ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਖੁੱਲੀ ਡਿਬੇਟ ਕਰਨ ਦੀ ਐਸ. ਕੇ. ਐਮ. ਵੱਲੋਂ ਚੁਣੌਤੀ

ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਖੁੱਲੀ ਡਿਬੇਟ ਕਰਨ ਦੀ ਐਸ. ਕੇ. ਐਮ. ਵੱਲੋਂ ਚੁਣੌਤੀ
10 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਐਮ. ਐਲ. ਏ. ਅਤੇ ਮੰਤਰੀਆਂ ਦੇ ਘਰਾਂ ਸਾਹਮਣੇ ਚੇਤਾਵਨੀ ਧਰਨੇ ਲਾਏ ਜਾਣਗੇ
ਪਟਿਆਲਾ : ਕਿਸਾਨਾਂ ਅਤੇ ਮੁਖ ਮੰਤਰੀ ਵਿਚਾਲੇ ਚਲ ਰਹੇ ਟਕਰਾਅ ਦੇ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚਾ (ਐਸ. ਕੇ. ਐਮ.) ਪੰਜਾਬ ਨੇ ਮੁੱਖ ਮੰਤਰੀ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਹੈ । ਨੇਤਾਵਾਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਜੋ ਵੀ ਸਮਾਂ ਅਤੇ ਤਰੀਕ ਤੈਅ ਕਰਨਗੇ, ਸਾਰੇ ਕਿਸਾਨ ਆਗੂ ਉਥੇ ਪਹੁੰਚਣਗੇ ਅਤੇ ਪੰਜ ਆਗੂ ਡਿਬੇਟ ਵਿੱਚ ਹਿੱਸਾ ਲੈਣਗੇ । ਇਹ ਐਲਾਨ ਅੱਜ ਐਸ. ਕੇ. ਐਮ. ਦੀ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਬਲਦੇਵ ਸਿੰਘ ਨਿਹਾਲਗੜ੍ਹ, ਵੀਰ ਸਿੰਘ ਬੜਵਾ ਅਤੇ ਕੁਲਦੀਪ ਸਿੰਘ ਗਰੇਵਾਲ ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ ਹੈ । ਐਸ. ਕੇ. ਐਮ. ਨੇ ਇਹ ਵੀ ਐਲਾਨ ਕੀਤਾ ਹੈ ਕਿ 10 ਤਰੀਕ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3।00 ਵਜੇ ਤੱਕ ਐਮ. ਐਲ. ਏ. ਅਤੇ ਮੰਤਰੀਆਂ ਦੇ ਘਰਾਂ ਸਾਹਮਣੇ ਚੇਤਾਵਨੀ ਧਰਨੇ ਲਾਏ ਜਾਣਗੇ, ਇਸਦੇ ਨਾਲ ਹੀ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀਆਂ ਦੀਆਂ ਸਾਂਝੀਆਂ ਮੀਟਿੰਗਾਂ 7 ਮਾਰਚ ਨੂੰ ਦੁਪਹਿਰ 12।00 ਵਜੇ ਕੀਤੀਆਂ ਜਾਣਗੀਆਂ । ਐਸ. ਕੇ. ਐਮ. ਦੇ ਨੇਤਾਵਾਂ ਨੇ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਪਣਾਏ ਗਏ ਰਵਈਏ ਦੀ ਨਿੰਦਾ ਕੀਤੀ ਗਈ । ਮੀਟਿੰਗ ਵਿੱਚ ਇਹ ਗੱਲ ਉਭਰ ਕੇ ਸਾਫ ਤੌਰ ਤੇ ਸਾਹਮਣੇ ਆਈ ਕਿ ਸਾਡੀਆਂ ਮੰਗਾਂ ਪੰਜਾਬ ਨਾਲ ਸੰਬੰਧਤ ਹਨ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਹੀ ਹੱਲ ਹੋ ਸਕਦੀਆਂ ਹਨ । ਮੁੱਖ ਮੰਤਰੀ ਦਾ ਇਹ ਕਹਿਣਾ ਬਿਲਕੁਲ ਝੂਠ ਹੈ ਕਿ ਇਹ ਮੰਗਾਂ ਕੇਂਦਰ ਨਾਲ ਸੰਬੰਧਿਤ ਹਨ। ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਵੀ ਨਿੰਦਾ ਕੀਤੀ ਗਈ ਅਤੇ ਸਰਕਾਰ ਨੂੰ ਗੱਲਬਾਤ ਸੁਣਨ ਲਈ ਠਰੰਮੇ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਗਈ।ਐਸ ਕੇ ਐਮ ਦੀ ਅਗਲੀ ਮੀਟਿੰਗ 15 ਮਾਰਚ ਨੂੰ ਚੰਡੀਗੜ੍ਹ ਵਿਖੇ 11।30 ਵਜੇ ਹੋਵੇਗੀ ।
ਜਿਹੜੇ ਡੇਢ ਦਰਜਨ ਥਾਵਾਂ ਤੇ ਧਰਨੇ ਚੱਲ ਰਹੇ ਹਨ ਉਹਨਾਂ ਨੂੰ ਅੱਜ ਸ਼ਾਮ ਖਤਮ ਕੀਤਾ ਜਾ ਰਿਹਾ ਹੈ । ਅੱਜ ਦੀ ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਹਰਿੰਦਰ ਸਿੰਘ ਲੱਖੋਵਾਲ, ਜਗਵੀਰ ਸਿੰਘ ਚੌਹਾਨ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਹਰਜਿੰਦਰ ਸਿੰਘ ਟਾਂਡਾ, ਸਤਨਾਮ ਸਿੰਘ ਅਜਨਾਲਾ, ਬਲਵਿੰਦਰ ਸਿੰਘ ਰਾਜੂ ਔਲਕ, ਬਿੰਦਰ ਸਿੰਘ ਗੋਲੇਵਾਲਾ, ਗੁਰਜੰਟ ਸਿੰਘ ਮਾਨਸਾ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਮੱਲੀ ਨੰਗਲ ਕਿਰਨਜੀਤ ਸਿੰਘ ਸੇਖੋਂ ਮੇਜਰ ਸਿੰਘ ਸਾਦੀਪੁਰ, ਜੋਗਿੰਦਰ ਸਿੰਘ ਉਗਰਾਹਾਂ, ਨਿਰਭੈ ਸਿੰਘ ਡਾਲੇਕੇ, ਅਵਤਾਰ ਸਿੰਘ ਅਤੇ ਹੋਰ ਕਿਸਾਨ ਆਗੂ ਸ਼ਾਮਿਲ ਹੋਏ ।
