ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ

ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ
ਨਾਰਮਲ ਸਲਾਈਨ ਲਗਾਉਣ ਤੋਂ ਬਾਅਦ ਕੁਝ ਮਰੀਜਾਂ ਦੀ ਵਿਗੜੀ ਸੀ ਸਿਹਤ, ਪਰ ਡਾਕਟਰਾਂ ਨੇ ਸਥਿਤੀ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ, ਕਿਸੇ ਮਰੀਜ਼ ਨੂੰ ਰੈਫਰ ਕਰਨ ਦੀ ਨਹੀਂ ਪਈ ਲੋੜ
ਪੂਰੇ ਪੰਜਾਬ ਦੇ ਹਸਪਤਾਲਾਂ ਵਿੱਚ ਇਸ ਬੈਚ ਨਾਲ ਸੰਬੰਧਿਤ ਨਾਰਮਲ ਸਲਾਈਨ ਦੀ ਵਰਤੋਂ ‘ਤੇ ਲਗਾਈ ਰੋਕ
ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ, ਅਯੋਗ ਪਾਏ ਜਾਣ ਉਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਹੋਵੇਗੀ ਬਣਦੀ ਕਾਰਵਾਈ
ਸੰਗਰੂਰ, 15 ਮਾਰਚ : ਪੰਜਾਬ ਦੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕਰਕੇ ਗਾਇਨੀ ਵਾਰਡ ਵਿੱਚ ਦਾਖਲ ਮਹਿਲਾ ਮਰੀਜਾਂ ਦੀ ਸਿਹਤ ਦਾ ਜ਼ਾਇਜਾ ਲਿਆ ਗਿਆ । ਉਨ੍ਹਾਂ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ਉਤੇ ਮੌਜੂਦ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ 14 ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਾਰੇ ਹੀ ਸਿਹਤਯਾਬ ਹਨ । ਉਨ੍ਹਾਂ ਦੱਸਿਆ ਕਿ ਨਾਰਮਲ ਸਲਾਈਨ ਲਗਾਏ ਜਾਣ ਕਾਰਨ ਪਹਿਲਾਂ 3 ਮਰੀਜਾਂ ਨੂੰ ਸਿਹਤ ਸਬੰਧੀ ਕੁਝ ਦਿੱਕਤ ਪੇਸ਼ ਆਈ ਸੀ ਪਰ ਮੌਕੇ ਉੱਤੇ ਮੌਜੂਦ ਡਾਕਟਰਾਂ ਵੱਲੋਂ ਵਧੀਆ ਢੰਗ ਨਾਲ ਇਲਾਜ ਕੀਤਾ ਗਿਆ ਅਤੇ ਕਿਸੇ ਵੀ ਮਰੀਜ਼ ਨੂੰ ਰੈਫਰ ਕਰਨ ਦੀ ਲੋੜ ਨਹੀਂ ਪਈ । ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਬੈਚ ਨਾਲ ਸੰਬੰਧਿਤ ਨਾਰਮਲ ਸਲਾਈਨ ਦੀ ਵਰਤੋਂ ਕਰਨ ਉਤੇ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਡਰੱਗ ਇੰਸਪੈਕਟਰ ਵੱਲੋਂ ਇਸਦੇ ਨਮੂਨੇ ਲੈ ਕੇ ਜਾਂਚ ਲਈ ਲੈਬੋਰਟਰੀ ਵਿੱਚ ਭੇਜਿਆ ਜਾ ਰਿਹਾ ਹੈ, ਜਿਸ ਦੇ ਨਤੀਜੇ ਅਗਲੇ ਦੋ ਤਿੰਨ ਦਿਨਾਂ ਵਿੱਚ ਆਉਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਜੇਕਰ ਨਮੂਨੇ ਅਯੋਗ ਪਾਏ ਗਏ ਤਾਂ ਸਬੰਧ ਸਪਲਾਇਰ/ਫਰਮ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਸੰਗਰੂਰ ਵਿੱਚ ਹਰੇਕ ਤਰ੍ਹਾਂ ਦੀਆਂ ਸਰਵੋਤਮ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ । ਇਸ ਮੌਕੇ ਉਨ੍ਹਾਂ ਨਾਲ ਏਡੀਸੀ ਵਿਕਾਸ ਹੀਰਾ, ਐਸ. ਡੀ. ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਸਿਵਲ ਸਰਜਨ ਡਾ. ਸੰਜੇ ਕਾਮਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਵੀ ਹਾਜ਼ਰ ਸਨ ।
