ਪੰਜਾਬ ਸਰਕਾਰ ਵੱਲੋਂ ਧੂਰੀ ਹਲਕੇ ਦੇ ਪਿੰਡਾਂ ਦੀ ਨੁਹਾਰ ਨੂੰ ਸੰਵਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ : ਸੁਖਵੀਰ ਸਿੰਘ ਸੁੱਖੀ

ਪੰਜਾਬ ਸਰਕਾਰ ਵੱਲੋਂ ਧੂਰੀ ਹਲਕੇ ਦੇ ਪਿੰਡਾਂ ਦੀ ਨੁਹਾਰ ਨੂੰ ਸੰਵਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ : ਸੁਖਵੀਰ ਸਿੰਘ ਸੁੱਖੀ
ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀਜ਼ ਅਤੇ ਫੀਲਡ ਅਫਸਰ ਵੱਲੋਂ ਦਰਜਨ ਦੇ ਕਰੀਬ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
ਪਿੰਡਾਂ ਵਿੱਚ ਸੁਵਿਧਾਵਾਂ ਦੀ ਉਪਲਬਧਤਾ ਬਾਰੇ ਲਿਆ ਜਾਇਜ਼ਾ, ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ
ਧੂਰੀ / ਸੰਗਰੂਰ, 25 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਧੂਰੀ ਅਧੀਨ ਆਉਂਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਆਪਕ ਪੱਧਰ ‘ਤੇ ਉਪਰਾਲੇ ਚੱਲ ਰਹੇ ਹਨ । ਅੱਜ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਸੁਖਵੀਰ ਸਿੰਘ ਸੁੱਖੀ, ਪੰਜਾਬ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਸੀ. ਐਮ. ਫੀਲਡ ਅਫਸਰ ਡਾ. ਕਰਮਜੀਤ ਸਿੰਘ ਵੱਲੋਂ ਪਿੰਡ ਕਾਤਰੋਂ ਵਿਖੇ ਕੀਤੀ ਗਈ ਇੱਕ ਮੀਟਿੰਗ ਦੌਰਾਨ ਹਲਕੇ ਦੇ ਲਗਭਗ ਇੱਕ ਦਰਜਨ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡਾਂ ਦੇ ਵਸਨੀਕਾਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਦੀ ਜਰੂਰਤ ਮੁਤਾਬਕ ਗਲੀਆਂ ਨਾਲੀਆਂ ਬਣਾਉਣ ਦੇ ਨਾਲ ਨਾਲ ਧਰਮਸ਼ਾਲਾਵਾਂ ਦੇ ਨਿਰਮਾਣ, ਖੇਡ ਸਟੇਡੀਅਮ, ਪਾਰਕ, ਲਾਇਬ੍ਰੇਰੀਆਂ, ਸੋਲਰ ਲਾਈਟਾਂ, ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ, ਸਿਹਤ ਸੁਵਿਧਾਵਾਂ, ਵਿੱਤੀ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਬੈਂਕਾਂ ਰਾਹੀਂ ਕਰਜ਼ਾ ਦਿਵਾਉਣ, ਸੁੱਕਾ ਕੂੜਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਤਰ ਕਰਨ, ਲਿੰਕ ਸੜਕਾਂ ਦੀ ਮੁਰੰਮਤ, ਨਿਰਵਿਘਨ ਬਿਜਲੀ ਸਪਲਾਈ, ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਆਦਿ ਸਮੇਤ ਹਰ ਜਰੂਰਤ ਨੂੰ ਪੂਰਾ ਕਰਨ ਲਈ ਯੋਜਨਾਬੱਧ ਉਪਰਾਲੇ ਜਾਰੀ ਹਨ । ਮੀਟਿੰਗ ਦੌਰਾਨ ਓਐਸਡੀ ਸੁਖਵੀਰ ਸਿੰਘ ਸੁੱਖੀ ਨੇ ਸਮੂਹ ਵਿਭਾਗਾਂ ਅਤੇ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਟੀਚਿਆਂ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ । ਉਹਨਾਂ ਕਿਹਾ ਕਿ ਅਧਿਕਾਰੀ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਢੁਕਵਾਂ ਹੱਲ ਕਰਨ ਲਈ ਲਗਾਤਾਰ ਸਰਗਰਮ ਰਹਿਣ । ਮੀਟਿੰਗ ਦੌਰਾਨ ਹਲਕਾ ਧੂਰੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਕਾਰਜ ਸਾਧਕ ਅਫਸਰ ਵੀ ਮੌਜੂਦ ਸਨ ।
