ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਾਅਦੇ ਪੂਰੇ ਕਰਕੇ ਤਿੰਨ ਸਾਲਾਂ ਵਿੱਚ ਲੋਕਾਂ ਦਾ ਮਨ ਜਿੱਤਿਆ : ਬਰਿੰਦਰ ਕੁਮਾਰ ਗੋਇਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਾਅਦੇ ਪੂਰੇ ਕਰਕੇ ਤਿੰਨ ਸਾਲਾਂ ਵਿੱਚ ਲੋਕਾਂ ਦਾ ਮਨ ਜਿੱਤਿਆ : ਬਰਿੰਦਰ ਕੁਮਾਰ ਗੋਇਲ
ਬਿਨਾਂ ਸਿਫਾਰਿਸ਼ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਆਪ ਸਰਕਾਰ ਨੇ ਮਿਸਾਲ ਕਾਇਮ ਕੀਤੀ : ਬਰਿੰਦਰ ਕੁਮਾਰ ਗੋਇਲ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਆਉਣੇ ਹੋਏ ਸ਼ੁਰੂ : ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੋ ਰਿਹਾ ਸਾਕਾਰ, ਟੇਲਾਂ ਤੱਕ ਪਾਣੀ ਪਹੁੰਚਾਉਣ ਵਿੱਚ ਮਿਲ ਰਹੀ ਹੈ ਕਾਮਯਾਬੀ : ਬਰਿੰਦਰ ਕੁਮਾਰ ਗੋਇਲ
ਲਹਿਰਾ/ ਸੰਗਰੂਰ, 16 ਮਾਰਚ () : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਮੁਕੰਮਲ ਹੋਣ ਉਤੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਰਾਜ ਸਰਕਾਰ ਨੇ ਉਹ ਵਾਅਦੇ ਪੂਰੇ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਸਮਾਂ ਬੀਤਿਆ, ਲੋਕਾਂ ਦੇ ਮਨਾਂ ਵਿੱਚ ਆਪ ਸਰਕਾਰ ਪ੍ਰਤੀ ਵਿਸ਼ਵਾਸ ਵਧਦਾ ਗਿਆ, ਜਿਸ ਦੀ ਬਦੌਲਤ ਚਾਰ ਉਪ ਚੋਣਾਂ, ਜਲੰਧਰ ਦੀ ਉਪ ਚੋਣ, ਗ੍ਰਾਮ ਪੰਚਾਇਤ ਚੋਣਾਂ, ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡਾ ਸਮਰਥਨ ਦਿੱਤਾ ਅਤੇ ਸਾਡੀਆਂ ਵੱਡੀਆਂ ਜਿੱਤਾਂ ਹੋਈਆਂ ਜਿਸ ਤੋਂ ਸਪਸ਼ਟ ਹੈ ਕਿ ਲੋਕ ਪੰਜਾਬ ਸਰਕਾਰ ਦੇ ਕੰਮਾਂ ਕਾਰਾਂ ਤੋਂ ਖੁਸ਼ ਹਨ ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਜਿਹੜੇ ਬਦਲਾਅ ਨੂੰ ਲਿਆਉਣ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ ਉਸ ਬਦਲਾਅ ਤਹਿਤ ਵੱਡੀਆਂ ਲੋਕ ਪੱਖੀ ਮਿਸਾਲਾਂ ਕਾਇਮ ਕਰਕੇ ਅਸੀਂ ਲੋਕਾਂ ਦਾ ਮਨ ਜਿੱਤਿਆ ਹੈ । ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਦੇਖੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਗਰਮ ਯਤਨ ਜਾਰੀ ਹਨ ਅਤੇ ਸਰਕਾਰ ਵੱਲੋਂ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸਰਕਾਰ ਪ੍ਰਤੀ ਵਿਸ਼ਵਾਸ ਨੂੰ ਪਰਪੱਕ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਲੋਕਾਂ ਦੀ ਧਾਰਨਾ ਬਣੀ ਹੋਈ ਸੀ ਕਿ ਬਿਨਾਂ ਸਿਫਾਰਸ਼ਾਂ ਅਤੇ ਪੈਸੇ ਤੋਂ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਧਾਰਨਾ ਨੂੰ ਜੜੋਂ ਮਿਟਾਇਆ ਹੈ ਅਤੇ ਇੰਨੀ ਵੱਡੀ ਗਿਣਤੀ ਵਿੱਚ ਬਿਨਾਂ ਸਿਫਾਰਿਸ਼ ਅਤੇ ਬਿਨਾਂ ਪੈਸੇ ਤੋਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਜਿਉਂਦੀ ਜਾਗਦੀ ਮਿਸਾਲ ਕਾਇਮ ਕੀਤੀ ਗਈ ਹੈ, ਜਿਸ ਕਾਰਨ ਨੌਜਵਾਨ ਵਰਗ ਪੜ੍ਹਾਈ ਵੱਲ ਮੁੜਿਆ ਹੈ ਅਤੇ ਬੱਚਿਆਂ ਦੇ ਮਾਪੇ ਉਤਸ਼ਾਹਿਤ ਹੋਏ ਹਨ ।
ਅੱਜ ਲਹਿਰਾ ਵਿਖੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਦੇ ਮਨਾਂ ਵਿੱਚ ਇਹ ਦ੍ਰਿੜ ਵਿਸ਼ਵਾਸ ਬਣ ਗਿਆ ਹੈ ਕਿ ਸੂਬੇ ਵਿੱਚੋਂ ਨਸ਼ਾ ਮੁਕੰਮਲ ਤੌਰ ‘ਤੇ ਖਤਮ ਹੋਵੇਗਾ । ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਸਾਕਾਰ ਨਹੀਂ ਹੋ ਜਾਂਦਾ । ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਕਿਸੇ ਵੀ ਖੇਤਰ ਵਿੱਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਹਰ ਵਰਗ ਦੀਆਂ ਜ਼ਰੂਰਤਾਂ ਤੋਂ ਭਲੀਭਾਂਤ ਵਾਕਫ ਹੈ ਅਤੇ ਲੋਕਾਂ ਨਾਲ ਜੁੜੀ ਹਰ ਲੋੜ ਨੂੰ ਸੁਚੱਜੇ ਤਰੀਕੇ ਨਾਲ ਪੂਰਾ ਕਰਨ ਲਈ ਦਿਨ ਰਾਤ ਕਾਰਜਸ਼ੀਲ ਹੈ ।
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਬੇਮਿਸਾਲ ਪ੍ਰਾਪਤੀਆਂ ਦਰਜ ਕੀਤੀਆਂ ਹਨ ਅਤੇ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੇ ਨਾਲ ਨਾਲ ਸੂਬੇ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਵਾਅਦੇ ਨੂੰ ਕਾਮਯਾਬ ਕਰਨ ਲਈ ਵਿਆਪਕ ਉਪਰਾਲੇ ਹੋਏ ਹਨ । ਉਹਨਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਸੂਬੇ ਦੇ ਖੇਤ, ਨਹਿਰੀ ਪਾਣੀ ਤੋਂ ਵਾਂਝੇ ਸਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਨਵੇਂ ਸੂਇਆਂ ਅਤੇ ਖਾਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਡੈਮਾਂ ਦਾ 84 ਫੀਸਦੀ ਪਾਣੀ ਵਰਤਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ ਅਤੇ ਪੰਜਾਬ ਸਰਕਾਰ ਇਸੇ ਦਿਸ਼ਾ ਵਿੱਚ ਵਡਮੁੱਲੇ ਉਪਰਾਲੇ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ 100 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪੁੱਜੇਗਾ ।
