ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬੀ ਯੂ-ਟਿਊਬਕਾਰੀ' ਬਾਰੇ ਕੋਰਸ ਸਮਾਪਤ

ਪੰਜਾਬੀ ਯੂਨੀਵਰਸਿਟੀ ਵਿਖੇ ‘ਪੰਜਾਬੀ ਯੂ-ਟਿਊਬਕਾਰੀ’ ਬਾਰੇ ਕੋਰਸ ਸਮਾਪਤ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਕਰਵਾਇਆ ਗਿਆ ‘ਪੰਜਾਬੀ ਯੂ-ਟਿਊਬਕਾਰੀ’ ਬਾਰੇ ਕਰੈਸ਼ ਕੋਰਸ ਅੱਜ ਸਫਲਤਾ ਪੂਰਵਕ ਸਮਾਪਤ ਹੋ ਗਿਆ । ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਦੀ ਪ੍ਰਧਾਨਗੀ ਹੇਠ ਹੋਏ ਸਮਾਪਤੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਡਾਇਰੈਕਟਰ, ਯੋਜਨਾ ਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਡਾ. ਜਸਵਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਏ.ਆਈ ਅਜੋਕੇ ਜਮਾਨੇ ਦੀ ਮੁੱਖ ਲੋੜ ਹੈ, ਸਾਨੂੰ ਵੀਡੀਓ ਅਤੇ ਯੂ-ਟਿਊਬਕਾਰੀ ਵਿੱਚ ਏਆਈ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਸੰਬੋਧਨ ਵਿੱਚ ਡਾ. ਹਰਵਿੰਦਰ ਪਾਲ ਕੌਰ ਨੇ ਯੂ-ਟਿਊਬਕਾਰਾਂ ਨੂੰ ਉਸਾਰੂ ਅਤੇ ਸਮਾਜ ਨੂੰ ਨਵੀਂ ਸੇਧ ਦੇਣ ਵਾਲੇ ਵਿਸ਼ਿਆਂ ਉੱਤੇ ਵੀਡੀਓ ਬਣਾਉਣ ਦੀ ਸਲਾਹ ਦਿੱਤੀ ।
ਕੋਰਸ ਕੋਆਰਡੀਨੇਟਰ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਸ ਬੈਚ ਵਿੱਚ ਕੁੱਲ 24 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਜਿਨਾਂ ਵਿੱਚੋਂ 40 ਫੀਸਦੀ ਵਿਦਿਆਰਥੀ ਪਹਿਲਾਂ ਹੀ ਯੂ-ਟਿਊਬਕਾਰੀ ਦਾ ਕੰਮ ਕਰ ਰਹੇ ਹਨ ਤੇ ਜਿਨ੍ਹਾਂ ਆਡੀਓ ਤੇ ਵੀਡੀਓ ਐਡੀਟਿੰਗ, ਯੂ-ਟਿਊਬਕਾਰੀ, ਐਸਈਓ ਅਤੇ ਕਮਾਈ ਕਰਨ ਦੇ ਗੂੜ੍ਹ ਗਿਆਨ ਨੂੰ ਵਿਧੀ ਪੂਰਵਕ ਸਿਖਣ ਲਈ ਇਸ ਪ੍ਰੋਗਰਾਮ ਵਿੱਚ ਦਾਖਲਾ ਲਿਆ ਹੈ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਇਹਨਾਂ ਕੋਰਸਾਂ ਬਾਰੇ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਹੈ। ਇਸ ਕੋਰਸ ਵਿੱਚ ਯੂਨੀਵਰਸਿਟੀ ਦੇ ਸੰਗੀਤ, ਪੰਜਾਬੀ ਅਤੇ ਸਾਹਿਤ ਅਧਿਐਨ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਿੱਖਿਆ ਵਿਭਾਗ ਤੋਂ ਭਾਗੀਦਾਰ ਹਾਜ਼ਰ ਹੋਏ । ਕਈ ਭਾਗੀਦਾਰ ਵਕਾਲਤ, ਪੱਤਰਕਾਰੀ, ਵਪਾਰ, ਵੈਬ ਡਿਵੈਲਪਰ ਆਦਿ ਕਿਤਿਆਂ ਨਾਲ ਸੰਬੰਧਿਤ ਸਨ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਮੁੱਖ ਕੰਮ ਖੋਜ ਅਤੇ ਅਧਿਆਪਨ ਦੇ ਨਾਲ-ਨਾਲ ਆਮ ਨਾਗਰਿਕਾਂ ਨੂੰ ਤਕਨਾਲੋਜੀ ਦੇ ਹਾਣ ਦਾ ਬਣਾਉਣਾ ਵੀ ਹੁੰਦਾ ਹੈ । ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਇਸ ਮੰਤਵ ਦੀ ਪੂਰਤੀ ਲਈ ਅੱਗੇ ਵੱਧ ਕੇ ਕੰਮ ਕਰ ਰਿਹਾ ਹੈ । ਇਸ ਮੌਕੇ ਸ. ਮਨਿੰਦਰ ਸਿੰਘ ਡਾ. ਹੈਪੀ ਬਾਂਸਲ ਅਤੇ ਰੋਹਿਤ ਗਰਗ ਨੂੰ ਬੇਹਤਰੀਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਭਾਗ ਦੇ ਅਧਿਆਪਕ ਮੈਡਮ ਪਲਵੀ ਕੌਸ਼ਲ, ਮੈਡਮ ਸਿਮਰਤ ਕੌਰ ਅਤੇ ਸ੍ਰੀ ਵਰਿੰਦਰ ਖੁਰਾਣਾ ਵੀ ਹਾਜ਼ਰ ਸਨ । ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਡਾ. ਬਰਾੜ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਖੰਨੇ ਦੇ ਵਪਾਰ ਅਤੇ ਪੱਤਰਕਾਰੀ ਨਾਲ ਜੁੜੇ ਕੋਰਸ ਦੇ ਭਾਗੀਦਾਰ ਸ. ਰਣਜੀਤ ਸਿੰਘ ਲਾਲ ਨੇ ਨਿਭਾਈ ।
