ਬੱਚਿਆਂ ਦੇ ਸੁਪਨਿਆਂ ਦੇ ਸਰਤਾਜ ਭਾਰਤ ਰਤਨ ਡਾਕਟਰ ਏ. ਪੀ. ਜੇ. ਅਬਦੁਲ ਕਲਾਮ

ਦੁਆਰਾ: Punjab Bani ਪ੍ਰਕਾਸ਼ਿਤ :Monday, 17 March, 2025, 10:50 AM

ਬੱਚਿਆਂ ਦੇ ਸੁਪਨਿਆਂ ਦੇ ਸਰਤਾਜ ਭਾਰਤ ਰਤਨ ਡਾਕਟਰ ਏ. ਪੀ. ਜੇ. ਅਬਦੁਲ ਕਲਾਮ
ਪਟਿਆਲਾ : ਜਨਮ ਤਾਂ ਹਰ ਕੋਈ ਲੈਂਦਾ ਹੈ ਅਤੇ ਮੌਤ ਵੀ ਸਭ ਦੀ ਨਿਸ਼ਚਿਤ ਹੈ ਪਰ ਜ਼ਿੰਦਗੀ ਅਤੇ ਮੌਤ ਦੌਰਾਨ, ਜ਼ੋ ਸਮਾਂ, ਸ਼ਕਤੀਆਂ ਹਾਲਾਤ ਅਤੇ ਅਵਸਰ ਪ੍ਰਮਾਤਮਾ ਸਾਨੂੰ ਬਖਸ਼ਦਾ ਹੈ, ਉਹ ਅਣਮੋਲ ਤੋਹਫੇ ਹੁੰਦੇ ਹਨ । ਇਸ ਸੁਨਹਿਰੀ ਸਮੇਂ ਦੋਰਾਨ ਜੇਕਰ ਸਾਨੂੰ ਠੀਕ ਅਗਵਾਈ, ਸਹਾਇਤਾ, ਸਹਾਰਾ, ਅਤੇ ਸਾਥੀ ਗੁਰੂ ਅਧਿਆਪਕ ਮਿਲ‌ ਜਾਣ, ਤਾਂ ਅਖ਼ਬਾਰਾਂ ਵੇਚਣ ਵਾਲੇ, ਰੇਲਵੇ ਸਟੇਸ਼ਨ ਤੇ, ਸਰਕਾਰੀ ਲਾਇਟ ਵਿੱਚ ਆਰਾਮ ਨਾਲ ਬੈਠ ਕੇ, ਰਾਤੀਂ 7 ਤੋਂ 10 ਵਜੇ ਤੱਕ ਪੜ੍ਹਣ ਵਾਲੇ ਅਬਦੁਲ ਕਲਾਮ, ਦੇਸ਼ ਦੇ ਰਾਸ਼ਟਰਪਤੀ ਅਤੇ ਦੁਨੀਆ ਦੇ ਮਿਜ਼ਾਇਲ ਮੈਨ ਬਣ ਸਕਦੇ ਹਨ । ਸਾਡੇ, ਸੋਨੀ ਪਬਲਿਕ ਸਕੂਲ ਪਟਿਆਲਾ, ਵਿਖੇ,‌ ਇੱਕ ਸਮਾਗਮ ਦੌਰਾਨ ਮੈਨੂੰ ਭਾਰਤ ਰਤਨ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਸਾਹਿਬ ਬਾਰੇ ਬੋਲਣ ਦੇ ਮਹਾਨ ਅਵਸਰ ਪ੍ਰਾਪਤ ਹੋਏ। ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਕਿਸੇ ਗਰੀਬ ਮਛਿਹਰੇ ਅਤੇ ਕਿਸ਼ਤੀ ਚਲਾਉਣ ਵਾਲੇ ਦਾ ਬੇਟਾ, ਇਤਨਾ ਮਹਾਨ ਬਣ ਸਕਦਾ ਹੈ । ਬਚਪਨ ਵਿੱਚ ਕਲਾਮ ਸਾਹਿਬ ਨੇ ਹਵਾਈ ਜਹਾਜ਼ ਉਡਦੇ ਦੇਖਿਆ ਤਾਂ ਫੈਸਲਾ ਕੀਤਾ ਕਿ ਉਹ ਪਾਇਲਟ ਬਨਣਗੇ। ਪਿਤਾ ਨੇ ਜਵਾਬ ਦੇ ਦਿੱਤਾ ਪਰ ਅਧਿਆਪਕ ਗੁਰੂ ਨੇ ਹੌਸਲਾ ਅਫ਼ਜ਼ਾਈ ਕੀਤੀ। ਦਸਵੀਂ ਜਮਾਤ ਪਾਸ ਕਰਨ ਉਪਰੰਤ ਉਨ੍ਹਾਂ ਨੇ ਐਨ ਡੀ ਏ, ਦੇਹਰਾਦੂਨ ਵਿਖੇ ਨੋਕਰੀ ਲਈ ਅਰਜ਼ੀ ਭੇਜੀ । ਉਨ੍ਹਾਂ ਨੂੰ ਉਥੇ ਜਾਣ ਲਈ ਉਨ੍ਹਾਂ ਦੀ ਭੈਣ ਨੇ, ਆਪਣੇ ਗਹਿਣੇ ਵੇਚਕੇ ਪੈਸੇ ਦਿੱਤੇ। ਉਥੇ ਉਹ ਅਸਫਲ ਹੋ ਗਏ । ਉਨ੍ਹਾਂ ਦੇ ਹੌਸਲੇ ਪ੍ਰਸਤ ਹੋ ਗਏ। ਅਤੇ ਰਿਸ਼ੀਕੇਸ਼ ਵਿਖੇ ਉਨ੍ਹਾਂ ਨੂੰ ਸਵਾਮੀ ਸਦਾਨੰਦ ਜੀ ਮਿਲੇ ਜ਼ੋ ਉਨ੍ਹਾਂ ਨੂੰ ਆਪਣੇ ਆਸ਼ਰਮ ਲੈਣ ਗਏ । ਸਦਾਨੰਦ ਜੀ ਨੇ ਉਨ੍ਹਾਂ ਦੇ ਮੱਥੇ ਅਤੇ ਹਥਾਂ ਨੂੰ ਦੇਖਕੇ ਹੌਸਲਾ ਅਫ਼ਜ਼ਾਈ ਕੀਤੀ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਪਾਇਲਟ ਨਹੀਂ, ਇਸ ਮੁਕਾਮ ਤੋਂ ਉਪਰ ਲੈਕੇ ਜਾਣਾ ਹੈ ।

ਡਾਕਟਰ ਕਲਾਮ ਸਾਹਿਬ ਨੂੰ ਸਾਇੰਸ ਵਿਗਿਆਨ ਅਤੇ ਹਿਸਾਬ ਦੀ ਪੜ੍ਹਾਈ ਵਿੱਚ ਸਰਵੋਤਮ ਨੰਬਰ ਲੈਣ ਹਿੱਤ ਉਨ੍ਹਾਂ ਦੇ ਹਰਮਨਪਿਆਰੇ ਅਧਿਆਪਕ ਸ਼੍ਰੀ ਸ਼ਿਵਾ ਸਬਰਮਨੀਆ ਆਇਰ ਵਲੋਂ ਸਰਵੋਤਮ ਸਹਿਯੋਗ ਦਿੱਤਾ, ਉਹ ਕਲਾਮ ਜੀ ਨੂੰ ਸਵੇਰੇ 4 ਵਜੇ ਆਪਣੇ ਘਰ ਬੁਲਾਕੇ ਪੜਾਇਆ ਕਰਦੇ ਸਨ। ਸਕੂਲ ਦੀ ਫੀਸ ਦੇਣ ਲਈ ਉਹ ਸਵੇਰੇ ਸਵੇਰੇ ਅਖ਼ਬਾਰ ਵੇਚਿਆ ਕਰਦੇ ਸਨ । ਆਪਣੇ ਪਿਤਾ ਨਾਲ, ਉਨ੍ਹਾਂ ਦੀ ਸਹਾਇਤਾ ਕਰਨ ਲਈ, ਸਮੁੰਦਰ ਵਿੱਚ ਮੱਛੀਆਂ ਪਕੜਣ ਵੀ ਜਾਇਆਂ ਕਰਦੇ ਸਨ । ਪੜ੍ਹਾਈ ਵਿੱਚ ਅੱਵਲ ਹੋਣ ਅਤੇ ਸਾਰੇ ਅਧਿਆਪਕਾਂ ਦੇ ਆਗਿਆਕਾਰੀ ਵਫ਼ਾਦਾਰ ਵਿਦਿਆਰਥੀ ਹੋਣ ਸਦਕਾ, ਕਲਾਮ ਜੀ ਨੂੰ, ਸਰਕਾਰ ਵਲੋਂ ਸਕਾਲਰਸ਼ਿਪ ਮਿਲਦਾ ਸੀ । ਨਹੀਂ ਤਾਂ ਉਹ ਆਪਣੀ ਪੜ੍ਹਾਈ ਨਹੀਂ ਕਰ ਸਕਦੇ ਸਨ । ਉਨ੍ਹਾਂ ਨੇ ਬੰਗਲੌਰ, ਮਦਰਾਸ ਅਤੇ ਗੁਜਰਾਤ ਵਿਖੇ ਵਿਗਿਆਨ ਦੀ ਪੜ੍ਹਾਈ ਕੀਤੀ। 