ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਾਡਬੰਜਾਰਾ ਮਾਈਨਰ ਦਾ ਵਾਧੂ ਪਾਣੀ ਸੰਭਾਲਣ ਲਈ 2.37 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਾਡਬੰਜਾਰਾ ਮਾਈਨਰ ਦਾ ਵਾਧੂ ਪਾਣੀ ਸੰਭਾਲਣ ਲਈ 2.37 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਲਾਡਬੰਜਾਰਾ ਰਜਬਾਹੇ ਦੇ ਮਾਈਨਰ ਨੰਬਰ 9 ਦੀ ਨਵੀਂ ਉਸਾਰੀ ਦੇ ਕੰਮ ਦੀ ਵੀ ਕਰਵਾਈ ਸ਼ੁਰੂਆਤ
ਲਹਿਰਾਗਾਗਾ/ ਸੰਗਰੂਰ, 1 ਮਾਰਚ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਕਵਾਇਤ ਤਹਿਤ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਲਗਾਤਾਰ ਲੋੜੀਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ । ਅੱਜ ਹਲਕਾ ਲਹਿਰਾ ਦੇ ਪਿੰਡ ਭਟਾਲ ਕਲਾਂ ਵਿਖੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਵੱਲੋਂ ਮਾਈਨਰ ਨੰਬਰ 8 ਦਾ ਵਾਧੂ ਪਾਣੀ ਸੰਭਾਲਣ ਲਈ 2.37 ਕਰੋੜ ਰੁਪਏ ਦੀ ਲਾਗਤ ਨਾਲ 7500 ਫੁੱਟ ਲੰਬੀ ਇਸਕੇਪ ਪਾਈਪਲਾਈਨ ਪਾਉਣ ਦੇ ਕੰਮ ਦਾ ਆਗਾਜ਼ ਕੀਤਾ ਗਿਆ । ਇਸ ਦੇ ਨਾਲ ਹੀ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਵੱਲੋਂ ਲਾਡਬੰਜਾਰਾ ਰਜਬਾਹੇ ਦੇ ਮਾਈਨਰ ਨੰਬਰ 9 ਦੀ ਨਵੀਂ ਉਸਾਰੀ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ । ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਪਾਈਪਲਾਈਨ ਨੂੰ ਪਾਉਣ ਲਈ 3.13 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਪਾਸ ਕੀਤੀ ਗਈ ਸੀ ਪਰ ਇਸਨੂੰ ਹੁਣ ਮਹਿਜ਼ 2 ਕਰੋੜ 37 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕਰਵਾਇਆ ਜਾਵੇਗਾ ਜਿਸ ਨਾਲ ਸਰਕਾਰ ਦੇ ਕਰੀਬ 76 ਲੱਖ ਰੁਪਏ ਦੀ ਬੱਚਤ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਪਾਈਪਲਾਈਨ ਦੀ ਉਸਾਰੀ ਤੋਂ ਬਾਅਦ ਰਜਬਾਹੇ ਵਿੱਚ ਮੌਜੂਦ ਵਾਧੂ ਪਾਣੀ ਨੂੰ ਲਹਿਰਾਗਾਗਾ ਮੇਨ ਡਰੇਨ ਵਿੱਚ ਪਾਇਆ ਜਾਵੇਗਾ ਤਾਂ ਜੋ ਓਵਰਫਲੋਅ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ । ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪਾਈਪਲਾਈਨ ਦੇ ਨਿਰਮਾਣ ਨਾਲ ਹਲਕਾ ਲਹਿਰਾ ਅਤੇ ਹਲਕਾ ਦਿੜਬਾ ਦੇ 87 ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ।
ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਦੱਸਿਆ ਕਿ 50 ਕਿਲੋਮੀਟਰ ਲੰਬਾ ਲਾਡਬੰਜਾਰਾ ਰਜਬਾਹਾ ਸਿਸਟਮ ਪੰਜਾਬ ਦੇ ਸਭ ਤੋਂ ਵੱਡੇ ਰਜਬਾਹਾ ਸਿਸਟਮਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚੋਂ 14 ਮਾਈਨਰਾਂ, 1 ਸਬ ਮਾਈਨਰ ਅਤੇ 5 ਬਰਾਂਚਾਂ ਨਿਕਲਦੀਆਂ ਹਨ ਅਤੇ ਵਾਧੂ ਪਾਣੀ ਨਾਲ ਇਸ ਰਜਬਾਹੇ ਦੇ ਆਲੇ ਦੁਆਲੇ ਨੁਕਸਾਨ ਦਾ ਖਤਰਾ ਵੀ ਵੱਧ ਸੀ । ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਇਸੇ ਤਰ੍ਹਾਂ ਮਾਈਨਰ ਨੰਬਰ 9 ਤਕਰੀਬਨ 35 ਸਾਲ ਪੁਰਾਣਾ ਬਣਿਆ ਹੋਇਆ ਹੈ ਜੋ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁੜ ਤੋਂ ਉਸਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਾਈਨਰ ਦੀ ਮੁੜ ਉਸਾਰੀ ਨਾਲ ਹਲਕਾ ਲਹਿਰਾ ਦੇ 5 ਪਿੰਡਾਂ, ਦੇਹਲਾ ਸੀਹਾਂ, ਭੁਟਾਲ ਕਲਾਂ, ਭੁਟਾਲ ਖੁਰਦ, ਲਹਿਲ ਕਲਾਂ ਅਤੇ ਗੋਬਿੰਦਪੁਰ ਪਾਪੜਾ ਦੇ 2352 ਏਕੜ ਰਕਬੇ ਨੂੰ ਪੂਰੀ ਸਮਰੱਥਾ ਨਾਲ ਨਹਿਰੀ ਪਾਣੀ ਦਾ ਲਾਭ ਮਿਲੇਗਾ । ਉਹਨਾਂ ਕਿਹਾ ਕਿ ਇਸ ਮਾਈਨਰ ਦੇ ਦੋਵੇਂ ਪਾਸੇ ਭਾਰੀ ਦਰੱਖਤਾਂ ਦੀ ਮੌਜੂਦਗੀ ਕਾਰਨ ਇਸ ਦੀ ਉਸਾਰੀ ਰਵਾਇਤੀ ਤਰੀਕੇ ਜਰੀਏ ਇੱਟਾਂ ਨਾਲ ਹੀ ਕਰਵਾਈ ਜਾਵੇਗੀ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਮਦਦ ਕਰਨ ਵਾਲੇ ਇਨਾਂ ਵਡਮੁੱਲੇ ਦਰਖਤਾਂ ਨੂੰ ਬਚਾਇਆ ਜਾ ਸਕੇ । ਉਹਨਾਂ ਕਿਹਾ ਕਿ ਇਸ ਮਾਈਨਰ ਨੂੰ ਲਗਭਗ 1 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾਵੇਗਾ । ਇਸ ਮੌਕੇ ਕੈਬਨਿਟ ਮੰਤਰੀ ਦੇ ਪੀ.ਏ ਰਾਕੇਸ਼ ਕੁਮਾਰ ਗੁਪਤਾ, ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਉਪ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਪੁੰਜ ਤੋਂ ਇਲਾਵਾ ਜਸਵੀਰ ਸਿੰਘ ਸਰਪੰਚ ਭੁਟਾਲ ਕਲਾਂ, ਹਰਬੰਸ ਸਿੰਘ ਸਰਪੰਚ ਡੇਰਾ ਪੰਚਾਇਤੀ ਭੁਟਾਲ ਕਲਾਂ, ਗੁਰਸੰਤ ਸਿੰਘ, ਜੁਗਰਾਜ ਸਿੰਘ, ਮੋਹਨ ਲਾਲ ਪ੍ਰਧਾਨ ਗਊਸ਼ਾਲਾ, ਅਵਤਾਰ ਸਿੰਘ ਪਰੋਚਾ ਫੌਜੀ ਸਮੇਤ ਹੋਰ ਲੋਕ ਵੀ ਹਾਜ਼ਰ ਸਨ ।
