ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਚਾਰ ਜਣਿਆਂ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 March, 2025, 12:36 PM

ਮਾਨਸਾ : ਪੰਜਾਬ ਦੇ ਜਿ਼ਲਾ ਮਾਨਸਾ ਦੇ ਇਕ ਕਿਸਾਨ ਨੇ ਕੂਡਨੀ ਹੈੱਡ ਨੇੜੇ ਨਹਿਰ ਵਿੱਚ ਛਾਲ ਮਾਰ ਦਿੱਤੀ । ਉਸਦੀ ਲਾਸ਼ ਕਈ ਦਿਨਾਂ ਬਾਅਦ ਬਰਾਮਦ ਹੋਈ । ਪ੍ਰਵਾਰਕ ਮੈਂਬਰਾਂ ਅਨੁਸਾਰ, ਉਹ ਫ਼ਸਲ ਵਿੱਚ ਪਾਣੀ ਭਰਨ ਕਾਰਨ ਦੁਖੀ ਸੀ । ਜਾਖਲ ਪੁਲਸ ਨੇ ਉਸਦੀ ਮਾਂ ਦੇ ਬਿਆਨ ’ਤੇ ਚਾਰ ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ । ਪੁਲਸ ਜਾਂਚ ਕਰ ਰਹੀ ਹੈ । ਮਾਨਸਾ ਦੇ ਪਿੰਡ ਕੁਲਰੀਆ ਦੀ ਰਹਿਣ ਵਾਲੀ ਗੁਰਮੇਲ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਜਸਪ੍ਰੀਤ ਖੇਤੀਬਾੜੀ ਕਰਦਾ ਸੀ । ਉਹ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਸਨ । ਇਨ੍ਹਾਂ ਵਿੱਚੋਂ ਇੱਕ ਦੀ ਉਮਰ 9 ਸਾਲ ਹੈ ਅਤੇ ਦੂਜੀ ਦੀ ਉਮਰ 4 ਸਾਲ ਹੈ । ਉਸਨੇ ਦੱਸਿਆ ਕਿ 11 ਮਾਰਚ ਦੀ ਸ਼ਾਮ ਨੂੰ ਬਲਦੇਵ, ਅਮਰੀਕ, ਬਿੱਕਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਉਸਦੀ ਤਿੰਨ ਏਕੜ ਕਣਕ ਦੀ ਫ਼ਸਲ ’ਚ ਪਾਣੀ ਭਰ ਦਿੱਤਾ, ਇਸ ਕਾਰਨ ਫ਼ਸਲ ਖ਼ਰਾਬ ਹੋ ਗਈ, ਇਸ ਕਾਰਨ ਜਸਪ੍ਰੀਤ ਪਰੇਸ਼ਾਨ ਰਹਿਣ ਲੱਗਾ । ਉਨ੍ਹਾਂ ਕਿਹਾ ਕਿ 12 ਮਾਰਚ ਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ।

ਜਾਖਲ ਪੁਲਸ ਨੇ ਕੀਤਾ ਮੁਲਜ਼ਮਾਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 108, 351 (3), 3 (5) ਤਹਿਤ ਮਾਮਲਾ ਦਰਜ 

ਮੁਲਜ਼ਮਾਂ ਨੇ ਆਪਣੀ ਗ਼ਲਤੀ ਮੰਨ ਲਈ ਅਤੇ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ ਪਰ ਉਨ੍ਹਾਂ ਨਾਲ ਹੀ ਸ਼ਿਕਾਇਤ ਕਰਨ ’ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ । 15 ਮਾਰਚ ਨੂੰ, ਜਸਪ੍ਰੀਤ ਆਪਣੀ ਸਾਈਕਲ ’ਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਖੇਤ ਜਾ ਰਿਹਾ ਹੈ ਅਤੇ ਵਾਪਸ ਨਹੀਂ ਆਇਆ । 16 ਮਾਰਚ ਨੂੰ, ਉਸਦੀਆਂ ਚੱਪਲਾਂ ਅਤੇ ਸਾਈਕਲ ਟੋਹਾਣਾ ਦੇ ਕੂਡਨੀ ਹੈੱਡ ਨੇੜੇ ਮਿਲੇ ਸਨ । 18 ਮਾਰਚ ਨੂੰ, ਉਸਦੀ ਲਾਸ਼ ਪੰਜਾਬ ਦੇ ਸਰਦੂਲਗੜ੍ਹ ਵਿੱਚ ਨਹਿਰ ਵਿੱਚੋਂ ਬਰਾਮਦ ਹੋਈ । ਜਾਖਲ ਪੁਲਿਸ ਨੇ ਮੁਲਜ਼ਮਾਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 108, 351 (3), 3 (5) ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਕ੍ਰਿਸ਼ਨ ਕੁਮਾਰ ਦੇ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ।