ਹੜ੍ਹ ਪੀੜਤਾਂ ਦੀ ਮਦਦ ਲਈ ਸੂਬਾ ਸਰਕਾਰ ਵਚਨਬੱਧ : ਡਾ ਬਲਬੀਰ ਸਿੰਘ
ਹੜ੍ਹ ਪੀੜਤਾਂ ਦੀ ਮਦਦ ਲਈ ਸੂਬਾ ਸਰਕਾਰ ਵਚਨਬੱਧ : ਡਾ ਬਲਬੀਰ ਸਿੰਘ
-ਕਿਹਾ, ਔਖੀ ਘੜੀ ‘ਚ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਸ਼ਲਾਘਾਯੋਗ
-ਨਿਊ ਮੇਹਰ ਸਿੰਘ ਕਲੋਨੀ ਵੈੱਲਫੇਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਲਈ ਇੱਕ ਲੱਖ ਰੁਪਏ ਦਾ ਚੈੱਕ ਡਾ ਬਲਬੀਰ ਸਿੰਘ ਨੂੰ ਸੌਂਪਿਆ
-ਉਮੀਦ ਫਾਊਂਡੇਸ਼ਨ ਨੇ ਜਨਹਿਤ ਸਮਿਤੀ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਲੱਖ ਦੀ ਰਾਸ਼ੀ ਦਾ ਚੈੱਕ ਸੌਂਪਿਆ
ਪਟਿਆਲਾ 22 ਜੁਲਾਈ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਹੜ੍ਹਾਂ ਦੇ ਰੂਪ ਵਿੱਚ ਆਈ ਕੁਦਰਤੀ ਆਫ਼ਤ ਦੌਰਾਨ ਜਿਥੇ ਪੰਜਾਬ ਸਰਕਾਰ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕਾਂ ਨੂੰ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ ਉਥੇ ਹੀ ਆਮ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਸ਼ਲਾਘਾਯੋਗ ਹੈ।
ਡਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਹੋਕੇ ਸੇਵਾ ਨਿਭਾਈ ਹੈ ਤੇ ਜਦ ਹੁਣ ਸੂਬੇ ‘ਤੇ ਔਖਾ ਸਮਾਂ ਆਇਆ ਹੈ ਤਾਂ ਪੰਜਾਬੀਆਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਜ ਨਿਊ ਮੇਹਰ ਸਿੰਘ ਕਲੋਨੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਲਈ ਦਿੱਤੇ ਇੱਕ ਲੱਖ ਰੁਪਏ ਲਈ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਮਦਦ ਨਾਲ ਪੀੜਤਾਂ ਨੂੰ ਵੀ ਹਾਲਾਤ ਨਾਲ ਲੜਨ ਦਾ ਹੌਸਲਾ ਮਿਲਦਾ ਹੈ ਕਿ ਸਾਡੀ ਮਦਦ ਲਈ ਸਰਕਾਰ ਦੇ ਨਾਲ ਨਾਲ ਆਮ ਲੋਕ ਵੀ ਅੱਗੇ ਆ ਰਹੇ ਹਨ।
ਇਸ ਮੌਕੇ ਉਮੀਦ ਫਾਊਂਡੇਸ਼ਨ ਵੱਲੋਂ ਡਾ ਬਲਬੀਰ ਸਿੰਘ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਸੰਸਥਾ ਜਨਹਿਤ ਸਮਿਤੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਸੰਸਥਾ ਦੇ ਮੈਂਬਰ ਜਗਤਾਰ ਸਿੰਘ ਜੱਗੀ ਤੇ ਵਿਨੋਦ ਸ਼ਰਮਾ ਨੇ ਕਿਹਾ ਕਿ ਜਨਹਿਤ ਸਮਿਤੀ ਵੱਲੋਂ ਜਿਥੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਕੁਦਰਤੀ ਕਰੋਪੀ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਲੋਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਔਖੀ ਘੜੀ ਵਿੱਚ ਕੀਤੀ ਮਦਦ ਪੀੜਤਾਂ ਲਈ ਊਰਜਾ ਦਾ ਕੰਮ ਕਰੇਗੀ। ਇਸ ਮੌਕੇ ਕਰਨਲ ਜੇ ਵੀ ਸਿੰਘ ਬਲਵਿੰਦਰ ਸੈਣੀ ਜਸਬੀਰ ਗਾਂਧੀ, ਹਰੀ ਚੰਦ ਬਾਂਸਲ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਮੈਂਬਰ ਮੌਜੂਦ ਸਨ।