ਆਲ੍ਹਣੇ ਬਣਾਉਣ ਦੀ ਗਤੀਵਿਧੀਆ ਕਰਵਾਈਆਂ

ਆਲ੍ਹਣੇ ਬਣਾਉਣ ਦੀ ਗਤੀਵਿਧੀਆ ਕਰਵਾਈਆਂ
ਪਟਿਆਲਾ, 1 ਮਾਰਚ : ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਅਤੇ ਐਸਡੀਜੀ ਫਾਊਂਡੇਸ਼ਨ ਵੱਲੋਂ ਇਕ ਰੋਜ਼ਾ ਆਲ੍ਹਣੇ ਬਣਾਉਣਾ (ਨੈਸਟ ਮੇਕਿੰਗ) ਐਕਟੀਵਿਟੀ ਨੈਸਟ ਮੈਨ ਆਫ ਇੰਡੀਆ ਰਾਕੇਸ਼ ਖੱਤਰੀ ਵੱਲੋਂ ਕਰਵਾਈ ਗਈ । ਇਸ ਗਤੀਵਿਧੀ ਵਿੱਚ 60 ਈਕੋ ਕਲੱਬ ਕੋਆਡੀਨੇਟਰ ਅਤੇ 50 ਵਿਦਿਆਰਥੀਆਂ ਨੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਭਾਗ ਲਿਆ । ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਜਿਲਾ ਸਿੱਖਿਆ ਦਫਤਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ’ਚ ਜਿਲਾ ਈਈਪੀ ਕੋਆਰਡੀਨੇਟਰ ਗਗਨਦੀਪ ਕੌਰ ਨੇ ਦੱਸਿਆ ਕਿ ਨੈਸਟ ਮੈਨ ਆਫ ਇੰਡੀਆ ਰਾਕੇਸ਼ ਖੱਤਰੀ ਦੋ ਵਾਰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ਤੇ ਉਨ੍ਹਾਂ ਨੂੰ ਇੰਟਰਨੈਸ਼ਨਲ ਗਰੀਨ ਐਪਲ ਅਵਾਰਡ ਵੀ ਮਿਲਿਆ ਹੈ, ਇਸ ਦੇ ਨਾਲ ਹੀ ਉਹ ਆਈਯੂਸੀਐਨ ਦੇ ਮੈਂਬਰ ਵੀ ਹਨ । ਰਕੇਸ਼ ਖੱਤਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਰਖਤਾਂ ਅਤੇ ਪੰਛੀਆਂ ਦੀ ਮਹੱਤਤਾ ਅਤੇ ਪੰਛੀਆਂ ਨੂੰ ਉਨ੍ਹਾਂ ਦੇ ਰਹਿਣ ਵਾਸਤੇ ਆਲੵਣੇ ਬਣਾਉਣੇ ਸਿਖਾਏ । ਐਸ. ਡੀ. ਜੀ. ਫਾਊਂਡੇਸ਼ਨ ਤੋਂ ਡਾਕਟਰ ਮੀਨਲ ਗਰੋਵਰ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਆ । ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸੰਜੀਵ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਟਿਕਾਊ ਸਰੋਤਾਂ ਦੀ ਵਰਤੋਂ ਹੀ ਵਾਤਾਵਰਣ ਨੂੰ ਬਚਾਉਣ ਦਾ ਹੱਲ ਹੈ । ਜ਼ਿਲਾ ਸਿੱਖਿਆ ਦਫ਼ਤਰ ਵੱਲੋਂ ਰਾਕੇਸ਼ ਖੱਤਰੀ ਤੇ ਐੱਸਡੀਜੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਵਧੀਆ ਆਲ੍ਹਣੇ ਬਣਾਉਣ ਵਾਲੇ ਵਿਦਿਆਰਥੀਆਂ ਤੇ ਕੋਆਰਡੀਨੇਟਰਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਉਨ੍ਹਾਂ ਨੂੰ ਹੋਰਨਾ ਸਾਥੀਆਂ ਨੂੰ ਵੀ ਇਸ ਵੱਲ ਪ੍ਰੇਰਿਤ ਕਰਨ ਦੀ ਅਪੀਲ ਕੀਤੀ ।
