ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਲਈ ਖੁਸ਼ੀ ਦਾ ਪ੍ਰਗਟਾਵਾ
ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਰਾਸ਼ਟਰੀ ਖੇਡਾਂ ‘ਚ ਸ਼ਾਮਲ ਕਰਨ ਲਈ ਖੁਸ਼ੀ ਦਾ ਪ੍ਰਗਟਾਵਾ
ਭਵਿੱਖ ਗੱਤਕਾ ਬਣੇਗਾ ਅੰਤਰਰਾਸ਼ਟਰੀ ਖੇਡ : ਜਸਵੰਤ ਸਿੰਘ ਗੋਗਾ
ਚੰਡੀਗੜ੍ਹ, 26 ਜੁਲਾਈ, 2023 : ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਏਸ਼ੀਅਨ ਗੱਤਕਾ ਫੈਡਰੇਸ਼ਨ ਨੇ ਭਾਰਤ ਦੀਆਂ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕਰਨ ਲਈ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਮਾਨਤਾ ਮਿਲਣ ਨਾਲ ਹੁਣ ਵਿਦੇਸ਼ਾਂ ਵਿੱਚ ਵੀ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿਵਾਉਣੀ ਸੁਖਾਲੀ ਹੋ ਜਾਵੇਗੀ।
ਇੱਕ ਬਿਆਨ ਵਿੱਚ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਗੋਗਾ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਵਿਸ਼ਵ ਭਰ ਦੇ ਗੱਤਕਾ ਖਿਡਾਰੀਆਂ, ਤਕਨੀਕੀ ਅਧਿਕਾਰੀਆਂ ਅਤੇ ਪ੍ਰਮੋਟਰਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ।
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਵੱਡੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ, ਅਨੁਰਾਗ ਠਾਕੁਰ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਉਹ ਇਸ ਪ੍ਰਾਚੀਨ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਵੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਹੋਰ ਮੌਕੇ ਪ੍ਰਦਾਨ ਕਰਦੇ ਰਹਿਣਗੇ।
ਜਸਵੰਤ ਸਿੰਘ ਗੋਗਾ ਨੇ ਇਸ ਇਤਿਹਾਸਕ ਪ੍ਰਾਪਤੀ ‘ਤੇ ਦੁਨੀਆ ਭਰ ਦੇ ਸਾਰੇ ਗੱਤਕਾ ਖਿਡਾਰੀਆਂ ਅਤੇ ਤਕਨੀਕੀ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਇਹ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਕੀਤੇ ਜਾ ਰਹੇ ਨਿਰੰਤਰ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਗੱਤਕਾ ਖੇਡ ਦੀ ਸਿਖਰਲੀ ਗਵਰਨਿੰਗ ਬਾਡੀ ਵਜੋਂ ਕਾਰਜਸ਼ੀਲ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੱਤਕੇ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁੱਲਤ ਕਰਨ ਅਤੇ ਮਾਨਤਾ ਦਿਵਾਉਣ ਲਈ “ਵਿਜ਼ਨ ਡਾਕੂਮੈਂਟ-2030″ ਨਾਮਕ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਇਸ ਰੋਡਮੈਪ ਨੂੰ ਏਸ਼ੀਅਨ ਮੁਲਕਾਂ ਵਿੱਚ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਇਸ ਰੋਡਮੈਪ ਵਿੱਚ ਅਗਲਾ ਟੀਚਾ ਗੱਤਕੇ ਨੂੰ ਏਸ਼ੀਅਨ ਖੇਡਾਂ, ਸੈਫ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਫਿਰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣਾ ਹੈ।
ਉਨ੍ਹਾਂ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆ ਕਿਹਾ ਕਿ ਗੱਤਕੇ ਦੇ ਨਾਲ ਦੀਆਂ ਹੋਰ ਸਮਕਾਲੀ ਖੇਡਾਂ ਪਹਿਲਾਂ ਹੀ ਉਪਰੋਕਤ ਅੰਤਰਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਜਸਵੰਤ ਸਿੰਘ ਨੇ ਦੱਸਿਆ ਕਿ ਏਸ਼ੀਅਨ ਗੱਤਕਾ ਫੈਡਰੇਸ਼ਨ ਪਰਵਾਸੀ ਭਾਈਚਾਰੇ ਦੇ ਨਿਰੰਤਰ ਸਹਿਯੋਗ ਨਾਲ ਗੱਤਕੇ ਨੂੰ ਜਲਦੀ ਹੀ ਇੱਕ ਵਿਸ਼ਵ ਪੱਧਰੀ ਖੇਡ ਵਜੋਂ ਮਾਨਤਾ ਦਿਵਾਏਗੀ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਮਿਥੇ ਉਦੇਸ਼ ਲਈ ਹਰ ਪੱਖੋਂ ਮੱਦਦ ਕਰਨ ਅਤੇ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਟੀਚੇ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ।