ਨੋਜਵਾਨਾਂ ਨੂੰ ਲਾਸ਼ਾਂ ਨਾ ਬਣਾਓ

ਦੁਆਰਾ: Punjab Bani ਪ੍ਰਕਾਸ਼ਿਤ :Monday, 03 March, 2025, 11:18 AM

ਨੋਜਵਾਨਾਂ ਨੂੰ ਲਾਸ਼ਾਂ ਨਾ ਬਣਾਓ
ਕੁੱਝ ਦਿਨ ਪਹਿਲਾਂ ਮੈਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਤਾਂ ਮੈਂ ਇੱਕ ਇਸਤਰੀ ਨੂੰ ਪਏ ਜੋੜਿਆ ਕੋਲ, ਰੋਂਦੇ ਅਤੇ ਸੇਵਾ ਕਰਦਿਆਂ ਦੇਖਿਆ । ਉਸ ਦੇ ਹਥਾਂ ਵਿੱਚ ਕੋਈ ਕੱਪੜਾ ਸੀ, ਜਿਸ ਨਾਲ ਉਹ, ਲੋਕਾਂ ਦੇ ਜੋੜੇ ਸਾਫ਼ ਕਰ ਰਹੀ ਸੀ ਅਤੇ ਰੋਂਦੀ ਜਾ ਰਹੀ ਸੀ । ਮੈਨੂੰ ਯਾਦ ਆਇਆ ਕਿ ਇਹ ਵਿਚਾਰੀ ਤਾਂ ਮੈਨੂੰ ਪਟਿਆਲਾ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਵਿੱਚ ਮਿਲ਼ੇ ਹਨ । ਮੈਨੂੰ ਯਾਦ ਆਇਆ ਕਿ ਇਸ ਇਸਤ੍ਰੀ ਨੇ ਮੈਨੂੰ ਡਾਕਟਰ ਸਾਹਿਬ ਕਹਿਕੇ ਸਤਿ ਸ਼੍ਰੀ ਆਕਾਲ ਬੁਲਾਈ ਸੀ ਅਤੇ ਦਸਿਆ ਸੀ ਕਿ ਉਸ ਦਾ ਬੇਟਾ ਨਸ਼ਿਆਂ ਵਿੱਚ ਫ਼ਸਿਆ ਹੋਇਆ ਹੈ । ਉਸਨੇ ਹੱਥ ਜੋੜਕੇ ਨਿਮਰਤਾ ਅਤੇ ਡਰਦੇ ਡਰਦੇ ਸਿਰ ਨੀਵਾਂ ਕਰਕੇ, ਅੱਖਾਂ ਵਿੱਚ ਹੰਜੂ ਭਰਕੇ ਕਿਹਾ ਸੀ ਕਿ ਡਾਕਟਰ ਸਾਹਿਬ ਕੀ ਤੁਹਾਡੇ ਹਸਪਤਾਲ ਵਿਖੇ ਕੋਈ ਅਜਿਹਾ ਇੰਜੈਕਸ਼ਨ ਨਹੀਂ, ਜ਼ੋ ਕਿਸੇ ਨੂੰ ਲਗਾ ਦਿੱਤਾ ਜਾਵੇ ਅਤੇ ਉਹ ਸੁੱਤਾ ਪਿਆ ਪਿਆ ਹੀ ਕੁਝ ਘੰਟਿਆਂ ਵਿੱਚ ਮਰ ਜਾਵੇ, ਕਿਉਂਕਿ ਉਹ ਹੁਣ ਆਪਣੇ ਪਿਆਰੇ ਬੇਟੇ ਦੀ ਜਿਉਂਦੀ ਲਾਸ਼ ਨੂੰ ਇਲਾਜ ਅਤੇ ਮੂੜ ਤੋਂ ਠੀਕ ਠਾਕ ਕਰਵਾਉਣ ਲਈ, ਥਾਂ ਥਾਂ ਤੇ ਥੱਕੇ ਖਾਕੇ ਧੱਕ ਚੁੱਕੀ ਹੈ, ਉਸ ਨੂੰ ਪੰਜਾਬ ਵਿੱਚ ਕੋਈ ਧਾਰਮਿਕ, ਸਮਾਜਿਕ ਸਿਖਿਆ ਅਤੇ ਮੈਡੀਕਲ ਸਥਾਨ ਨਹੀਂ ਮਿਲ ਰਹੇ ਜਿਥੇ ਬੱਚਿਆਂ, ਨੋਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਬਾਹਰ ਕਢਿਆ ਜਾਵੇ, ਅਤੇ ਸਾਡਾ ਪੰਜਾਬ ਪਹਿਲਾਂ ਵਰਗਾ ਖੁਸ਼ੀਆਂ, ਅਨੰਦ, ਭਾਈਚਾਰੇ ਵਾਲਾ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਪੰਜਾਬ ਬਣ ਜਾਵੇ । ਸਾਰੇ ਲੀਡਰ ਆਪਣੇ ਅਧਿਕਾਰਾਂ, ਹੱਕਾਂ, ਸਹੂਲਤਾਂ ਲਈ ਲੜ ਰਹੇ ਹਨ ਪਰ ਮਾਨਵਤਾ ਅਤੇ ਬੱਚਿਆਂ ਨੋਜਵਾਨਾਂ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਹੇ । ਬੱਚਿਆਂ, ਨੋਜਵਾਨਾਂ ਨੂੰ ਗੰਦਗੀ, ਫਾਸਟ ਫੂਡ, ਜੰਕ ਫੂਡ, ਸ਼ਰਾਬਾਂ ਅਤੇ ਦੂਜੇ ਨਸ਼ੇ ਸ਼ਰੇਆਮ ਖੁਦਗਰਜ਼ ਲਾਲਚੀ ਲੋਕਾਂ ਵਲੋਂ ਵੇਚੇ ਜਾ ਰਹੇ ਹਨ, ਜ਼ੋ ਆਪਣੇ ਘਰ, ਭਵਨ, ਮਹਿਲ ਸੋਨੇ, ਚਾਂਦੀ, ਧੰਨ ਦੌਲਤ ਨਾਲ ਭਰਨ ਲਈ, ਛੋਟੇ ਛੋਟੇ ਬੱਚਿਆਂ, ਨੋਜਵਾਨਾਂ, ਬੇਟੀਆਂ, ਬੇਟਿਆਂ ਨੂੰ ਨਸ਼ਿਆਂ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕਾਂ ਰਾਹੀਂ ਮੌਤਾਂ ਵੰਡ ਰਹੇ ਹਨ । ਪ੍ਰਮਾਤਮਾ ਤੋਂ ਵੀ ਡਰ ਨਹੀਂ ਲੱਗਦਾ ।
ਉਸਨੇ ਦੱਸਿਆ ਸੀ ਕਿ ਉਸ ਦਾ ਬੇਟਾ, ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ ਕਿ ਪਤਾ ਨਹੀਂ ਕਿਵੇਂ, ਨਸ਼ਿਆਂ ਦੀ ਵਰਤੋਂ ਕਰਨ ਲਗ ਪਿਆ । ਉਸ ਨੂੰ ਤਾਂ ਉਸ ਸਮੇਂ ਪਤਾ ਲਗਾ ਜਦੋਂ ਉਹ,‌ ਨਸ਼ੇ ਕਰਕੇ, ਸਕੂਲ ਦੇ ਗਰਾਉਂਡ ਵਿਖੇ ਡਿਗਿਆ ਪਿਆ ਸੀ । ਇਲਾਜ ਲਈ ਉਹ ਆਪਣੇ ਪੁੱਤਰ ਨੂੰ ਚੁੱਕਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਈ ਸਾਲਾਂ ਤੋਂ ਭਟਕ ਰਹੀ ਹੈ । ਉਸਨੇ ਰੋਂਦੇ ਹੋਏ ਦੱਸਿਆ ਸੀ ਕਿ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਉਹ 11 ਦਿਨ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਗੁਰੂਦਵਾਰਾ ਸਾਹਿਬ ਵਿਖੇ ਜਾਕੇ ਸੇਵਾ ਕਰੇ ਅਤੇ ਪ੍ਰਮਾਤਮਾ ਨੂੰ ਅਰਦਾਸ ਕਰਨ ਤਾਂ ਪ੍ਰਮਾਤਮਾ ਜ਼ਰੂਰ ਕਿਰਪਾ ਕਰਨਗੇ । ਉਸ ਦਿਨ ਜਦੋਂ ਉਹ ਮੈਨੂੰ ਸਾਕੇਤ ਹਸਪਤਾਲ ਵਿਖੇ ਮਿਲ਼ੀ ਸੀ, ਉਸ ਦੇ ਪੈਰਾਂ ਵਿੱਚ ਜ਼ਖ਼ਮ ਸਨ,‌ ਮੱਖੀਆਂ ਅਤੇ ਕੀੜੇ ਵੀ ਪੈਰਾਂ ਵਿੱਚੋਂ ਖੂਨ ਚੂਸ ਰਹੇ ਸਨ ਕਿਉਂਕਿ ਉਹ ਹਰਰੋਜ ਆਪਣੇ ਪਿੰਡ ਤੋਂ ਨੰਗੇ ਪੈਰੀਂ, ਬੱਸ ਰਾਹੀਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਗੁਰੂਦਵਾਰਾ ਵਿਖੇ ਸੇਵਾ ਕਰਨ, ਜਾਂਦੀ ਤਾਂ ਸੜਕਾਂ ਤੇ ਪਏ ਪੱਥਰਾਂ ਕਰਕੇ, ਉਸਦੇ ਪੈਰਾਂ ਵਿੱਚ ਜ਼ਖ਼ਮ ਹੋ ਗਏ ਸਨ ਪਰ ਉਸਨੂੰ ਆਪਣੇ ਜ਼ਖਮਾਂ ਦਾ ਦਰਦ, ਨਹੀਂ ਸਗੋਂ ਆਪਣੇ ਪੁੱਤਰ ਦੇ ਠੀਕ ਕਰਵਾਉਣ ਦੀ ਦੌੜ ਸੀ। ਉਸ ਦਿਨ ਉਸਦੀ ਚੂਨੀ ਵੀ ਥਾਂ ਥਾਂ ਤੋਂ ਗਿੱਲੀ ਸੀ ਸ਼ਾਇਦ ਉਹ ਹਸਪਤਾਲ ਵਿਖੇ ਆਉਂਦੇ ਹੋਏ, ਰੋਂਦੀ ਹੀ ਆਉਦੀ ਹੋਵੇਗੀ । ਉਹ 21 ਦਿਨ ਤੱਕ ਹਰਰੋਜ ਜਾਕੇ ਜੋੜਿਆ, ਬਰਤਨਾਂ ਅਤੇ ਜ਼ਮੀਨ ਦੀ ਸਫਾਈ ਕਰਦੀ ਰਹਿੰਦੀ,‌ ਫੇਰ ਕਿਸੇ ਕੋਨੇ ਵਿੱਚ ਬੈਠਕੇ ਜੀ ਭਰ ਕੇ ਰੋ ਲਿਆ ਕਰਦੀ ਸੀ ਪਰ ਬੇਟਾ ਠੀਕ ਨਾ ਹੋਇਆ । ਪਹਿਲਾਂ ਪਤੀ ਵੀ ਨਸ਼ਿਆਂ ਕਾਰਨ ਖਤਮ ਹੋ ਗਿਆ ਸੀ । ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਤੋਂ ਵੀ ਮਰੀਜ਼ਾਂ ਨੂੰ ਇੱਕ ਮਹੀਨੇ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ । ਮੈਂ ਦਿਮਾਗ ਦਿਲੋਂ ਬਹੁਤ ਜ਼ੋਰ ਲਗਾਇਆ ਕਿ ਪੁੱਛ ਲਵਾਂ ਕਿ ਉਸਦੇ ਬੇਟੇ ਦਾ ਕੀ ਹਾਲ ਹੈ ਪਰ ਉਸਦੇ ਹਾਲਤ ਅਤੇ ਮੁਰਝਾਇਆ ਚੇਹਰਾ,‌ ਅੱਖਾਂ ਵਿੱਚੋਂ ਡਿਗਦੇ ਹੰਝੂ ਸੱਭ ਕੁਝ ਦਸ ਰਹੇ ਸਨ। ਪਤਾ ਨਹੀਂ ਕਿਤਨੀਆਂ ਪੰਜਾਬੀ ਮਾਵਾਂ, ਪਿਉਂ ਅਤੇ ਬਜ਼ੁਰਗ, ਆਪਣੇ ਨਸ਼ਿਆਂ ਵਿਚ ਡੁੱਬੇ ਬੱਚਿਆਂ, ਨੋਜਵਾਨਾਂ, ਪਤੀਆਂ ਦੀਆਂ ਚਲਦੀਆਂ ਫਿਰਦੀਆਂ ਲਾਸ਼ਾਂ ਨੂੰ ਸੁਰਜੀਤ ਕਰਨ ਲਈ ਥਾਂ ਥਾਂ ਧੱਕੇ ਖਾ ਰਹੀਆਂ ਹਨ। ਨਸ਼ੇ ਕਰਦੇ, ਅਪਰਾਧਾਂ ਵਿੱਚ ਫ਼ਸੇ ਨੋਜਵਾਨਾਂ ਅਤੇ ਬਿਮਾਰੀਆਂ ਨਾਲ ਪੀੜਤ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਲਈ ਇਸ ਨਰਕ ਵਿਚੋ, ਬਾਹਰ ਕੱਢਣ ਲਈ, ਉਨ੍ਹਾਂ ਦੀਆਂ ਮੌਤਾਂ ਲਈ ਅਰਦਾਸਾਂ ਅਤੇ ਧਾਰਮਿਕ ਸਥਾਨਾਂ ਤੇ ਸੇਵਾ ਕਰਦੇ ਪਏ ਹਨ । ਸ਼ਾਇਦ ਧਾਰਮਿਕ ਸਥਾਨਾਂ ਤੇ ਅਜਿਹੇ ਹੀ ਬਜ਼ੁਰਗਾਂ, ਇਸਤਰੀਆਂ ਅਤੇ ਲੋਕਾਂ ਦੀ ਭੀੜਾਂ ਲੱਗੀਆਂ ਹੋਈਆਂ ਹਨ । ਜ਼ੋ ਆਪਣੇ ਘਰ ਪਰਿਵਾਰਾਂ ਦੀ ਸੁਰੱਖਿਆ ਬਚਾਉ ਖੁਸ਼ਹਾਲੀ ਉਨਤੀ ਲਈ ਅਰਦਾਸਾਂ ਕਰਨ ਲੱਗੇ ਹਨ । ਪਰ ਸ਼ਾਇਦ, ਅਜਿਹੀਆਂ ਹਜ਼ਾਰਾਂ, ਲੱਖਾਂ ਬਦਨਸੀਬ ਇਸਤਰੀਆਂ, ਬਜ਼ੁਰਗਾਂ ਅਤੇ ਮਾਪਿਆ ਲਈ ਉਨ੍ਹਾਂ ਦਾ ਰੱਬ ਵੀ ਨੱਸਈ ਹੋਕੇ, ਕਿਥਰੇ ਬੇਹੋਸ਼ ਪਿਆ ਹੋਵੇ। ਸ਼ਾਇਦ ਪੰਜਾਬ ਵਿੱਚੋ, ਗਰੀਬਾਂ ਮਜਲੁਮਾ ਬੇਸਹਾਰਿਆਂ ਦੇ, ਭਗਵਾਨ ਵੀ ਉਦਾਸ ਹੋ ਕੇ, ਕਿਧਰੇ ਚਲੇ ਗਏ ਹਨ । ਕਾਕਾ ਰਾਮ ਵਰਮਾ ਪਟਿਆਲਾ 9878611620