ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਉਣ ਤੇ ਮੁਬਾਰਕਾਂ: ਗੁਰਸ਼ਰਨ ਕੌਰ ਰੰਧਾਵਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 26 February, 2025, 10:28 AM

ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਉਣ ਤੇ ਮੁਬਾਰਕਾਂ: ਗੁਰਸ਼ਰਨ ਕੌਰ ਰੰਧਾਵਾ
2027 ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਕੀਤਾ ਦਾਅਵਾ।
ਪਟਿਆਲਾ : ਛੱਤੀਸਗੜ੍ਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ਤੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪ੍ਰੈੱਸ ਕੋਲ ਇੱਕ ਲਿਖਤੀ ਬਿਆਨ ਰਾਹੀਂ ਕੀਤਾ । ਰੰਧਾਵਾ ਨੇ ਕਿਹਾ ਕਿ ਭੁਪੇਸ਼ ਬਘੇਲ ਜੀ ਬਹੁਤ ਹੀ ਸੁਲਝੇ ਹੋਏ ਸੀਨੀਅਰ ਕਾਂਗਰਸੀ ਆਗੂ ਹਨ, ਜਿੰਨਾ ਕੋਲ ਪ੍ਰਸ਼ਾਸਨ, ਸਰਕਾਰ ਅਤੇ ਕਾਂਗਰਸ ਦੇ ਸੰਗਠਨ ਨੂੰ ਚਲਾਉਣ ਦਾ ਵੱਡਾ ਤਜਰਬਾ ਹੈ ਅਤੇ ਇਸ ਗੱਲ ਦਾ ਲਾਹਾ ਪੰਜਾਬ ਕਾਂਗਰਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਰੂਰ ਮਿਲੇਗਾ । ਉਹ ਛੱਤੀਸਗੜ੍ਹ ਦੇ ਸੂਬਾ ਪ੍ਰਧਾਨ ਵੀ ਰਹੇ ਹਨ ।
ਰੰਧਾਵਾ ਨੇ ਕਿਹਾ ਕਿ ਲੰਘੇ ਸਾਲ ਉਹ ਕਾਂਗਰਸ ਦੇ ਸਰਵ ਭਾਰਤੀ ਪਲੇਨਰੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਛੱਤੀਸਗੜ੍ਹ ਗਏ ਸਨ ਤਾਂ ਉਨਾਂ ਨੇ ਛੱਤੀਸਗੜ੍ਹ ਵਿੱਚ ਲੋਕਾਂ ਨੂੰ ਬਘੇਲ ਜੀ ਵੱਲੋਂ ਕਰਾਏ ਵਿਕਾਸ ਦੀ ਤਾਰੀਫ਼ ਕਰਦਿਆਂ ਸੁਣਿਆ । ਬੀਬੀ ਰੰਧਾਵਾ ਨੇ ਦੱਸਿਆ ਕਿ ਰਾਏਪੁਰ ਵਿੱਚ ਉਨ੍ਹਾਂ ਦੇ ਭੁਅਜੀ ਗੁਰਸ਼ਰਨ ਕੌਰ ਗਰਚਾ ਕਨਕੇਰ ਨਾਮੀ ਵੱਡੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਨ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਨਾਲ ਬਘੇਲ ਜੀ ਦੇ ਪੁਰਾਣੇ ਸਬੰਧ ਹਨ । ਉਨਾਂ ਕਿਹਾ ਕਿ ਛੱਤੀਸਗੜ੍ਹ ਵਿੱਚ ਵਸੇ ਹੋਏ ਪੰਜਾਬੀ ਤੇ ਸਿੱਖ ਪਰਿਵਾਰਾਂ ਵਿੱਚ ਬਘੇਲ ਜੀ ਦਾ ਵੱਡਾ ਸਤਿਕਾਰ ਹੈ ਕਿਉਂਕਿ ਬਘੇਲ ਜੀ ਨੇ ਹਮੇਸ਼ਾ ਹੀ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਹੈ ਅਤੇ ਛੱਤੀਸਗੜ੍ਹ ਵਿੱਚ ਵਸੇ ਬਾਕੀ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਵੀ ਪੂਰਾ ਮਾਨ ਸਨਮਾਨ ਮਿਲਿਆ ਹੈ ਜਦੋਂ ਕਿ ਭਾਜਪਾ ਓਥੇ ਧਰਮ ਦੇ ਨਾਮ ਤੇ ਨਫ਼ਰਤ ਫੈਲਾਉਣ ਕਰਕੇ ਲੋਕਾਂ ਦੇ ਦਿਲਾਂ ਚੋਂ ਉੱਤਰ ਚੁੱਕੀ ਹੈ ।
ਉਨਾਂ ਆਸ ਜਤਾਈ ਕਿ ਭੁਪੇਸ਼ ਬਘੇਲ ਦੇ ਪੰਜਾਬ ਆਉਣ ਨਾਲ ਕਾਂਗਰਸੀ ਵਰਕਰਾਂ ਨੂੰ ਨਵਾਂ ਜੋਸ਼ ਮਿਲੇਗਾ ਅਤੇ ਪੰਜਾਬ ਕਾਂਗਰਸ ਵਿੱਚ ਨਵੀਂ ਰੂਹ ਫੂਕੀ ਜਾਏਗੀ ਜਿਸ ਦੀ ਬਦੌਲਤ ਅਸੀਂ 2027 ਵਿੱਚ ਯਕੀਨਨ ਹੀ ਕਾਂਗਰਸ ਦੀ ਸਰਕਾਰ ਲਿਆਉਣ ਵਿੱਚ ਕਾਮਯਾਬ ਹੋਵਾਂਗੇ । ਰੰਧਾਵਾ ਨੇ ਆਸ ਜਤਾਈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਂਸਦ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਡਾਕਟਰ ਧਰਮਵੀਰ ਗਾਂਧੀ ਵਰਗੇ ਸਾਰੇ ਆਗੂ ਬਘੇਲ ਜੀ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਕੰਮ ਕਰਨਗੇ ਜਿਸ ਨਾਲ ਵਰਕਰਾਂ ਵਿੱਚ ਨਵਾਂ ਉਤਸਾਹ ਪੈਦਾ ਹੋਵੇਗਾ । ਬੀਬੀ ਰੰਧਾਵਾ ਨੇ ਦੱਸਿਆ ਕਿ 28 ਫਰਵਰੀ ਨੂੰ ਭੁਪੇਸ਼ ਬਘੇਲ ਸੱਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਹੀ ਪੰਜਾਬ ਵਿੱਚ ਕਾਂਗਰਸ ਦੀ ਵਾਗਡੋਰ ਸੰਭਾਲਣਗੇ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ । ਬੀਬੀ ਰੰਧਾਵਾ ਨੇ ਕਿਹਾ ਕਿ ਉਸੀ ਦਿਨ ਪੰਜਾਬ ਮਹਿਲਾ ਕਾਂਗਰਸ ਆਪਣੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਹੇਠ ਭੁਪੇਸ਼ ਬਘੇਲ ਦਾ ਜ਼ੋਰਦਾਰ ਸਵਾਗਤ ਕਰੇਗੀ ।