ਜਥੇਦਾਰ ਟੌਹੜਾ ਦੀਆਂ ਕੀਤੀਆਂ ਵਡਮੁੱਲੀਆਂ ਸੇਵਾਵਾਂ ਨੂੰ ਹਮੇਸ਼ਾ ਕੌਮ ਯਾਦ ਰਖੇਗੀ : ਦਰਸ਼ਨ ਸਿੰਘ ਧਾਲੀਵਾਲ

ਜਥੇਦਾਰ ਟੌਹੜਾ ਦੀਆਂ ਕੀਤੀਆਂ ਵਡਮੁੱਲੀਆਂ ਸੇਵਾਵਾਂ ਨੂੰ ਹਮੇਸ਼ਾ ਕੌਮ ਯਾਦ ਰਖੇਗੀ : ਦਰਸ਼ਨ ਸਿੰਘ ਧਾਲੀਵਾਲ
– 15ਵਾਂ ਟੌਹੜਾ ਕਬੱਡੀ ਕੱਪ ਦਾ ਕੀਤਾ ਪੋਸਟਰ ਰਿਲੀਜ
ਪਟਿਆਲਾ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ 15ਵਾਂ ਟੌਹੜਾ ਕਬੱਡੀ ਕੱਪ ਦਾ ਪੋਸਟਰ ਰਿਲੀਜ ਕਰਦਿਆਂ ਉੱਘੇ ਐਨ. ਆਰ. ਆਈ. ਤੇ ਪ੍ਰਵਾਸੀ ਭਾਰਤੀ ਐਵਾਰਡ ਪ੍ਰਾਪਤ ਕਰਨ ਵਾਲੇ ਡਾ. ਦਰਸ਼ਨ ਸਿੰਘ ਧਾਲੀਵਾਲ ਨੇ ਆਖਿਆ ਕਿ ਜਥੇਦਾਰ ਟੌਹੜਾ ਦੀਆਂ ਕੀਤੀਆਂ ਵਡਮੁੱਲੀਆਂ ਸੇਵਾਵਾਂ ਨੂੰ ਹਮੇਸ਼ਾ ਕੌਮ ਯਾਦ ਰਖੇਗੀ । ਉਨ੍ਹਾ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਰਾਜਸੀ ਨੇਤਾਵਾਂ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀਆਂ ਸੇਵਾਵਾਂ ਅਤੇ ਉਨ੍ਹਾ ਦੇ ਜੀਵਨ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ । ਉਨ੍ਹਾਂ ਟੌਹੜਾ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਅਜਿਹੇ ਖੇਡ ਮੇਲਿਆਂ ਨੂੰ ਕਰਵਾਉਣ ਦੀ ਬਹੁਤ ਲੋੜ ਹੈ ਤਾਂ ਜੋ ਅੱਜ ਦੀ ਨੌਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਾਇਆ ਜਾ ਸਕੇ ਤਾਂ ਜੋ ਉਨ੍ਹਾ ਦਾ ਜੀਵਨ ਸਹੀ ਰਾਹ ਪੈ ਸਕੇ । ਇਸ ਮੌਕੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਜੋਕੇ ਸਮੇਂ ਦੇ ਵਿਚ ਜਥੇਦਾਰ ਟੌਹੜਾ ਦੀ ਘਾਟ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ । ਉਨ੍ਹਾਂ ਵਲੋ ਕੀਤੀਆਂ ਸੇਵਾਵਾਂ ਤੋਂ ਅਸੀ ਸੇਧ ਲੈ ਕੇ ਅਜੋਕੇ ਸਮੇਂ ਵਿਚ ਕੌਮ ਅਤੇ ਸਮਾਜ ਦੀ ਸੇਵਾ ਕਰ ਸਕਦੇ ਹਾਂ, ਇਸ ਲਈ ਸਾਨੂੰ ਉਨ੍ਹਾਂ ਵਲੋ ਦਿਖਾਏ ਪੂਰਨਿਆਂ ‘ਤੇ ਚੱਲਣ ਦੀ ਲੋੜ ਹੈ ।
ਇਸ ਮੌਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਵਿੰਦਰ ਸਿੰਘ ਟੌਹੜਾ ਨੇ ਆਖਿਆ ਕਿ ਇਹ 15ਵਾਂ ਕਬੱਡੀ ਕੱਪ 17 ਮਾਰਚ ਨੂੰ ਪਿੰਡ ਟੌਹੜਾ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਿ ਪੰਜਾਬ ਯੁਨਾਇਟਿਡ ਕਬੱਡੀ ਫੈਡਰੇਸ਼ਨ ਦੀਆਂ ਅਕੈਡਮੀਆਂ ਦੇ ਮੈਚ ਹੋਣਗੇ। ਇਸ ਖੇਡ ਮੇਲੇ ਵਿਚ ਪਹਿਲਾ ਇਨਾਮ ਸਵਾ 2 ਲੱਖ ਰੁਪਏ ਅਤੇ ਦੂਸਰਾ ਇਨਾਮ 1 ਲੱਖ 75 ਹਜਾਰ ਰੁਪਏ ਰਖਿਆ ਗਿਆ ਹੈ। ਇਸੇ ਤਰ੍ਹਾ ਬੈਸਟ ਰੇਡਰ ਤੇ ਜਾਫੀ ਨੂੰ 51-51 ਹਜਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਖੇਡ ਮੇਲੇ ਵਿਚ ਦੇਸ਼ ਵਿਦੇਸ਼ ਦੇ ਨਾਮੀ ਕਬੱਡੀ ਖਿਡਾਰੀ ਹਿੱਸਾ ਲੈਣਗੇ ।
ਇਸ ਮੌਕੇ ਸ. ਚਰਨਜੀਤ ਸਿੰਘ ਰੱਖੜਾ, ਹਰੀ ਸਿੰਘ ਐਮ. ਡੀ. ਪ੍ਰੀਤ ਕੰਬਾਈਨ, ਤੇਜਿੰਦਰ ਪਾਲ ਸਿੰਘ ਸੰਧੂ, ਰਣਧੀਰ ਸਿੰਘ ਢੀਂਡਸਾ, ਕਬੱਡੀ ਕੱਪ ਦੇ ਸਰਪ੍ਰਸਤ ਜਸਵੰਤ ਸਿੰਘ ਅਕੌਤ, ਪ੍ਰਧਾਨ ਸੁਰਿੰਦਰ ਸਿੰਘ ਜਿੰਦਲਪੁਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਪਾਲ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ ਸਿੱਧੂ, ਲੀਗਲ ਐਡਵਾਈਜਰ ਐਡਵੋਕੇਟ ਸੁਖਵੀਰ ਸਿੰਘ ਖਾਂਸੀਆ, ਮੀਤ ਪ੍ਰਧਾਨ ਗੁਰਸਿਮਰਨ ਸਿੰਘ ਬੈਦਵਾਨ, ਜਗਤਾਰ ਸਿੰਘ ਮਾਜਰੀ ਅਕਾਲੀਆਂ, ਬਬਲੀ ਨਾਭਾ ਕੋਚ, ਗੁਰਰਾਜ ਸਿੰਘ ਬੈਦਵਾਨ, ਭਗਵੰਤ ਸਿੰਘ ਮੂੰਡਖੇੜਾ ਆਦਿ ਮੌਜੂਦ ਸਨ ।
