਜੇ ਦੀਆਂ ਲੋੜਾਂ ਅਤੇ ਖਵਾਇਸ਼ਾਂ ਨੂੰ ਦੇਖਦੇ ਹੋਏ ਸਮੇਂ ਸਮੇਂ ਤੇ ਪੂਰਤੀ ਵੀ ਕਰਨ। ਜਿਸ ਨਾਲ ਆਪਸੀ ਪਿਆਰ ਅਤੇ ਸਨੇਹ ਬਰਕਰਾਰ ਰਹੇਗਾ ਅਤੇ ਉਹ ਆਪਸੀ ਹੀਣ ਭਾਵਨਾ ਤੋਂ ਵੀ ਦੂਰ ਰਹਿਣਗੀਆਂ। ਜੇਕਰ ਦੋਵੇਂ ਪਿਆਰ ਅਤੇ ਇਤਫ਼ਾਕ ਰਹਿੰਦੀਆਂ ਹਨ ਤਾਂ ਉਹਨਾਂ ਅੰਦਰ ਆਪਣੇ ਸਹੁਰੇ ਪਰਿਵਾਰ ਵਿੱਚ ਹਰ ਦੁੱਖ -ਸੁੱਖ ਨੂੰ ਸਾਂਝੇ ਤੌਰ ਤੇ ਸਹਿਣ ਦੀ ਸਮਰੱਥਾ ਵੀ ਵਧੇਗੀ।
ਸੋ ਇਸ ਰਿਸ਼ਤੇ ਨੂੰ ਪਿਆਰ ਅਤੇ ਸਤਿਕਾਰ ਨਾਲ ਨਿਭਾਉਣ ਨਾਲ ਜਿੱਥੇ ਸਾਡੇ ਸਮਾਜ ਨੂੰ ਮਿਲਵਰਤਣ ਦਾ ਇੱਕ ਚੰਗਾ ਸੁਨੇਹਾ ਮਿਲਦਾ ਹੈ ਉਥੇ ਸਾਡੇ ਸਭਿਆਚਾਰ ਦੀ ਵਿਲੱਖਣਤਾ ਤੇ ਅਮੀਰੀ ਵੀ ਕਾਇਮ ਰਹਿ ਸਕਦੀ ਹੈ।
ਛੱਡ ਦੇ ਸ਼ਰੀਕਾ ਗੱਲਾਂ ਛੱਡੀਆਂ ਪੁਰਾਣੀਆਂ ,…।
ਭੈਣਾਂ ਵਾਂਗੂੰ ਰਹਿੰਦੀਆਂ ਦਰਾਣੀਆਂ ਜੇਠਾਣੀਆਂ…।
ਲੇਖਕ ਹਰਜਿੰਦਰ ਕੌਰ ਪਿੰਡ ਆਦਮਵਾਲ ਗੜੀ, ਜਿਲਾ ਹੁਸ਼ਿਆਰਪੁਰ-9417105175
