ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਫ਼ਾਈਵ-ਜੀ ਵਾਇਰਲੈੱਸ ਐਪਲੀਕੇਸ਼ਨਾਂ ਦੁਆਰਾ ਬਿਹਤਰ ਸੰਚਾਰ ਲਈ ਖੋਜੀ ਵਿਧੀ

ਦੁਆਰਾ: Punjab Bani ਪ੍ਰਕਾਸ਼ਿਤ :Monday, 21 April, 2025, 12:48 PM

ਪਟਿਆਲਾ, 20 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਇਲੈਕਟਰੌਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਵਿਖੇ ਕੀਤੀ ਗਈ ਇੱਕ ਖੋਜ ਰਾਹੀਂ ਫ਼ਾਈਵ-ਜੀ ਵਾਇਰਲੈੱਸ ਐਪਲੀਕੇਸ਼ਨਾਂ ਦੁਆਰਾ ਬਿਹਤਰ ਸੰਚਾਰ ਦੀ ਵਿਧੀ ਲੱਭੀ ਗਈ ਹੈ। ਪ੍ਰੋ. ਜਗਤਾਰ ਸਿੰਘ ਸਿਵੀਆ ਦੀ ਨਿਗਰਾਨੀ ਹੇਠ ਖੋਜਾਰਥੀ ਅਮਨਦੀਪ ਕੌਰ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਵਿਸ਼ੇਸ਼ ਕਿਸਮ ਦਾ ਹਾਈਬ੍ਰਿਡ ਫ੍ਰੈਕਟਲ ਮੀਮੋ ਐਂਟੀਨਾ ਡਿਜ਼ਾਈਨ ਕੀਤਾ ਗਿਆ ਹੈ।
ਨਿਗਰਾਨ ਪ੍ਰੋ ਜਗਤਾਰ ਸਿੰਘ ਸਿਵੀਆ ਨੇ ਦੱਸਿਆ ਕਿ ਇਸ ਖੋਜ ਰਾਹੀਂ ਡਿਜ਼ਾਇਨ ਕੀਤੇ ਗਏ ਵਿਸ਼ੇਸ਼ ਕਿਸਮ ਦੇ ਐਂਟੀਨਾ ਨਾਲ਼ ਤੇਜ਼ ਰਫ਼ਤਾਰ ਉੱਤੇ ਡਾਟਾ ਸੰਚਾਰਿਤ ਕੀਤਾ ਜਾ ਸਕਦਾ ਹੈ ਅਤੇ ਇਹ ਐਂਟੀਨਾ ਕਿਸੇ ਵੀ ਹੋਰ ਪਾਵਰ ਜਾਂ ਸਪੈਕਟ੍ਰਮ ਦੀ ਵਰਤੋਂ ਕੀਤੇ ਬਿਨਾ ਇੱਕ ਬਿਹਤਰ ਸਕੈਟਰਿੰਗ ਵਾਤਾਵਰਨ ਵਿੱਚ ਸਿਗਨਲ-ਫੇਡਿੰਗ ਭਾਵ ਸਿਗਨਲ ਟੁੱਟਣ ਵਾਲ਼ੀ ਸਥਿਤੀ ਨੂੰ ਘਟਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਿਹਤਰ ਆਈਸੋਲੇਸ਼ਨ ਵਾਲ਼ੇ ਹਾਈਬ੍ਰਿਡ ਫ੍ਰੈਕਟਲ ਵਾਈਡਬੈਂਡ ਮੀਮੋ ਐਂਟੀਨਾ ਡਾਈਇਲੈਕਟ੍ਰਿਕ ਡਿਜ਼ਾਇਨ ਕੀਤੇ ਗਏ ਹਨ ਜੋ ਕਿ ਸਥਿਰ 2.2 ਦੇ ਨਾਲ਼ ਰੋਜਰਜ਼ ਆਰ.ਟੀ./ ਡੂਰੋਇਡ 5880 ਸਬਸਟਰੇਟ ‘ਤੇ ਵੱਖ-ਵੱਖ ਫ਼ਾਈਵ-ਜੀ ਵਾਇਰਲੈੱਸ ਐਪਲੀਕੇਸ਼ਨਾਂ ਲਈ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਟੈਕਨੌਲੋਜੀ ਯੁੱਗ ਵਿੱਚ ਅਜਿਹੇ ਪੋਰਟੇਬਲ ਜਾਂ ਹੈਂਡ-ਹੈਲਡ ਵਾਇਰਲੈੱਸ ਉਪਕਰਣਾਂ ਦੀ ਮੰਗ ਵੱਧ ਰਹੀ ਹੈ ਜੋ ਪ੍ਰਸਾਰਣ ਭਰੋਸੇਯੋਗਤਾ ਦੇ ਨਾਲ਼ ਆਡੀਓ/ਵੀਡੀਓ ਸਟ੍ਰੀਮਿੰਗ ਭੇਜਣ ਜਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫ਼ਾਈਵ-ਜੀ ਵਾਇਰਲੈੱਸ ਸੰਚਾਰ ਅਤਿਆਧੁਨਿਕ ਤਕਨਾਲੋਜੀ ਹੈ ਕਿਉਂਕਿ ਉੱਚ ਡਾਟਾ ਦਰਾਂ ਦੀ ਮੰਗ ਦਿਨੋ ਦਿਨ ਵਧ ਰਹੀ ਹੈ। ਡਾਟਾ ਦਰਾਂ ਨੂੰ 20 ਜੀ.ਬੀ.ਪੀ.ਐੱਸ. ਤੱਕ ਵਧਾਉਣਾ, ਸਮਰੱਥਾ ਬਿਹਤਰ ਕਰਨਾ, ਅਤਿ-ਘੱਟ ਲੇਟੈਂਸੀ (1 ਐੱਮ ਐੱਸ.), ਬਹੁਤ ਜ਼ਿਆਦਾ ਭਰੋਸੇਯੋਗਤਾ, ਅਤੇ ਡਿਵਾਈਸ ਸੰਚਾਰ ਲਈ ਡਿਵਾਈਸ ਨੂੰ ਸਮਰੱਥ ਬਣਾਉਣਾ ਫ਼ਾਈਵ-ਜੀ ਨੈੱਟਵਰਕਾਂ ਦੇ ਮੁੱਖ ਉਦੇਸ਼ ਹਨ। ਉਨ੍ਹਾਂ ਕਿਹਾ ਕਿ ਖੋਜਾਰਥੀ ਅਮਨਦੀਪ ਕੌਰ ਨੇ ਆਪਣੇ ਖੋਜ ਨਤੀਜਿਆ ਤੋਂ ਸਾਬਤ ਕੀਤਾ ਹੈ ਕਿ ਸੀਮਤ ਚੈਨਲ ਸਮਰੱਥਾ ਦੇ ਕਾਰਨ, ਸਿੰਗਲ-ਇਨਪੁਟ, ਸਿੰਗਲ-ਆਊਟਪੁੱਟ (ਐੱਸ.ਆਈ. ਐੱਸ.ਓ.) ਸੰਚਾਰ ਪ੍ਰਣਾਲੀ ਫ਼ਾਈਵ-ਜੀ ਵਾਇਰਲੈੱਸ ਨੈੱਟਵਰਕ ਦੇ ਮੁੱਖ ਉਦੇਸ਼ ਨੂੰ  ਪੂਰਾ ਕਰਨ ਵਿੱਚ ਅਸਮਰੱਥ ਹੈ।
ਖੋਜਾਰਥੀ ਅਮਨਦੀਪ ਕੌਰ ਨੇ ਦੱਸਿਆ ਕਿ ਖੋਜ ਅਨੁਸਾਰ ਫ੍ਰੈਕਟਲ ਹਾਈਬ੍ਰਿਡਾਈਜੇਸ਼ਨ ਨਾਮਕ ਇੱਕ ਨਵੀਂ ਡਿਜ਼ਾਈਨ ਤਕਨੀਕ ਐਂਟੀਨਾ ਡਿਜ਼ਾਈਨਰਾਂ ਨੂੰ ਇਸ ਗੱਲ ਦੇ ਯੋਗ ਬਣਾਉਂਦੀ ਹੈ ਕਿ ਉਹ ਵਰਤੋਂਕਾਰਾਂ ਦੀ ਲੋੜ ਦੀਆਂ ਐਪਲੀਕੇਸ਼ਨਾਂ ਅਤੇ ਵਿਸ਼ੇਸ਼ਤਾਵਾਂ ਦੇ ਅਨੁਸਾਰ ਸੰਖੇਪ ਅਤੇ ਵਾਈਡਬੈਂਡ ਡਿਜ਼ਾਈਨ ਤਿਆਰ ਕਰ ਸਕਣ। ਉਨ੍ਹਾਂ ਦੱਸਿਆ ਕਿ ਮੌਜੂਦਾ ਅਤੇ ਭਵਿੱਖ ਦੀਆਂ ਸੰਚਾਰ ਪ੍ਰਣਾਲੀਆਂ ਵਿੱਚ, ਹਾਈਬ੍ਰਿਡ ਫ੍ਰੈਕਟਲ ਐਂਟੀਨਾ ਤੇਜ਼ੀ ਨਾਲ ਪ੍ਰਸਿੱਧ ਅਤੇ ਆਕਰਸ਼ਕ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਐਂਟੀਨਾ ਦੇ ਪ੍ਰਦਰਸ਼ਨ ਮਾਪਦੰਡਾਂ ਵਿੱਚ ਸੁਧਾਰ ਲਈ, ਇਸ ਨੂੰ ਸਪਲਿਟ ਰਿੰਗ ਰੈਜ਼ੋਨੇਟਰ (ਐੱਸ. ਆਰ. ਆਰ) ਅਤੇ(ਸੀ.ਐੱਸ.ਆਰ.ਆਰ) ਨਾਲ਼ ਲੋਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਜ਼ਾਈਨ ਕੀਤੇ ਗਏ ਹਾਈਬ੍ਰਿਡ ਫ੍ਰੈਕਟਲ ਮੀਮੋ ਐਂਟੀਨਾ ਨੂੰ  5-ਜੀ ਐਪਲੀਕੇਸ਼ਨਾਂ ਜਿਵੇਂ ਕਿ 3.5 ਜੀ.ਐੱਚ.ਜ਼ੈੱਡ ਬੈਂਡ, 5 ਜੀ.ਐੱਨ.ਆਰ. (ਨਵਾਂਰੇਡੀਓ) ਬਾਰੰਬਾਰਤਾ ਬੈਂਡ (3.3–5.0 ਜੀ.ਐੱਚ.ਜ਼ੈੱਡ), ਐੱਲ.ਟੀ.ਈ. ਬੈਂਡ 46 (5.15–5.925 ਜੀ.ਐੱਚ.ਜ਼ੈੱਡ), ਈ.ਯੂ. (ਯੂਰਪੀਅਨ ਯੂਨੀਅਨ) ਫ਼ਾਈਵ-ਜੀ ਫ੍ਰੀਕੁਐਂਸੀਬੈਂਡ (5.9–6.4 ਜੀ.ਐੱਚ.ਜ਼ੈੱਡ), 5 ਜੀ 26 ਜੀ.ਐੱਚ.ਜ਼ੈੱਡ ਫ੍ਰੀਕੁਐਂਸੀ ਬੈਂਡ ਅਤੇ 1 ਤੋਂ 30 ਜੀ.ਐੱਚ.ਜ਼ੈੱਡ ਦੀ ਬਾਰੰਬਾਰਤਾ ਰੇਂਜ ਵਿੱਚ ਬਿਹਤਰ ਵਾਇਰਲੈੱਸ ਮਿਆਰ ਲਈ ਵਰਤਿਆ ਜਾ ਸਕਦਾ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਖੋਜਾਰਥੀ ਅਮਨਦੀਪ ਕੌਰ ਅਤੇ ਉਸ ਦੇ ਨਿਗਰਾਨ ਨੂੰ ਇਸ ਖੋਜ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਖੋਜਾਂ ਅਕਾਦਮਿਕ ਖੇਤਰ ਨੂੰ ਸਬੰਧਤ ਉਦਯੋਗ ਖੇਤਰ ਨਾਲ਼ ਜੋੜਨ ਵਿੱਚ ਕਾਰਗਰ ਸਾਬਿਤ ਹੁੰਦੀਆਂ ਹਨ। ਅਜਿਹਾ ਹੋਣ ਨਾਲ਼ ਦੋਹਾਂ ਖੇਤਰਾਂ ਵਿੱਚ ਇੱਕ ਢੁਕਵਾਂ ਤਾਲਮੇਲ ਪੈਦਾ ਹੁੰਦਾ ਹੈ ਅਤੇ ਸਾਰਥਿਕ ਨਤੀਜੇ ਸਾਹਮਣੇ ਆਉਂਦੇ ਹਨ।