ਭੁਪੇਸ਼ ਬਘੇਲ ਦੇ ਟਿਕਾਣਿਆਂ 'ਤੇ ਈ. ਡੀ. ਦੇ ਛਾਪੇ ਤੋਂ ਬਾਅਦ ਬਾਜਵਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ

ਭੁਪੇਸ਼ ਬਘੇਲ ਦੇ ਟਿਕਾਣਿਆਂ ‘ਤੇ ਈ. ਡੀ. ਦੇ ਛਾਪੇ ਤੋਂ ਬਾਅਦ ਬਾਜਵਾ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ
ਚੰਡੀਗੜ੍ਹ, 10 ਮਾਰਚ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਕਈ ਟਿਕਾਣਿਆਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਛਾਪੇ ਮਾਰੇ ਜਾਣ ‘ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ । ਉਨ੍ਹਾਂ ਕਿਹਾ ਕਿ ਭੁਪੇਸ਼ ਬਘੇਲ ਦੇ 14 ਟਿਕਾਣਿਆਂ ‘ਤੇ ਈ. ਡੀ. ਦੀ ਛਾਪੇਮਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਨੂੰ ਡਰਾਉਣ ਦੀ ਕੋਝੀ ਸਾਜ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ । ਈ. ਡੀ. ਸਮੇਤ ਆਪਣੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਭਾਜਪਾ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਆਗੂਆਂ, ਖ਼ਾਸ ਕਰ ਕੇ ਕਾਂਗਰਸ ਆਗੂਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਬਾਜਵਾ ਨੇ ਕਿਹਾ ਕਿ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ । ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਦੇ ਸ਼ਾਸਨ ਕਾਲ ਦੌਰਾਨ ਵੀ ਕੇਂਦਰੀ ਏਜੰਸੀਆਂ ਨੇ ਭੁਪੇਸ਼ ਬਘੇਲ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੇ ਟਿਕਾਣਿਆਂ ‘ਤੇ ਘੱਟੋ-ਘੱਟ 600 ਛਾਪੇ ਮਾਰੇ ਸਨ । ਹਾਲਾਂਕਿ, ਇਹ ਛਾਪੇ ਵਿਅਰਥ ਸਾਬਤ ਹੋਏ, ਅਤੇ ਏਜੰਸੀਆਂ ਨੂੰ ਕੁਝ ਵੀ ਗ਼ੈਰਕਾਨੂੰਨੀ ਨਹੀਂ ਮਿਲਿਆ । ਅਦਾਲਤ ਪਹਿਲਾਂ ਹੀ ਉਸ ਦੇ ਖ਼ਿਲਾਫ਼ ਜਾਅਲੀ ਕੇਸ ਖ਼ਾਰਜ ਕਰ ਚੁੱਕੀ ਹੈ । ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਪੰਜਾਬ ਵਿਚ ਕਾਂਗਰਸ ਦੀ ਲੋਕਪ੍ਰਿਯਤਾ ਤੋਂ ਡਰੀ ਹੋਈ ਹੈ, ਇਸ ਲਈ ਉਸ ਨੇ ਭੁਪੇਸ਼ ਬਘੇਲ ਦੇ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਉਨ੍ਹਾਂ ਵਿਰੁੱਧ ਆਪਣੇ ਘਿਣਾਉਣੇ ਏਜੰਡੇ ਤੇਜ਼ ਕਰ ਦਿੱਤੇ ਹਨ। ਅਜਿਹੀ ਘਟੀਆ ਸਿਆਸਤ ਕਰਨ ਦੀ ਬਜਾਏ ਕੇਂਦਰ ਦੀ ਭਾਜਪਾ ਸਰਕਾਰ ਨੂੰ ਜਮਹੂਰੀ ਸਿਧਾਂਤਾਂ ਨਾਲ ਸਿਆਸੀ ਲੜਾਈ ਲੜਨੀ ਚਾਹੀਦੀ ਹੈ । ਬਾਜਵਾ ਨੇ ਕਿਹਾ ਕਿ ਇਹ ਸੱਤਾ ਦੀ ਦੁਰਵਰਤੋਂ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ ਵਿਚ ਕਦੇ ਸਫਲ ਨਹੀਂ ਹੋਵੇਗੀ ।
