ਪੁਲਸ ਨੇ ਕੀਤਾ ਅੰਮ੍ਰਿਤਸਰ ਮੰਦਿਰ ਗ੍ਰਨੇਡ ਹਮਲੇ ਮਾਮਲੇ `ਚ ਮੁੱਖ ਮੁਲਜ਼ਮ ਦਾ ਐਨਕਾਊਂਟਰ

ਪੁਲਸ ਨੇ ਕੀਤਾ ਅੰਮ੍ਰਿਤਸਰ ਮੰਦਿਰ ਗ੍ਰਨੇਡ ਹਮਲੇ ਮਾਮਲੇ `ਚ ਮੁੱਖ ਮੁਲਜ਼ਮ ਦਾ ਐਨਕਾਊਂਟਰ
ਅੰਮ੍ਰਿਤਸਰ : ਗੁਰੂ ਕੀ ਨਗਰੀ ਦੇ ਤੌਰ ਤੇ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ `ਚ ਮੰਦਰ `ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ `ਚੋਂ ਇਕ ਮੁਲਜ਼ਮ ਗੁਰਸਿਦਕ ਉਰਫ਼ ਸਿਦਕੀ ਨੂੰ ਪੁਲਸ ਨੇ ਸੋਮਵਾਰ ਸਵੇਰ ਸਮੇਂ ਹੋਏ ਮੁਕਾਬਲੇ ਵਿਚ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਉਸ ਦਾ ਸਾਥੀ ਵਿਸ਼ਾਲ ਉਰਫ਼ ਚੂਈ ਫ਼ਰਾਰ ਹੋ ਗਿਆ । ਪੁਲਸ ਨੂੰ ਮਿਲੀ ਵਿਸ਼ੇਸ਼ ਸੂਚਨਾ ਦੇ ਆਧਾਰ `ਤੇ ਸੀ. ਆਈ. ਏ. ਅਤੇ ਛੇਹਰਟਾ ਪੁਲਸ ਦੀਆਂ ਟੀਮਾਂ ਨੇ ਦੋਸ਼ੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ । ਐਸ. ਐਚ. ਓ. ਛੇਹਰਟਾ ਨੂੰ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਬਾਰੇ ਪੁਖਤਾ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਗੁਰਸਿਦਕ ਅਤੇ ਵਿਸ਼ਾਲ ਦੇ ਨਾਂ ਸਾਹਮਣੇ ਆਏ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਮੁਲਜ਼ਮ ਰਾਜਾਸਾਂਸੀ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਤੋਂ ਬਾਅਦ ਪੁਲਿਸ ਟੀਮਾਂ ਦਾ ਗਠਨ ਕਰਕੇ ਇਲਾਕੇ `ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ।
ਸਵੇਰੇ ਜਦੋਂ ਪੁਲਿਸ ਨੇ ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਪੁਲਿਸ ’ਤੇ ਗੋਲੀਆਂ ਚਲਾਉਣ ਲੱਗ ੇ।
ਇਸ ਗੋਲੀਬਾਰੀ `ਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ `ਤੇ ਗੋਲੀ ਲੱਗ ਗਈ, ਜਦਕਿ ਇਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਅਤੇ ਪੁਲਸ ਦੀ ਗੱਡੀ ਨੂੰ ਵੀ ਲੱਗੀ । ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾ ਦਿੱਤੀ, ਜਿਸ ਨਾਲ ਗੁਰਸਿਦਕ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸਦਾ ਸਾਥੀ ਵਿਸ਼ਾਲ ਮੌਕੇ ਤੋਂ ਫਰਾਰ ਹੋ ਗਿਆ । ਜ਼ਖ਼ਮੀ ਗੁਰਸਿਦਕ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਗੁਰਸਿਦਕ ਦੀ ਮੌਤ ਹੋ ਗਈ । ਪੁਲਸ ਹੁਣ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਆਈ. ਐਸ. ਆਈ. ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਫ਼ਰਾਰ ਦੋਸ਼ੀ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ।