1963 ਵਿੱਚ ਉਹ ਹਵਾਈ ਜਹਾਜ਼ ਰਾਹੀਂ, ਅਮਰੀਕਾ ਨਾਸਾ ਵਿਖੇ ਗਏ । ਨਾਸਾ ਚੀਫ ਚਾਹੁੰਦੇ ਸਨ ਕਿ ਕਲਾਮ ਸਾਹਿਬ, ਨਾਸਾ ਵਿਖੇ ਹੀ ਰਹਿ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ, ਜਿਸ ਹਿੱਤ ਨਾਸਾ ਵਲੋਂ ਉਨ੍ਹਾਂ ਨੂੰ ਚੰਗੀ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ ਗਿਆ । ਪਰ ਆਪਣੇ ਦੇਸ਼ ਸਮਾਜ ਪ੍ਰਤੀ ਵਫਾਦਾਰੀ, ਪ੍ਰੇਮ, ਧੰਨਵਾਦ ਅਤੇ ਆਪਣੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਉਹ ਅਮਰੀਕਾ ਦੀ ਧੰਨ ਦੌਲਤ ਸ਼ੋਹਰਤ ਸਹੂਲਤਾਂ ਛੱਡਕੇ ਵਾਪਸ ਭਾਰਤ ਆ ਗਏ ।

ਆਪਣੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਵਿੱਚ ਮਿਜ਼ਾਇਲ ਟੈਕਨਾਲੋਜੀ ਵੀ ਲੈਕੇ ਆਏ । ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ, ਮਿਜ਼ਾਇਲ ਬਣਾਈਂ ਜਿਸ ਸਦਕਾ, ਭਾਰਤ ਨੂੰ ਅਮਰੀਕਾ, ਰੂਸ, ਚੀਨ ਇਜ਼ਰਾਈਲ ਕੋਰੀਆ ਆਦਿ ਦੇ ਬਰਾਬਰ ਕਰ ਦਿੱਤਾ । ਉਹ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਕਸਮ ਚੁਕਣੀ ਸੀ ਤਾਂ ਉਨ੍ਹਾਂ ਨੇ ਆਪਣੇ ਅਧਿਆਪਕਾਂ ਨੂੰ ਵੀ ਰਾਸ਼ਟਰਪਤੀ ਭਵਨ ਬੁਲਾਇਆ ਸੀ ਅਤੇ ਸੋਂਹ ਚੁਕਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਧਿਆਪਕਾਂ ਮਾਪਿਆਂ ਦੇ ਚਰਨਾਂ ਵਿੱਚ ਸਿਰ ਰਖਕੇ ਅਸ਼ੀਰਵਾਦ ਪ੍ਰਾਪਤ ਕੀਤੇ ਅਤੇ ਧੰਨਵਾਦ ਕੀਤਾ । ਉਹ ਹਰਰੋਜ, ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀਆਂ, ਨੋਬਲ ਪੁਰਸਕਾਰ ਜੇਤੂ ਵਿਦਵਾਨਾਂ ਦੀਆਂ ਤਿੰਨ ਨਵੀਆਂ ਕਿਤਾਬਾਂ ਪੜ੍ਹਦੇ ਸਨ। ਉਨ੍ਹਾਂ ਵਲੋਂ ਹਮੇਸ਼ਾ ਇਕ ਨਿਯਮਾਵਲੀ ਅਨੁਸ਼ਾਸਨ, ਅਨੁਸਾਰ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ। ਉਨ੍ਹਾਂ ਕੋਲ 36000 ਕਿਤਾਬਾਂ, ਪੰਜ ਜੋੜੀਂ ਕਪੜੇ ਹੀ ਸਨ। ਉਹ ਆਪਣੀ ਪੈਨਸ਼ਨ ਦਾ 50 ਪ੍ਰਤੀਸ਼ਤ ਹਿੱਸਾ ਆਪਣੇ ਰਾਜ ਦੇ ਸਕੂਲਾਂ ਨੂੰ, ਗ਼ਰੀਬ, ਜ਼ਰੂਰਤਮੰਦ ਅਤੇ ਬਹੁਤ ਹੋਸ਼ਿਆਰ ਬੱਚਿਆਂ ਦੀ ਪੜ੍ਹਾਈ ਅਤੇ ਉੱਚ ਸਿੱਖਿਆ ਲਈ, ਆਪਣੇ ਫ਼ਰਜ਼ਾਂ, ਜ਼ੁਮੇਵਾਰੀਆਂ ਵਜੋਂ ਪ੍ਰਦਾਨ ਕਰਦੇ ਸਨ। ਉਨ੍ਹਾਂ ਦੇ ਵਿਚਾਰ ਭਾਵਨਾਵਾਂ ਅਤੇ ਵਿਸ਼ਵਾਸ ਸਨ ਕਿ ਦੇਸ਼ ਨੂੰ ਖੁਸ਼ਹਾਲ, ਸੁਰੱਖਿਅਤ, ਸਿਹਤਮੰਦ ਅਤੇ ਉਨਤ ਕਰਨ ਲਈ, ਬੱਚਿਆਂ ਨੂੰ ਗੁਣਕਾਰੀ ਸਿਖਿਆ ਸੰਸਕਾਰ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕਰਨਾ ਹੀ ਅਸਲੀ ਸਿੱਖਿਆ ਗਿਆਨ, ਸਰਵੋਤਮ ਵਿਦਿਆ ਹੈ ।

ਚੰਗੇ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਸਖ਼ਤ ਮਿਹਨਤ, ਮੁਫਤ ਦੀਆਂ ਸਹੂਲਤਾਂ ਰਹਿਤ ਵਾਲੀ ਸਿਖਿਆ ਪ੍ਰਣਾਲੀ ਦੀ ਜ਼ਰੂਰਤ ਹੈ, ਜਦੋਂ ਤੱਕ ਬੱਚਿਆਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸਿਖਣ ਦੀ ਲਗਨ ਭੁੱਖ ਉਤਸ਼ਾਹ ਪੈਦਾ ਨਹੀਂ ਕੀਤੇ ਜਾਂਦੇ, ਬੱਚੇ ਪੜ੍ਹਣ ਲਈ ਉਤਸ਼ਾਹਿਤ ਨਹੀਂ ਹੋਣਗੇ । 27 ਜੁਲਾਈ 2015 ਨੂੰ ਜਦੋਂ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ, ਸ਼ਿਲਾਂਗ ਦੇ ਕਾਲਜ ਵਿਖੇ ਵਿਦਿਆਰਥੀਆਂ, ਅਧਿਆਪਕਾਂ ਨੂੰ ਵਿਗਿਆਨ,‌ ਮਜਾਇਲ ਟੈਕਨਾਲੋਜੀ ਬਾਰੇ ਜਾਣਕਾਰੀ ਦੇ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਬਲੱਡ ਪਰੈਸ਼ਰ, ਸ਼ੂਗਰ ਘਟਣ ਕਾਰਨ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਏ। ਪਰ ਉਥੇ ਹਾਜ਼ਰ ਸੈਂਕੜੇ ਵਿਦਿਆਰਥੀਆਂ, ਅਧਿਆਪਕਾਂ ਵਿਚੋਂ ਕਿਸੇ ਨੇ ਵੀ ਕਲਾਮ ਸਾਹਿਬ ਨੂੰ ਫਸਟ ਏਡ, ਸੀ. ਪੀ. ਆਰ. ਨਹੀਂ ਕੀਤਾ, ਜੇਕਰ ਕੀਤਾ ਜਾਂਦਾ ਤਾਂ ਉਹ ਮਰਨ ਤੋਂ ਬਚ ਸਕਦੇ ਸਨ। ਜਦਕਿ ਹਸਪਤਾਲ ਪਹੁੰਚਣ ਤੇ, ਡਾਕਟਰ 22 ਮਿੰਟ ਤੱਕ ਕਲਾਮ ਸਾਹਿਬ ਜੀ ਨੂੰ ਸੀ. ਪੀ. ਆਰ. ਕਰਦੇ ਰਹੇ । ਮੈਨੂੰ ਖੁਸ਼ੀ ਹੈ ਕਿ ਸਾਡੇ ਸਕੂਲ ਵਿਖੇ ਸ੍ਰੀ ਕਾਕਾ ਰਾਮ ਵਰਮਾ ਜੀ, ਸ਼ਾਨੂੰ ਅਤੇ ਵਿਦਿਆਰਥੀਆਂ ਨੂੰ ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਆਫ਼ਤ ਪ੍ਰਬੰਧਨ, ਨਸ਼ਿਆਂ ਅਪਰਾਧਾਂ ਸਬੰਧੀ ਟ੍ਰੇਨਿੰਗ ਦਿੰਦੇ ਰਹਿੰਦੇ ਹਨ। ਸਾਡੇ ਛੋਟੇ ਛੋਟੇ ਬੱਚੇ, ਜ਼ੋ ਤੀਸਰੀ ਤੋਂ ਅਠਵੀਂ ਜਮਾਤਾਂ ਵਿਚੋਂ ਹਨ, ਫਸਟ ਏਡ ਸੀ. ਪੀ. ਆਰ. ਫਾਇਰ ਸੇਫਟੀ ਮੁਕਾਬਲਿਆਂ ਵਿੱਚ ਮੈਡਲ ਵੀ ਜਿੱਤਦੇ ਹਨ। ਸੰਯੁਕਤ ਰਾਸ਼ਟਰ ਵਲੋਂ ਡਾਕਟਰ ਕਲਾਮ ਸਾਹਿਬ ਦਾ ਜਨਮ ਦਿਹਾੜਾ 15 ਅਕਤੂਬਰ, ਅੰਤਰਰਾਸ਼ਟਰੀ ਸਰਵੋਤਮ ਵਿਦਿਆਰਥੀ ਵਜੋਂ ਹਰ ਸਾਲ ਮਣਾਇਆ ਜਾਂਦਾ ਹੈ। ਅਸੀਂ ਵੀ ਕੋਸ਼ਿਸ਼ਾਂ ਕਰੀਏ ਕਿ ਕਲਾਮ ਸਾਹਿਬ ਵਾਂਗ, ਸਖ਼ਤ ਮਿਹਨਤ ਕਰਕੇ ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪੜ੍ਹਕੇ ਆਪਣੇ, ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰੀਏ। ਆਪਣੇ ਦੇਸ਼ ਦੀ ਖੁਸ਼ਹਾਲੀ ਉਨਤੀ ਸੁਰੱਖਿਆ ਸਨਮਾਨ ਹਿੱਤ, ਸਖ਼ਤ ਮਿਹਨਤ ਕਰਕੇ, ਚੰਗੇ ਇਨਸਾਨ ਅਤੇ ਵਿਗਿਆਨਕ ਬਣ ਜਾਈਏ ।
ਰਮਨਦੀਪ ਕੌਰ ਪ੍ਰਿੰਸੀਪਲ
ਸੋਨੀ ਪਬਲਿਕ ਸਕੂਲ, ਏਕਤਾ ਨਗਰ, ਫੋਕਲ ਪੁਆਇੰਟ ਪਟਿਆਲਾ । 9878611620