ਸਰਕਾਰ ਕਿਸਾਨਾਂ ਨੂੰ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਲਦ ਮੁਆਵਜ਼ਾ ਦੇਵੇ : ਸੋਨੂੰ ਬਘੌਰਾ

ਸਰਕਾਰ ਕਿਸਾਨਾਂ ਨੂੰ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਲਦ ਮੁਆਵਜ਼ਾ ਦੇਵੇ : ਸੋਨੂੰ ਬਘੌਰਾ
ਘਨੌਰ : ਅੱਜ ਗੁਰਦੁਆਰਾ ਸ੍ਰੀ ਦੀਵਾਨ ਹਾਲ ਘਨੌਰ ਵਿਖੇ ਕਿਸਾਨ ਯੂਨੀਅਨ ਪੁਆਧ ਦੀ ਮੀਟਿੰਗ ਹੋਈ, ਜਿਸ ਵਿਚ ਹਲਕਾ ਘਨੌਰ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਕਿਸਾਨ ਆਗੂਆਂ ਨੇ ਬੀਤੇ ਦਿਨੀਂ ਹੋਈ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੇ ਦੁੱਖ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਬੰਧਤ ਅਧਿਕਾਰੀਆਂ ਤੋਂ ਤਰੁੰਤ ਗਿਰਦਾਵਰੀ ਕਰਵਾ ਕੇ ਕਣਕ, ਸਰੋਂ, ਬਰਸੀਨ ਅਤੇ ਸਬਜ਼ੀਆਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ । ਇਸ ਮੌਕੇ ਕਿਸਾਨ ਯੂਨੀਅਨ ਪੁਆਦ ਦੇ ਆਗੂਆਂ ਵੱਲੋਂ ਨਿੱਜੀ ਤੌਰ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਜਿਨ੍ਹਾਂ ਭਰਾਵਾਂ ਦੀ ਫਸਲ ਨੂੰ ਗੜੇਮਾਰੀ ਦੀ ਮਾਰ ਤੋਂ ਬਚਾ ਰਹਿ ਗਿਆ ਹੈ । ਉਹ ਕਿਸਾਨ ਵੀਰ ਪੀੜਤ ਕਿਸਾਨ ਦੀ ਮੱਦਦ ਕਰਨ। ਤਾਂ ਜੋ ਉਸ ਨੂੰ ਇਹ ਸਦਮਾ ਮਹਿਸੂਸ ਨਾ ਹੋਵੇ। ਕਿਉਂਕਿ ਪ੍ਰਮਾਤਮਾ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਇਹ ਭਾਣਾ ਕਿਸੇ ਨਾਲ ਵੀ ਵਾਪਰ ਸਕਦਾ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਹੈ, ਜੇਕਰ ਉਨ੍ਹਾਂ ਕਿਸਾਨਾਂ ਕੋਲ ਅਗਲੀ ਫਸਲ ਬੀਜਣ ਲਈ ਵੀ ਦਾਣੇ ਨਹੀਂ ਬਚੇ ਤਾਂ ਕਿਸਾਨ ਭਰਾ ਉਨ੍ਹਾਂ ਦੀ ਖੁੱਲ੍ਹ ਕੇ ਮੱਦਦ ਕਰਨ । ਇਸ ਦੌਰਾਨ ਮੀਟਿੰਗ ਵਿੱਚ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ, ਜਿਸ ਤੇ ਸਾਰਿਆਂ ਦੀ ਸਹਿਮਤੀ ਨਾਲ ਧਰਨੇ ਵਿੱਚ ਜਾਣ ਦਾ ਫੈਸਲਾ ਹੋਇਆ, ਜਿਸ ਵਿਚ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਝੂੰਗੀਆਂ, ਜ਼ਿਲ੍ਹਾ ਪ੍ਰਧਾਨ ਸਰਦਾਰਾ ਸਿੰਘ ਘੁੰਗਰਾ, ਸੀਨੀਅਰ ਕਿਸਾਨ ਆਗੂ ਸੋਨੂੰ ਬਘੌਰਾ, ਗੁਰਦੀਪ ਸਿੰਘ ਰੁੜਕੀ, ਜਗਤਾਰ ਸਿੰਘ ਅਲਾਮਦੀਪੁਰ, ਨਰਾਤਾ ਸਿੰਘ ਲੋਂਦੀਪੁਰ, ਗੁਰਦੀਪ ਸਿੰਘ ਮੰਜੌਲੀ, ਸੁਖਚੈਨ ਮੰਜੌਲੀ, ਗੂਰਮੀਤ ਸਿੰਘ, ਧੀਰਜ ਸਿੰਘ ਸਲੇਮਪੁਰ ਸਮੇਤ ਹੋਰ ਵੀ ਕਿਸਾਨ ਮੌਜੂਦ ਸਨ ।
