ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਮੁੱਖ ਮੰਤਰੀ ਵਲੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਲਏ ਫ਼ੈਸਲੇ ਦੀ ਕੀਤੀ ਸ਼ਲਾਘਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 06 March, 2025, 10:47 AM

ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਮੁੱਖ ਮੰਤਰੀ ਵਲੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਲਏ ਫ਼ੈਸਲੇ ਦੀ ਕੀਤੀ ਸ਼ਲਾਘਾ
– ਸੀ. ਐਮ. ਦੇ ਭ੍ਰਿਸ਼ਟਾਚਾਰ ਵਿਰੁੱਧ ਲਏ ਫੈਸਲਿਆਂ ਨਾਲ ਜਨਤਾ ਨੂੰ ਮਿਲੇਗੀ ਰਾਹਤ : ਰਾਕੇਸ਼ ਗੁਪਤਾ
ਪਟਿਆਲਾ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਇਕ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੌਜੂਦਾ ਵਪਾਰੀਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਅੰਦਰ ਨਸ਼ਿਆਂ ਦੇ ਕੋਹੜ੍ਹ ਨੂੰ ਜੜ੍ਹੋਂ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਰਾਕੇਸ਼ ਗੁਪਤਾ ਅਤੇ ਵਪਾਰੀਆਂ ਨੇ ਕਿਹਾ ਕਿ ਨਸ਼ਿਆਂ ਅਤੇ ਨਸ਼ੇੜੀਆਂ ਵਿਰੁੱਧ ਜੋ ਕਾਰਵਾਈ ਪੰਜਾਬ ਸਰਕਾਰ ਵਲੋਂ ਚੱਲ ਰਹੀ ਹੈ ਇਕ ਸ਼ਲਾਘਾਯੋਗ ਕਦਮ ਹੈ ਤੇ ਇਸਦੀ ਚੁਫੇਰੇਓਂ ਸ਼ਲਾਘਾ ਵੀ ਹੋ ਰਹੀ ਹੈ । ਉਨਾ ਤਹਿਸੀਲਦਾਰਾਂ ਸਬੰਧੀ ਜੋ ਫ਼ੈਸਲਾ ਮੁੱਖ ਮੰਤਰੀ ਪੰਜਾਬ ਵਲੋਂ ਲਿਆ ਗਿਆ ਹੈ, ਉਸਦਾ ਵੀ ਸਵਾਗਤ ਕਰਦਿਆਂ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਜਿਹੜਾ ਕਿ ਹਰ ਵਿਭਾਗ ਵਿਚ ਫੈਲ ਚੁੱਕਿਆ ਹੈ ਦੇ ਕਾਰਨ ਜਨਤਾ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਿਨਾਂ ਰਿਸ਼ਵਤ ਲਏ ਕੋਈ ਵੀ ਅਧਿਕਾਰੀ ਕੰਮ ਨਹੀਂ ਕਰਦਾ ਪਰ ਮੁੱਖ ਮੰਤਰੀ ਵਲੋਂ ਭ੍ਰਿਸ਼ਟਾਚਾਰੀਆਂ ਵਿਰੁੱਧ ਲਏ ਗਏ ਫ਼ੈਸਲੇ ਸਿਰਫ਼ ਸ਼ਲਾਘਾਯੋਗ ਹੀ ਨਹੀਂ ਹਨ ਬਲਕਿ ਅਜਿਹਾ ਕਰਨ ਨਾਲ ਆਮ ਜਨਤਾ ਨੂੰ ਵੀ ਵੱਡੇ ਪੱਧਰ ਤੇ ਰਾਹਤ ਮਿਲੀ ਹੈ ।
ਉਨਾ ਕਿਹਾ ਕਿ ਲੰਮੇ ਸਮੇਂ ਤੋਂ ਜੋ ਕਿਸਾਨਾਂ ਵਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਦੇ ਕਾਰਨ ਪੰਜਾਬ ਦਾ ਵਪਾਰ ਇਕ ਪਾਸੇ ਤਬਾਹ ਹੁੰਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਵਪਾਰੀਆਂ ਦਾ ਵਿੱਤੀ ਨੁਕਸਾਨ ਵੀ ਵਧਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਧਰਨਾ ਪ੍ਰਦਰਸ਼ਨ ਦਾ ਰਾਹ ਛੱਡ ਕੇ ਸਰਕਾਰ ਨਾਲ ਗੱਲਬਾਤ ਰਾਹੀਂ ਹੀ ਕਿਸਾਨੀ ਮਸਲਿਆਂ ਦਾ ਹੱਲ ਕੱਢ ਲੈਣ ਤਾਂ ਜਿੰਨੀਆਂ ਵੀ ਸੜਕਾਂ ਬੰਦ ਪਈਆਂ ਖੁੱਲ੍ਹ ਜਾਣਗੀਆਂ ਤੇ ਪੰਜਾਬ ਦਾ ਵਪਾਰ ਮੁੜ ਚੱਲ ਪਵੇਗਾ, ਜਿਸ ਨਾਲ ਵਪਾਰੀਆਂ ਨੂੰ ਸੁੱਖ ਦਾ ਸਾਂਹ ਮਿਲ ਸਕੇਗਾ । ਰਾਕੇਸ਼ ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਸਨਅਤਾਂ ਲੱਗਣ ਨਾਲ ਜ਼ਿਆਦਾਤਰ ਗਿਣਤੀ ਵਿਚ ਨੌਜਵਾਨ ਬਾਹਰ ਦਾ ਰੁਖ ਨਹੀਂ ਕਰਨਗੇ ਤੇ ਇਥੇ ਪੰਜਾਬ ਵਿਚ ਰਹਿ ਕੇ ਹੀ ਕੰਮ ਕਰਨਗੇ, ਜਿਸ ਨਾਲ ਪੰਜਾਬ ਦੀ ਤਰੱਕੀ ਹੋਵੇਗੀ, ਜਿਸ ਬਾਰੇ ਸਰਕਾਰ ਨੂੰ ਸੋਚਨਾ ਚਾਹੀਦਾ ਹੈ। ਇਸ ਮੀਟਿੰਗ ਵਿਚ ਬਲਬੀਰ ਚੰਦ ਸਿੰਗਲਾ, ਭਾਰਤ ਭੂਸ਼ਣ, ਨਰਿੰਦਰ ਗੋਇਲ ਅਤੇ ਸੰਜੀਵ ਜੈਨ ਆਦਿ ਵਪਾਰੀ ਮੌਜੂਦ ਸਨ ।