ਐਨ. ਅੰਬਿਕਾ ਆਈਂ. ਪੀ. ਐਸ. ਗੋਰਵਸਾਲੀ ਇਸਤਰੀ ਤੋਂ ਵਿਦਿਆਰਥੀ ਸਬਕ ਲੈਣ

ਐਨ. ਅੰਬਿਕਾ ਆਈਂ. ਪੀ. ਐਸ. ਗੋਰਵਸਾਲੀ ਇਸਤਰੀ ਤੋਂ ਵਿਦਿਆਰਥੀ ਸਬਕ ਲੈਣ
ਪਟਿਆਲਾ : ਬੰਬਈ ਵਿਖੇ ਲੇਡੀ ਸਿੰਗਮ, ਦੇਸ਼ ਦੀ ਦੂਸਰੀ ਕਿਰਨ ਬੇਦੀ, ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਦਾ ਰੂਪ, ਡਾਕਟਰ ਭੀਮ ਰਾਓ ਅੰਬੇਦਕਰ ਵਜੋਂ ਸਨਮਾਨਤ, ਮਹਾਰਾਸ਼ਟਰ ਦੀ ਐਨ. ਅੰਬਿਕਾ (ਆਈ. ਪੀ. ਐਸ.) ਬਾਰੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਜ਼ਰੂਰ ਸਬਕ਼ ਲੈਣਾ ਚਾਹੀਦਾ ਹੈ । ਇਸ ਸਮੇਂ ਮਿਸਜ਼ ਐਨ. ਅੰਬਿਕਾ (ਆਈ. ਪੀ. ਐਸ) ਮਹਾਰਾਸ਼ਟਰ ਅਤੇ ਦੇਸ਼ ਵਿੱਚ ਬਹੁਤ ਸਨਮਾਨਿਤ ਇਸਤਰੀ ਹੈ, ਜਿਸ ਨੂੰ ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ ਜੀ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ । ਅੰਬਿਕਾ ਦਾ ਜਨਮ ਤਾਮਿਲਨਾਡੂ ਦੇ ਇੱਕ ਪਿੰਡ ਵਿਖੇ ਹੋਇਆ ਸੀ । ਇਨ੍ਹਾਂ ਦੇ ਪਿਤਾ, ਕਿਸੇ ਸਕੂਲ ਵਿਖੇ ਸਵੀਪਰ ਵਜੋਂ ਸੇਵਾ ਕਰਦੇ ਸਨ । ਇੱਕ ਝੋਪੜੀ ਵਿੱਚ, ਇਹ ਆਪਣੇ 5 ਭੈਣ ਭਰਾਵਾਂ, ਮਾਤਾ ਪਿਤਾ ਅਤੇ ਦਾਦਾ ਦਾਦੀ ਨਾਲ ਰਹਿੰਦੇ ਸਨ। ਜਦੋਂ ਆਬਿੰਕਾ ਨੇ ਅਠਵੀਂ ਜਮਾਤ ਪਾਸ ਕੀਤੀ ਤਾਂ ਇਸ ਨਾਬਾਲਗ ਦੀ ਸ਼ਾਦੀ, ਇੱਕ ਪੁਲਸ ਡਰਾਈਵਰ ਨਾਲ ਕਰ ਦਿੱਤੀ ਗਈ ਜ਼ੋ ਆਪਣੇ ਮਾਤਾ ਪਿਤਾ ਬਜ਼ੁਰਗਾਂ ਅਤੇ ਭੈਣ ਭਰਾਵਾਂ ਨਾਲ ਇੱਕ ਝੋਪੜੀ ਵਿੱਚ ਰਹਿੰਦਾ ਸੀ । ਇਸ ਦੀ ਕੁੱਖ ਤੋਂ ਦੋ ਬੇਟੀਆਂ ਨੇ ਜਨਮ ਲਿਆ । ਇਨ੍ਹਾਂ ਦੀ ਝੋਪੜੀ ਵਿੱਚ ਦੀਵੇ ਦੀ ਰੋਸ਼ਨੀ ਸੀ, ਗਲ਼ੀ ਵਿਚ ਲਗੀਆਂ ਸਰਕਾਰੀ ਟੂਟੀਆਂ ਤੋਂ ਪਾਣੀ ਲੈ ਕੇ ਗੁਜ਼ਾਰਾ ਕਰਦੇ ਸਨ । ਇੱਕ ਦਿਨ ਇਸ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਪੁਲਿਸ ਦੇ ਵੱਡੇ ਅਫਸਰਾਂ ਵਲੋਂ ਸਨਮਾਨਤ ਕੀਤਾ ਜਾਵੇਗਾ, ਇਸ ਲਈ ਅੰਬਿਕਾ ਉਸ ਨਾਲ ਅਪਣੀਆਂ ਬੇਟੀ ਨੂੰ ਲੈ ਕੇ ਸਮਾਗਮ ਦੇਖਣ ਗਈ, ਜਦੋਂ ਇੰਸਪੈਕਟਰ ਜਨਰਲ ਆਫ਼ ਪੁਲਸ, ਵੱਡੀ ਸਾਰੀ ਗੱਡੀ ਵਿੱਚ ਪਾਇਲਟ ਪੁਲਸ ਨਾਲ ਸਮਾਗਮ ਤੇ ਪਹੁੰਚੇ ਤਾਂ ਬੈਂਡ ਵੱਜਣ ਲੱਗੇ, ਫੋਰਸ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ। ਫੁੱਲਾਂ ਦੀ ਵਰਖਾ ਕੀਤੀ ਗਈ । ਚਾਰੇ ਪਾਸੇ ਤੋਂ ਪੁਲਸ ਕਰਮਚਾਰੀਆ ਅਤੇ ਅਧਿਕਾਰੀਆਂ ਵਲੋਂ ਸਲੂਟ ਦਿੱਤੇ ਦੇ ਰਹੇ ਸਨ। ਸਾਰੇ ਲੋਕ ਖੜ੍ਹੇ ਹੋਕੇ ਤਾਲੀਆਂ ਵਜਾ ਰਹੇ ਸਨ । ਅੰਬਿਕਾ ਵੀ ਖੜ੍ਹੇ ਹੋਕੇ ਸੱਭ ਦੇਖ ਰਹੀ ਸੀ । ਘਰ ਆਕੇ ਅੰਬਿਕਾ ਨੇ ਆਪਣੇ ਪਤੀ ਤੋਂ ਮੁੱਖ ਮਹਿਮਾਨ ਬਾਰੇ ਪੁੱਛਿਆ ਤਾਂ ਪਤਾ ਲਗਾ ਕਿ ਉਹ ਸੀਨੀਅਰ ਆਈ. ਪੀ. ਐਸ. ਅਧਿਕਾਰੀ ਹਨ । ਅੰਬਿਕਾ ਨੇ ਕਿਹਾ ਕਿ ਉਹ ਵੀ ਆਈ. ਪੀ. ਐਸ. ਅਫਸਰ ਬਣੇਗੀ ਤਾਂ ਪਤੀ ਨੇ ਜਵਾਬ ਦੇ ਦਿੱਤਾ, ਕਿਉਂਕਿ ਆਈ. ਪੀ. ਐਸ. ਅਫਸਰ ਬਣਨ ਲਈ, ਇਨਸਾਨ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ । ਅੰਬਿਕਾ ਨੇ ਕਿਹਾ ਕਿ ਉਹ ਅਗੇ ਪੜੇਗੀ ਅਤੇ ਉਸਨੇ, ਸਵੇਰੇ 4 ਵਜੇ ਤੋਂ 6 ਵਜੇ ਤੱਕ ਅਤੇ ਰਾਤੀਂ 9 ਤੋਂ 11 ਵਜੇ ਤੱਕ, ਗਲੀ ਦੀ ਲਾਇਟ ਵਿੱਚ ਬੈਠਕੇ ਪੜ੍ਹਣਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਉਸਨੇ ਬੀ. ਏ. ਪਾਸ ਕੀਤੀ । ਇਸ ਮਗਰੋਂ ਯੂ. ਪੀ. ਐਸ. ਈ. ਦੀ ਪ੍ਰੀਖਿਆ ਦੇਣ ਦੀ ਤਿਆਰੀ ਸ਼ੁਰੂ ਕੀਤੀ, ਜਿਸ ਹਿੱਤ ਉਸਨੂੰ ਕੋਚਿੰਗ ਲਈ ਸ਼ਹਿਰ ਜਾਣਾ ਪੈਂਦਾ ਸੀ । ਉਸ ਨੇ ਯੂ ਪੀ ਐਸ ਦਾ ਪੇਪਰ ਦਿੱਤਾ ਅਤੇ ਫੇਲ ਹੋ ਗਈ। ਉਸ ਨੇ ਤਿੰਨ ਵਾਰ ਪੇਪਰ ਦਿੱਤੇ ਅਤੇ ਫੇਲ ਹੁੰਦੀ ਰਹੀ ਤਾਂ ਪਤੀ ਨੇ ਕਿਹਾ ਕਿ ਉਹ ਕਿਸੇ ਸਕੂਲ ਵਿਖੇ ਅਧਿਆਪਕ ਵਜੋਂ ਨੋਕਰੀ ਸ਼ੁਰੂ ਕਰੇ ਪਰ ਉਸ ਦਾ ਇਰਾਦਾ ਯੂ. ਪੀ. ਐਸ. ਈ. ਦੀ ਪ੍ਰੀਖਿਆ ਪਾਸ ਕਰਕੇ, ਪੁਲਸ ਅਫਸਰ ਬਣਨਾ ਸੀ । ਅਗਲੀ ਵਾਰ ਉਸਨੇ ਹੋਰ ਤਿਆਰੀ ਅਤੇ ਪੁਰਾਣੇ ਤਜਰਬੇ, ਗਲਤੀਆਂ ਅਨੁਸਾਰ ਪੇਪਰ ਦਿੱਤਾ ਅਤੇ ਉਹ ਚੰਗੇ ਗਰੇਡ ਵਿਚ ਪਾਸ ਹੋਈ । ਉਸਨੂੰ ਪੁਲਸ ਵਿਚ ਭਰਤੀ ਕਰ ਲਿਆ ਗਿਆ । ਫੇਰ ਉਸਨੇ ਟ੍ਰੇਨਿੰਗ ਪਾਸ ਕੀਤੀ ਅਤੇ ਮਹਾਰਾਸ਼ਟਰ ਵਿਖੇ, ਏ. ਸੀ. ਪੀ. ਵਜੋਂ ਤੈਨਾਤੀ ਹੋਈ । ਇਸ ਸਮੇਂ ਉਹ ਬੰਬਈ ਵਿਖੇ ਸਹਾਇਕ ਪੁਲਸ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਹਨ । ਉਸ ਨੂੰ ਸਰਕਾਰ ਵੱਲੋਂ ਕੋਠੀ, ਜੀਪ ਅਤੇ ਹੋਰ ਸਰਕਾਰੀ ਸਹੂਲਤਾਂ ਮਿਲ ਰਹੀਆਂ ਹਨ । ਉਸ ਦੀਆਂ ਬੇਟੀਆਂ, ਭੈਣ ਭਰਾਵਾਂ ਅਤੇ ਪਤੀ ਦੇ ਭੈਣ ਭਰਾਵਾਂ ਦੇ ਬੱਚੇ, ਬਹੁਤ ਚੰਗੇ ਸਕੂਲਾਂ ਵਿਖੇ ਅੰਬਿਕਾ ਵਲੋਂ ਪੜ੍ਹਾਏ ਜਾ ਰਹੇ ਹਨ । ਉਹ ਅਕਸਰ, ਸਕੂਲਾਂ ਵਿਖੇ ਜਾਕੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਅਤੇ ਜ਼ਿੰਦਗੀ ਦੀਆਂ ਸਮਸਿਆਵਾਂ, ਮੁਸੀਬਤਾਂ, ਪ੍ਰੇਸ਼ਾਨੀਆਂ ਤੋਂ ਇਲਾਵਾ ਆਪਣੇ ਵਲੋਂ ਕੀਤੇ ਸੰਘਰਸ਼, ਪੱਕੇ ਇਰਾਦੇ ਅਤੇ ਇਸ ਸਮੇਂ ਮਿਲ ਰਹੀਆਂ ਸਰਕਾਰੀ ਸਹੂਲਤਾਂ, ਤਨਖਾਹਾਂ ਭੱਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ, ਆਪਣੀ ਸਖ਼ਤ ਮਿਹਨਤ ਅਤੇ ਉਜਵੱਲ ਭਵਿੱਖ ਤੇ ਮਾਣ ਮਹਿਸੂਸ ਕਰ ਰਹੀ ਹੈ । ਉਸ ਵਲੋਂ ਭਾਰਤ ਰਤਨ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਸਾਹਿਬ ਅਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਨੂੰ ਆਪਣੇ ਆਦਰਸ਼ ਬਣਾਇਆ ਗਿਆ ਅਤੇ ਉਨ੍ਹਾਂ ਬਾਰੇ ਵਿਦਿਆਰਥੀਆਂ ਆਪਣੇ ਸਟਾਫ਼ ਮੈਂਬਰਾਂ ਨੂੰ ਜਾਣਕਾਰੀ ਦਿੰਦੀ ਹੈ, ਕਿ ਪੱਕੇ ਇਰਾਦੇ, ਹੌਂਸਲੇ ਅਧਿਆਪਕ ਗੁਰੂਆਂ ਅਤੇ ਪਰਿਵਾਰਕ ਮੈਬਰਾਂ ਦੇ ਸਹਿਯੋਗ ਅਤੇ ਜ਼ਿੰਦਗੀ ਵਿਚ ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਸਾਹਮਣੇ ਕਿਸਮਤ ਵੀ ਬਦਲ ਸਕਦੀ ਹੈ । ਬੱਚਿਆਂ ਅਤੇ ਵਿਦਿਆਰਥੀਆਂ ਨੂੰ ਬਿਮਾਰੀਆਂ ਤੋਂ ਬਚਣ ਲਈ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕਸ, ਆਰਾਮ ਪ੍ਰਸਤੀਆਂ, ਐਸ਼ ਪ੍ਰਸਤੀਆਂ ਤੋਂ ਬਚਣ, ਜ਼ਿੰਦਗੀ ਵਿੱਚ ਉਚਾਈਆਂ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਇਮਾਨਦਾਰੀ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਆਗਿਆ ਪਾਲਣ ਬਾਰੇ ਜਾਣਕਾਰੀ ਦਿੰਦੀ ਜਾਂਦੀ ਹੈ । ਅੱਜ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਮਿਸਜ਼ ਐਨ ਅੰਬਿਕਾ ਆਈ. ਪੀ. ਐਸ. ਤੋਂ ਸਿੱਖਿਆ, ਸੰਸਕਾਰ, ਮਰਿਆਦਾਵਾਂ, ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਲਈ ਸਖ਼ਤ ਮਿਹਨਤ ਕਰਕੇ ਆਪਣੇ ਮਾਪਿਆਂ, ਬਜ਼ੁਰਗਾਂ, ਭੈਣ ਭਰਾਵਾਂ ਨੂੰ ਸਨਮਾਨ ਦਿਲਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ । ਕਿਉਂਕਿ ਪੰਜਾਬ ਦੇ ਵਿਦਿਆਰਥੀਆਂ, ਸਖ਼ਤ ਮਿਹਨਤ, ਇਮਾਨਦਾਰੀ, ਆਗਿਆ ਪਾਲਣ ਦੇ ਮਹਾਨ ਗੁਣਾਂ ਨੂੰ ਤਿਆਗ ਕੇ, ਨਸ਼ਿਆਂ, ਅਪਰਾਧਾਂ, ਮੋਜ਼ ਮਸਤੀਆਂ, ਮਨਮਰਜ਼ੀਆਂ, ਫੈਸਨਾਂ, ਸੰਵਾਦਾਂ ਅਤੇ ਵਿਦੇਸ਼ਾਂ ਵਿੱਚ ਜਾਣ ਲਈ ਉਤਾਵਲੇ ਰਹਿੰਦੇ ਹਨ ਜਦਕਿ ਪੰਜਾਬੀ ਬੱਚਿਆਂ ਅਤੇ ਨੋਜਵਾਨਾਂ ਕੋਲ, ਹਰ ਪ੍ਰਕਾਰ ਦੀਆਂ ਸੁੱਖ ਸਹੂਲਤਾਂ, ਸੇਵਾਵਾਂ, ਧੰਨ ਦੌਲਤ, ਮਕਾਨ ਕੋਠੀਆਂ, ਕਾਰਾਂ, ਗੱਡੀਆਂ ਹਨ ਜਦਕਿ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਸਾਹਿਬ, ਮਿਸਜ਼ ਐਨ ਅੰਬਿਕਾ ਅਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਘਰ ਵੀ ਘੋਰ ਗਰੀਬੀ ਦੇ ਹਾਲਾਤ ਸਨ ਪਰ ਉਨ੍ਹਾਂ ਦੇ ਪੱਕੇ ਇਰਾਦੇ, ਆਤਮ ਵਿਸ਼ਵਾਸ, ਹੌਂਸਲੇ, ਬਜ਼ੁਰਗਾਂ ਅਤੇ ਅਧਿਆਪਕ ਗੁਰੂਆਂ ਦੇ ਅਸ਼ੀਰਵਾਦ ਅਗਵਾਈ ਹੇਠ ਮਹਾਨ ਪ੍ਰਾਪਤੀਆਂ ਕੀਤੀਆਂ ਹਨ, ਜਿਸ ਸਦਕਾ ਅੱਜ ਮਿਸਜ਼ ਐਨ. ਅੰਬਿਕਾ ਆਈ ਪੀ ਐਸ ਨੂੰ ਉਚਾਈਆਂ ਤੇ ਪਹੁੰਚਾਇਆ ਹੈ। ਆਪਣੀ ਸਖ਼ਤ ਮਿਹਨਤ, ਪੱਕੇ ਇਰਾਦੇ, ਹੌਸਲਿਆਂ ਸਦਕਾ, ਉਸਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਸਨਮਾਨ, ਖੁਸ਼ੀਆਂ, ਸੁੱਖ ਸਹੂਲਤਾਂ ਦਿੱਤੀਆਂ ਹਨ ।
