ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਦਿੜ੍ਹਬਾ ਵਿਖੇ 49ਵੇ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਸ਼ਾਨਦਾਰ ਆਗਾਜ਼

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਦਿੜ੍ਹਬਾ ਵਿਖੇ 49ਵੇ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਸ਼ਾਨਦਾਰ ਆਗਾਜ਼
ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ
ਓ. ਐਸ. ਡੀ. ਤਪਿੰਦਰ ਸਿੰਘ ਸੋਹੀ ਅਤੇ ਐਸ. ਡੀ. ਐਮ. ਰਾਜੇਸ਼ ਸ਼ਰਮਾ ਨੇ ਵੀ ਕੀਤੀ ਸ਼ਿਰਕਤ
ਦਿੜ੍ਹਬਾ/ ਸੰਗਰੂਰ, 24 ਫਰਵਰੀ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਦਿੜਬਾ ਦੇ ਸ਼ਹੀਦ ਬਚਨ ਸਿੰਘ ਸਟੇਡੀਅਮ ਵਿਖੇ 49ਵੇਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਕਬੱਡੀ ਕੱਪ ਦੀ ਸ਼ਾਨਦਾਰ ਸ਼ੁਰੂਆਤ ਕੀਤੀ । ਕੈਬਨਿਟ ਮੰਤਰੀ ਦੇ ਓ. ਐਸ. ਡੀ. ਤਪਿੰਦਰ ਸਿੰਘ ਸੋਹੀ, ਐਸ. ਡੀ. ਐਮ. ਰਾਜੇਸ਼ ਸ਼ਰਮਾ, ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦੇ ਪ੍ਰਧਾਨ ਕਰਨ ਘੁਮਾਣ, ਚੇਅਰਮੈਨ ਚਮਕੌਰ ਘੁਮਾਣ, ਵੱਡੀ ਗਿਣਤੀ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਦੀ ਮੌਜੂਦਗੀ ਵਿੱਚ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਿੜਬਾ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵੀ ਮਾਂ ਖੇਡ ਕਬੱਡੀ ਅਤੇ ਕੁਸ਼ਤੀ ਨੂੰ ਵਿਆਪਕ ਪੱਧਰ ਤੇ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤੋਂ ਇਹ ਪੂਰੀ ਉਮੀਦ ਪੈਦਾ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇੱਥੋਂ ਦੇ ਹੋਣਹਾਰ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਇਹਨਾਂ ਦੋਵਾਂ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਦੇ ਰਹਿਣਗੇ । ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਇਸ ਅੰਤਰਰਾਸ਼ਟਰੀ ਕਬੱਡੀ ਕੱਪ ਵਿੱਚ ਸ਼ਾਮਿਲ ਹੋਣ ਆਏ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਗਟਾਵਾ ਕਰਨ ਲਈ ਪ੍ਰੇਰਿਆ । ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸਾਹਿਤ ਕਰ ਰਹੀ ਹੈ ਅਤੇ ਸਾਡਾ ਟੀਚਾ ਹੈ ਕਿ ਵੱਧ ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਸ੍ਰੀ ਰਿਸ਼ੀ ਨੇ ਕਿਹਾ ਕਿ ਉਹਨਾਂ ਨੇ ਵੀ ਇਸ ਕਬੱਡੀ ਕੱਪ ਦੀ ਪ੍ਰਸਿੱਧੀ ਬਾਰੇ ਸੁਣਿਆ ਹੋਇਆ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਇਸ ਅਹਿਮ ਮੌਕੇ ਤੇ ਉਹਨਾਂ ਨੂੰ ਇਸ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਹੈ । ਉਹਨਾਂ ਨੇ ਪ੍ਰਬੰਧਕਾਂ ਨੂੰ ਇਸ ਸ਼ਾਨਦਾਰ ਉੱਦਮ ਲਈ ਵਧਾਈ ਦਿੱਤੀ ।
