ਪਟਿਆਲਾ ਜਿਲ੍ਹੇ ਵਿੱਚ ਚਲ ਰਹੀ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਡਰਾਈਵ

ਦੁਆਰਾ: Punjab Bani ਪ੍ਰਕਾਸ਼ਿਤ :Tuesday, 25 February, 2025, 02:15 PM

ਪਟਿਆਲਾ ਜਿਲ੍ਹੇ ਵਿੱਚ ਚਲ ਰਹੀ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਡਰਾਈਵ
ਪਟਿਆਲਾ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਪਟਿਆਲਾ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ 20 ਫਰਵਰੀ ਤੋਂ 31 ਮਾਰਚ ਤੱਕ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਡਰਾਈਵ ਪੂਰੇ ਜਿਲ੍ਹੇ ਵਿੱਚ ਚਲਾਈ ਜਾ ਰਹੀ ਹੈ । ਜਿਲ੍ਹੇ ਪਟਿਆਲਾ ਦੀ ਸਕਰੀਨਿੰਗ ਡਰਾਈਵ ਦੀ ਸ਼ੁਰੂਆਤ ਹਸਨਪੁਰ ਡਿਸਪੈਂਸਰੀ ਤੋਂ ਕੀਤੀ ਗਈ । ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਡਾ.ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਉੱਚ ਜੋਖਮ ਵਾਲੇ ਵਿਅਕਤੀਆਂ ਦੀ ਪਹਿਚਾਨ ਲਈ ਸਮੁਦਾਇਕ ਅਧਾਰਤ ਸਰਵੇਖਣ ਫਾਰਮ ਭਰੇ ਜਾ ਰਹੇ ਹਨ । ਸਿਹਤ ਵਿਭਾਗ ਦਾ ਮੁੱਖ ਟੀਚਾ ਹੈ ਕਿ 30 ਸਾਲ ਦੀ ਉਮਰ ਤੋਂ ਜਿਆਦਾ ਲੋਕਾਂ ਦਾ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਹੋਰ ਗੈਰ ਸੰਚਾਰੀ ਬਿਮਾਰੀਆਂ ਦੀ ਜਲਦ ਪਹਿਚਾਣ ਕਰਕੇ ਲੋਕਾਂ ਨੂੰ ਸਮੇਂ ਸਿਰ ਇਲਾਜ ਮੁਹਈਆ ਕਰਵਾਉਣਾ ਹੈ । ਇਸ ਮੁਹਿੰਮ ਦੌਰਾਨ ਬ੍ਰੈਸਟ ਸਕਰੀਨਿੰਗ, ਸਰਵਾਈਕਲ ਅਤੇ ਮੂੰਹ ਦੇ ਕੈਂਸਰ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ । ਇਹਨਾਂ ਤੋਂ ਬਚਣ ਲਈ ਨਿਯਮਤ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਹੋਣੀ ਬਹੁਤ ਜਰੂਰੀ ਹੈ । ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਪਟਿਆਲਾ ਡਾ. ਬਲਕਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੀ ਰੋਜਾਨਾ ਜ਼ਿੰਦਗੀ ਵਿੱਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਚੀਨੀ ਤੇ ਨਮਕ ਦੀ ਵਰਤੋਂ ਘੱਟ ਤੋਂ ਘੱਟ ਕਰੀਏ, 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸਾਲ ਵਿੱਚ ਦੋ ਵਾਰ ਖੂਨ ਦੀ ਜਾਂਚ ਅਤੇ ਬਲੱਡ ਪ੍ਰੈਸ਼ਰ ਆਦ ਸਰਕਾਰੀ ਸਿਹਤ ਕੇਂਦਰਾਂ ਤੇ ਹਸਪਤਾਲ ਵਿੱਚ ਜਾ ਕੇ ਜਰੂਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ । ਸਿਹਤਮੰਦ ਜੀਵਨ ਸ਼ੈਲੀ ਤੇ ਸਮੇਂ ਸਮੇਂ ਤੇ ਹੋਣ ਵਾਲੀ ਸਕਰੀਨਿੰਗ ਗੈਰ ਸੰਚਾਰੀ ਬਿਮਾਰੀਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ । ਉਹਨਾਂ ਦੱਸਿਆ ਕਿ ਗੈਰ ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ ਸਬੰਧੀ ਆਸ਼ਾ, ਏ. ਐਨ. ਐਮ, ਸਟਾਫ ਨੁਰਸ, ਸੀ.ਐਚ.ਓ ਅਤੇ ਮੈਡੀਕਲ ਅਫਸਰਾਂ ਨੂੰ ਇਸ ਸਬੰਧੀ ਟ੍ਰੇਨਿੰਗ ਦਿੱਤੀ ਜਾ ਚੁਕੀ ਹੈ । ਇਸ ਮੌਕੇ ਡੀਪੀਐਮ ਰਿਤਿਕਾ ਗਰੋਵਰ, ਡੀਐਮਈਓ ਮੋਨਿਕਾ ਅਤੇ ਹਸਪਤਾਲ ਦਾ ਸਾਰਾ ਸਟਾਫ ਮੌਜੂਦ ਸੀ ।