ਧੂਰੀ ਹਲਕੇ ਦੇ ਪਿੰਡਾਂ ਵਿੱਚ ਸਰਵੋਤਮ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਠੋਸ ਕਦਮ ਪੁੱਟੇ ਜਾ ਰਹੇ ਹਨ : ਸੁਖਵੀਰ ਸਿੰਘ ਸੁੱਖੀ

ਧੂਰੀ ਹਲਕੇ ਦੇ ਪਿੰਡਾਂ ਵਿੱਚ ਸਰਵੋਤਮ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਠੋਸ ਕਦਮ ਪੁੱਟੇ ਜਾ ਰਹੇ ਹਨ : ਸੁਖਵੀਰ ਸਿੰਘ ਸੁੱਖੀ
14 ਪਿੰਡਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਾਲੋ ਨਾਲ ਕੀਤਾ ਨਿਪਟਾਰਾ, ਵਿਕਾਸ ਕਾਰਜਾਂ ਦੀ ਸਥਿਤੀ ਦਾ ਵੀ ਲਿਆ ਜਾਇਜ਼ਾ
ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਅਤੇ ਸਮਾਂਬੱਧ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਵਚਨਬੱਧ- ਦਲਵੀਰ ਸਿੰਘ ਢਿੱਲੋ
ਧੂਰੀ / ਸੰਗਰੂਰ, 11 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ, ਪਾਰਦਰਸ਼ਤਾ ਅਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਦੇ ਦਿੱਤੇ ਆਦੇਸ਼ਾਂ ਨੂੰ ਵਿਧਾਨ ਸਭਾ ਹਲਕਾ ਧੂਰੀ ਵਿੱਚ ਵੀ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ, ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਓ. ਐਸ. ਡੀ. ਸੁਖਵੀਰ ਸਿੰਘ ਸੁੱਖੀ ਨੇ ਅੱਜ ਧੂਰੀ ਵਿਖੇ 14 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਮੁਹਤਬਰ ਸ਼ਖਸ਼ੀਅਤਾਂ ਨਾਲ ਮੀਟਿੰਗ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਲੋਕਾਂ ਦੇ ਘਰਾਂ ਦੇ ਨਜ਼ਦੀਕ ਹੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੇ ਰਾਹੀਂ ਕੰਮਕਾਰ ਕਰਵਾਏ ਜਾ ਰਹੇ ਹਨ ਤਾਂ ਜੋ ਸਰਕਾਰੀ ਵਿਭਾਗਾਂ ਵਿੱਚ ਨਾਗਰਿਕਾਂ ਦੀ ਬੇਲੋੜੀ ਖੱਜਲ ਖੁਆਰੀ ਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾ ਸਕੇ ।
ਇਸ ਮੌਕੇ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋ ਨੇ ਕਿਹਾ ਧੂਰੀ ਹਲਕੇ ਅਧੀਨ ਆਉਂਦੇ ਦੋਵੇਂ ਬਲਾਕਾਂ ਵਿੱਚ ਵਿਕਾਸ ਪੱਖੋਂ ਕਿਸੇ ਕਿਸਮ ਦੀ ਕਮੀ ਨਹੀਂ ਛੱਡੀ ਜਾ ਰਹੀ ਅਤੇ ਪ੍ਰੋਜੈਕਟਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ। ਉਹਨਾਂ ਦੱਸਿਆ ਕਿ ਹਫਤਾਵਾਰੀ ਢੰਗ ਨਾਲ ਦਰਜਨ ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਦੇ ਸੁਝਾਅ ਅਤੇ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਹੈ ਅਤੇ ਸਰਕਾਰੀ ਪੱਧਰ ‘ਤੇ ਤਾਲਮੇਲ ਕਰਵਾਉਂਦੇ ਹੋਏ ਢੁਕਵੇ ਹੱਲ ਕਰਵਾਏ ਜਾ ਰਹੇ ਹਨ।
ਮੀਟਿੰਗ ਦੌਰਾਨ ਘਨੌਰੀ ਕਲਾਂ, ਰਾਜੋਮਾਜਰਾ, ਕੱਕੜਵਾਲ, ਪੇਧਨੀ ਕਲਾ, ਕਹੇਰੂ, ਜਹਾਂਗੀਰ, ਦੌਲਤਪੁਰ, ਜਾਤੀਮਾਜਰਾ, ਮੱਲੂ ਮਾਜਰਾ, ਬੱਬਣਪੁਰ, ਬੱਲਮਗੜ, ਦੁਗਨੀ, ਪੁੰਨਾਵਾਲ, ਲੱਡਾ ਅਤੇ ਬਮਾਲ ਦੇ ਵਿਕਾਸ ਕਾਰਜਾਂ ਦੇ ਸਥਿਤੀ ਦਾ ਜਾਇਜ਼ਾ ਲਿਆ ਗਿਆ । ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਉੱਪ-ਪ੍ਰਮੁੱਖ ਸਕੱਤਰ ਯਸ਼ਪਾਲ ਸ਼ਰਮਾ, ਮੁੱਖ ਮੰਤਰੀ ਫੀਲਡ ਅਫਸਰ ਕਰਮਜੀਤ ਸਿੰਘ, ਏਡੀਸੀ (ਵਿਕਾਸ) ਸੁਖਚੈਨ ਸਿੰਘ ਪਾਪੜਾ, ਐਸ. ਡੀ. ਐਮ. ਵਿਕਾਸ ਹੀਰਾ, ਚੇਅਰਮੈਨ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਲੱਖਾ, ਡਾ. ਅਨਵਰ ਭਸੌੜ, ਜੱਸੀ ਸੇਖੋ, ਸਤਿੰਦਰ ਸਿੰਘ ਚੱਠਾ, ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ ।
