ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ‘ਚ ਦੋ ਸੇਵਾ ਕੇਂਦਰਾਂ ਦੀ ਮੁੜ ਤੋਂ ਸ਼ੁਰੂਆਤ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ‘ਚ ਦੋ ਸੇਵਾ ਕੇਂਦਰਾਂ ਦੀ ਮੁੜ ਤੋਂ ਸ਼ੁਰੂਆਤ
ਨਾਗਰਿਕਾਂ ਦੀ ਖੱਜਲ ਖੁਆਰੀ ਰੋਕਣ ਲਈ ਉਨ੍ਹਾਂ ਦੇ ਘਰਾਂ ਦੀਆਂ ਬਰੂਹਾਂ ‘ਤੇ ਹੀ ਸੇਵਾ ਕੇਂਦਰਾਂ ਜ਼ਰੀਏ ਮੁਹੱਈਆ ਕਰਵਾ ਰਹੇ ਹਾਂ 438 ਪ੍ਰਸ਼ਾਸਨਿਕ ਸੇਵਾਵਾਂ: ਕੈਬਨਿਟ ਮੰਤਰੀ ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 10 ਮਾਰਚ : ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਹਲਕੇ ਦੇ ਪਿੰਡਾਂ ਨਾਗਰਾ ਤੇ ਬਹਾਦਰਪੁਰ ਵਿੱਚ ਦੋ ਸੇਵਾ ਕੇਂਦਰਾਂ ਦੀ ਮੁੜ ਸ਼ੁਰੂਆਤ ਕਰਵਾਈ । ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹੁਣ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਸਰਕਾਰੀ ਪ੍ਰਸ਼ਾਸਨਿਕ ਸੇਵਾਵਾਂ ਲੈਣ ਲਈ ਜ਼ਿਲ੍ਹਾ ਜਾਂ ਤਹਿਸੀਲ ਪੱਧਰ ਦੇ ਵਿਭਾਗੀ ਦਫ਼ਤਰਾਂ ਵਿੱਚ ਪਹੁੰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਸਗੋਂ ਉਨ੍ਹਾਂ ਦੇ ਘਰਾਂ ਦੀਆਂ ਬਰੂਹਾਂ ‘ਤੇ ਹੀ ਇਨ੍ਹਾਂ ਸੇਵਾ ਕੇਂਦਰਾਂ ਜ਼ਰੀਏ ਲਗਭਗ 438 ਪ੍ਰਸ਼ਾਸਨਿਕ ਸੇਵਾਵਾਂ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਮਿਲਣਗੀਆਂ । ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ, ਜਿਸ ਵੱਲੋਂ ਆਨਲਾਈਨ ਸਰਟੀਫਿਕੇਟ ਸੁਵਿਧਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅਪਲਾਈ ਕੀਤਾ ਗਿਆ ਸਰਟੀਫਿਕੇਟ ਇੱਕ ਕਿਊ.ਆਰ. ਕੋਡ ਰਾਹੀਂ ਤੁਹਾਡੇ ਮੋਬਾਈਲ ‘ਤੇ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਆਨਲਾਈਨ ਸਰਟੀਫਿਕੇਟ ਲਗਭਗ ਸਾਰੀਆਂ ਥਾਵਾਂ ‘ਤੇ ਅਸਲ ਸਰਟੀਫਿਕੇਟ ਵਾਂਗ ਹੀ ਮੰਨਿਆ ਜਾਵੇਗਾ ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਰੋਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹੁਣ ਤੁਹਾਡੀ ਆਪਣੀ ਸਰਕਾਰ ਵੱਲੋਂ ਸਰਪੰਚਾਂ ਅਤੇ ਨੰਬਰਦਾਰਾਂ ਦਾ ਕੰਮ ਵੀ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੇ ਸਰਕਾਰੀ ਮਹਿਕਮਿਆਂ ਨਾਲ ਸਬੰਧਤ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਵਾਉਣ ਵਿੱਚ ਬਹੁਤ ਵੱਡੀ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਰੋਕਣ ਲਈ ਪੂਰੀ ਸੂਬਾ ਸਰਕਾਰ ਵੱਲੋਂ ਸਖ਼ਤੀ ਨਾਲ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਵੀ ਇਸਨੂੰ ਪੂਰੀ ਤਰ੍ਹਾਂ ਰੋਕਣ ਲਈ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਨਸ਼ਾ ਤਸਕਰਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ । ਉਨ੍ਹਾਂ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਜਾਂ ਤਾਂ ਨਸ਼ਾ ਤਸਕਰੀ ਮੁਕੰਮਲ ਰੂਪ ਵਿੱਚ ਬੰਦ ਕਰਕੇ ਕੋਈ ਹੋਰ ਕੰਮ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ ਦੀ ਸਰਕਾਰ ਵੱਲੋਂ ਹਰ ਹੀਲਾ ਵਰਤ ਕੇ ਪੂਰੀ ਸਖ਼ਤੀ ਨਾਲ ਇਹ ਧੰਦਾ ਬੰਦ ਕਰਵਾਇਆ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ. ਡੀ. ਐਮ. ਭਵਾਨੀਗੜ੍ਹ ਮਨਜੀਤ ਕੌਰ, ਬੀ. ਡੀ. ਪੀ. ਓ. ਗੁਰਦਰਸ਼ਨ ਸਿੰਘ, ਸਰਪੰਚ ਕੁਲਵਿੰਦਰ ਸਿੰਘ ਫੌਜੀ, ਗੁਰਤੇਜ ਸਿੰਘ ਨਾਗਰਾ, ਦਰਸ਼ਨ ਸਿੰਘ ਸੰਘਰੇੜੀ, ਕੁਲਵੀਰ ਅਕਬਰਪੁਰ, ਮਨਿੰਦਰ ਸਿੰਘ ਸਰਪੰਚ, ਬਲਜਿੰਦਰ ਸਿੰਘ ਈਲਵਾਲ, ਮਨਦੀਪ ਸਿੰਘ ਈਲਵਾਲ, ਮਨੀ ਸਰਾਓ, ਹਰਜੀਤ ਸਿੰਘ ਬਹਾਦਰਪੁਰ, ਸੁਖਦਰਸ਼ਨ ਸਿੰਘ, ਚਰਨਾ ਸਿੰਘ, ਆਸਿਦ ਖਾਂ, ਗੁਰਚਰਨ ਸਿੰਘ ਸਰਪੰਚ ਚੌਵਾਸ, ਰਾਜ ਸ਼ਰਮਾ, ਜਰਨੈਲ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ ।
