ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ

ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਗੇਟ ਬੰਦ ਕਰਕੇ ਕੀਤਾ ਰੋਸ਼ ਪ੍ਰਦਰਸ਼ਨ
ਮਹਿਲਾ ਅਧਿਆਪਕ ਖਿਲਾਫ ਲਗਾਏ ਪਾਸ ਕਰਵਾਉਣ ਲਈ ਪੈਸੇ ਮੰਗਣ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜਾਮ
ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਿੰਸੀਪਲ ਦਫਤਰ ਦੇ ਸਾਹਮਣੇ ਧਰਨਾ ਦੇਣ ਤੋਂ ਬਾਅਦ ਕਾਲਜ ਦਾ ਮੇਨ ਗੇਟ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਸਵੇਰੇ 11 ਵਜੇ ਸ਼ੁਰੂ ਕੀਤਾ ਧਰਨਾ ਸ਼ਾਮ 4 ਵਜੇ ਤੱਕ ਜਾਰੀ ਰਿਹਾ । ਇਸ ਮੌਕੇ ਰੋਸ਼ ਪ੍ਰਦਰਸਨ ਕਰ ਰਹੇ ਵਿਦਿਆਰਥੀਆਂ ਨੇ ਕਾਲਜ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮਹਿਲਾ ਅਧਿਆਪਕ ’ਤੇ ਪੇਪਰਾਂ ’ਚ ਪਾਸ ਕਰਵਾਉਣ ਲਈ ਪੈਸੇ ਮੰਗਣ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜਾਮ ਲਗਾਏ ਗਏ । ਇਸ ਸਬੰਧੀ ਕਾਲਜ ਦੇ ਵਿਦਿਆਰਥੀਆਂ ਵਿਕਰਮ ਸਿੰਘ, ਨਵੀਨ, ਅਜੇ ਰੱਖੜਾ ਆਦਿ ਨੇ ਮਹਿਲਾ ਅਧਿਆਪਕ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਕਤ ਅਧਿਆਪਕਾ ਨੇ ਇੱਕ ਆਡੀਓ ਰਾਹੀਂ ਵਿਦਿਆਰਥਣ ਕੋਲੋਂ ਪੇਪਰ ਵਿੱਚ ਪਾਸ ਕਰਾਉਣ ਲਈ ਪੈਸਿਆਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਵਿਦਿਆਰਥਣ ਨੂੰ ਡਰਾਇਆ ਧਮਕਾਇਆ ਗਿਆ, ਜਿਸ ਕਾਰਨ ਉਹ ਆਪਣੀ ਪੜ੍ਹਾਈ ਛੱਡ ਕੇ ਮਹਿੰਦਰਾ ਕਾਲਜ ਚੋਂ ਚਲੀ ਗਈ । ਵਿਦਿਆਰਥੀਆਂ ਨੇ ਉਕਤ ਅਧਿਆਪਕਾ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਜਾਤੀ ਸੂਚਕ ਸ਼ਬਦਾਂ ਦੀ ਸ਼ਰੇਆਮ ਵਰਤੋਂ ਕਰਨ ਦੀ ਆਡੀਓ ਵੀ ਸਾਹਮਣੇ ਆਈ ਹੈ । ਉਨ੍ਹਾਂ ਕਿਹਾ ਕਿ ਇਸ ਅਧਿਆਪਕਾ ਦੀ ਗਲਤੀ ਕਾਰਨ ਹੀ ਦੋ ਵਿਦਿਆਰਥੀ ਉਸ ਵੱਲੋਂ ਪੜ੍ਹਾਏ ਵਿਸ਼ਿਆਂ ਵਿੱਚ ਫੇਲ ਹੋ ਗਏ ਹਨ । ਵਿਦਿਆਰਥੀਆਂ ਨੇ ਕਿਹਾ ਕਿ ਇਸ ਅਧਿਆਪਕਾ ਨੂੰ ਸਿਆਸੀ ਪੱਧਰ ’ਤੇ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਸ਼ਹਿ ਪ੍ਰਾਪਤ ਹੈ, ਜਿਸ ਕਾਰਨ ਇਸਦੇ ਖਿਲਾਫ ਲਿਖਤੀ ਤੌਰ ’ਤੇ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਸਬੰਧੀ ਗੱਲਬਾਤ ਕਰਦਿਆਂ ਕਾਲਜ ਅਨੁਸ਼ਾਸਨ ਕਮੇਟੀ ਦੇ ਮੁਖੀ ਪ੍ਰੋ. ਅਮ੍ਰਿਤ ਸਮਰਾ ਨੇ ਆਖਿਆ ਕਿ ਵਿਦਿਆਰਥੀ ਕੱਲ੍ਹ ਕੁਝ ਹੋਰ ਮਸਲਾ ਲੈ ਕੇ ਆਏ ਸਨ, ਜੋ ਕਿ ਸੁਲਝਾ ਲਿਆ ਗਿਆ ਸੀ ਅਤੇ ਅੱਜ ਕੁਝ ਹੋਰ ਮੰਗਾਂ ਨੂੰ ਲੈ ਕੇ ਆਏ ਸਨ, ਜਿਨ੍ਹਾਂ ਸਬੰਧੀ ਕਾਲਜ ਪ੍ਰਿੰਸੀਪਲ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਆਖਿਆ ਕਿ ਉਚ ਅਥਾਰਿਟੀ ਇਨਕੁਆਰੀ ਉਪਰੰਤ ਬਣਦੀ ਕਾਰਵਾਈ ਕਰੇਗੀ ।
