ਬਕਾਇਆਂ ਨੂੰ ਲੈ ਕੇ ਐਮ. ਡੀ. ਪੀ. ਆਰ. ਟੀ. ਸੀ. ਨੂੰ ਮਿਲੇ ਐਸੋਸੀਏਸ਼ਨ ਦੇ ਪ੍ਰਤੀਨਿਧ

ਪਟਿਆਲਾ : ਮਾਰਚ ਮਹੀਨੇ ਦੀ ਅੱਧੀ ਪੈਨਸ਼ਨ ਪਾਏ ਜਾਣ ਕਾਰਨ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੇ ਰੋਹ ਨੂੰ ਮੁੱਖ ਰਖਦਿਆਂ ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਨੁਮਾਇੰਦੇ , ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿਚ ਐਮ. ਡੀ. ਪੀ. ਆਰ. ਟੀ. ਸੀ. ਨੂੰ ਮਿਲੇ, ਜਿਸ ਵਿੱਚ ਬਚਨ ਸਿੰਘ ਅਰੋੜਾ ਜਨਰਲ ਸਕੱਤਰ ,ਹਰੀ ਸਿੰਘ ਚਮਕ ਸਕੱਤਰ ਜਨਰਲ ਅਤੇ ਅਮੋਲਕ ਸਿੰਘ ਕੈਸ਼ੀਅਰ ਵੀ ਸ਼ਾਮਲ ਸਨ ।
ਪੈਨਸ਼ਨਰਾਂ ਦੀਆਂ ਭਾਵਨਾਵਾਂ ਤੇ ਜਰੂਰਤਾਂ ਬਿਆਨਦਿਆਂ ਰਹਿੰਦੀ ਅੱਧੀ ਪੈਨਸ਼ਨ ਜਲਦੀ ਪਾਉਣ ਦੀ ਮੰਗ
ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਪੈਨਸ਼ਨਰਾਂ ਦੀਆਂ ਭਾਵਨਾਵਾਂ ਤੇ ਜਰੂਰਤਾਂ ਬਿਆਨਦਿਆਂ ਰਹਿੰਦੀ ਅੱਧੀ ਪੈਨਸ਼ਨ ਜਲਦੀ ਪਾਉਣ ਦੀ ਮੰਗ ਕੀਤੀ ਤਾਂ ਐਮ. ਡੀ. ਪੀ. ਆਰ. ਟੀ. ਸੀ. ਨੇ ਭਰੋਸਾ ਦਵਾਇਆ ਕਿ ਸੋਮਵਾਰ 21ਅਪ੍ਰੈਲ ਨੂੰ ਰਹਿੰਦੀ ਪੈਨਸ਼ਨ ਹਰ ਹਾਲਤ ਵਿੱਚ ਪੈ ਜਾਵੇਗੀ, ਪੇ-ਕਮਿਸ਼ਨ ਦੇ 2016 ਦੇ ਬਕਾਇਆਂ ਬਾਰੇ ਉਨ੍ਹਾਂ ਨੇ ਸਾਹਮਣੇ ਮੇਜ ‘ਤੇ ਪਈ ਫਾਈਲ ਦਿਖਾਉਂਦਿਆਂ ਕਿਹਾ ਕਿ ਕੇਸ ਬਿਲਕੁਲ ਤਿਆਰ ਪਿਆ ਹੈ, 23 ਅਪ੍ਰੈਲ ਦੀ ਬੋਰਡ ਦੀ ਮੀਟਿੰਗ ਵਿੱਚ ਸਿਰਫ ਇਸ ਬਾਰੇ ਜਾਣਕਾਰੀ ਹੀ ਦੇਣੀ ਹੈ । ਪੱਚੀ ਹਜ਼ਾਰ ਤਕ ਦੇ ਮੈਡੀਕਲ ਬਿਲਾਂ ਦੀ ਅਦਾਇਗੀ ਸਬੰਧੀ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਦਿੱਤੇ ਗਏ ਅਧਿਕਾਰਾਂ ਸਬੰਧੀ ਕੀਤੇ ਗਏ ਹੁਕਮਾਂ ਬਾਰੇ ਡਿਪੂਆਂ ਵਲੋਂ ਪਾਈ ਗਈ ਗਲਤ ਫਹਿਮੀ ਨੂੰ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੁਕਮ ਹਰ ਹਾਲਤ ‘ਚ ਲਾਗੂ ਹੋਣਗੇ ਅਦਾਇਗੀ ਉਥੋਂ ਹੀ ਹੋਵੇਗੀ ਕੋਈ ਬਿਲ ਮੁੱਖ ਦਫਤਰ ਵਿਖੇ ਨਹੀਂ ਆਵੇਗਾ ਸਿਰਫ ਪੈਸੇ ਦੀ ਡਿਮਾਂਡ ਹੀ ਆਵੇਗੀ । ਰਹਿੰਦੀਆਂ ਅਦਾਇਗੀਆਂ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਾਈ ਕਰੋੜ ਰੁਪਿਆ ਮਨਜੂਰ ਹੋਇਆ ਹੈ ਪੈਨਸ਼ਨ ਪਾ ਕੇ ਜਿਹੜਾ ਬਚੇਗਾ ਉਸ ਨਾਲ ਜਿੰਨੀ ਹੋ ਸਕੀ ਬਕਾਇਆਂ ਦੀ ਅਦਾਇਗੀ ਕੀਤੀ ਜਾਵੇਗੀ। ਪਤਾ ਇਹ ਵੀ ਲੱਗਾ ਹੈ ਕਿ ਪੀ. ਆਰ. ਟੀ. ਸੀ. ਦੀਆਂ ਪਿਛਲੀਆਂ ਦੇਣਦਾਰੀਆਂ 460 ਕਰੋੜ ਰੁਪਏ ਦੀਆਂ ਹਨ ਅਤੇ ਤਕਰੀਬਨ ਸਾਢੇ ਤਿੰਨ ਸੌ ਕਰੋੜ ਇਸ ਸਾਲ ਦੇ ਖਰਚੇ ਲਈ ਲੋੜੀਂਦੇ ਹਨ ਪਰੰਤੂ ਸਰਕਾਰ ਨੇ ਆਪਣੇ ਬੱਜਟ ਵਿੱਚ ਟਰਾਂਸਪੋਰਟ ਲਈ ਕੁੱਲ 450 ਕਰੋੜ ਰੁਪਏ ਹੀ ਰੱਖੇ ਹਨ ,225 ਕਰੋੜ ਪਨਬਸ ਤੇ 225 ਕਰੋੜ ਪੀ. ਆਰ. ਟੀ. ਸੀ. ਲਈ ।
ਦੇਣਦਾਰੀਆਂ ਅਤੇ ਹੋਰ ਖਰਚੇ ਅਦਾਰੇ ਨੂੰ ਚਲਦਾ ਰੱਖਣ ਲਈ ਤਾਂ ਇਹ ਪਾਸਕ ਬਰਾਬਰ ਵੀ ਨਹੀਂ
ਬੁਲਾਰਿਆਂ ਨੇ ਕਿਹਾ ਕਿ ਦੇਣਦਾਰੀਆਂ ਅਤੇ ਹੋਰ ਖਰਚੇ ਅਦਾਰੇ ਨੂੰ ਚਲਦਾ ਰੱਖਣ ਲਈ ਤਾਂ ਇਹ ਪਾਸਕ ਬਰਾਬਰ ਵੀ ਨਹੀਂ । ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਤਾਂ ਪੰਜਾਬ ਸਰਕਾਰ ਦੀ ਨੀਅਤ ‘ਤੇ ਸ਼ਕ ਹੁੰਦਾ ਹੈ ਕਿ ਉਹ ਇਨ੍ਹਾਂ ਸਰਕਾਰੀ ਅਦਾਰਿਆਂ ਨੂੰ ਜਾਣ ਬੁੱਝ ਕੇ ਬੰਦ ਕਰਨਾ ਚਾਹੁੰਦੀ ਹੈ । ਆਪਣੀ ਜਿੰਦਗੀ ਦਾ ਸੁਨਹਿਰੀ ਸਮਾਂ ਅਦਾਰੇ ਦੇ ਲੇਖੇ ਲਾ ਕੇ ਹੁਣ ਬੁਢਾਪੇ ਵਿੱਚ ਪੈਨਸ਼ਨਰ ਖਰਚੇ ਵਲੋਂ ਤੰਗ ਨੇ , ਬਹੁਤ ਸਾਰੇ ਤਾਂ ਬੀਮਾਰੀਆਂ ਨਾਲ ਲੜਦੇ ਮੈਡੀਕਲ ਬਿਲਾਂ ਦੀ ਅਦਾਇਗੀ ਨੂੰ ਉਡੀਕਦੇ ਰਬ ਨੂੰ ਪਿਆਰੇ ਹੋ ਚੁੱਕੇ ਹਨ । ਸੋ ਉਪਰੋਕਤ ਬੁਲਾਰਿਆਂ ਨੇ ਸਰਕਾਰ ਤੇ ਮੈਨੇਜਮੈਂਟ ਦੀ,ਪੈਨਸ਼ਨਰਾਂ ਪ੍ਰਤੀ ਇਸ ਬੇਰੁਖੀ ਨੂੰ ਦੇਖਦਿਆਂ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਬਾਡੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਅਪਰੈਲ ਮਹੀਨੇ ਦੀ ਪੈਨਸ਼ਨ ਸਮੇਂ ਸਿਰ ਨਾ ਪਈ ਤਾਂ ਗਿਆਰਾਂ ਮਈ ਨੂੰ ਹੋਣ ਵਾਲੀਆਂ ਡਿਪੂਆਂ ਦੀਆਂ ਮਾਸਿਕ ਮੀਟਿੰਗਾਂ ਰੋਸ ਰੈਲੀਆਂ ਦੇ ਰੂਪ ਵਿੱਚ ਕੀਤੀਆਂ ਜਾਣ ਅਤੇ ਤੀਜੇ ਬੁੱਧਵਾਰ ਕੇਂਦਰੀ ਬਾਡੀ ਵਲੋਂ ਹੋਣ ਵਾਲੀ ਮਈ ਮਹੀਨੇ ਦੀ ਸਮੁੱਚੇ ਪੈਨਸ਼ਨਰਾਂ ਦੀ ਮੀਟਿੰਗ ਸਮੇਂ ਕੀਤੇ ਜਾਣ ਵਾਲੇ ਕਿਸੇ ਤਰ੍ਹਾਂ ਦੇ ਵੀ ਐਕਸ਼ਨ ਸਬੰਧੀ ਲਏ ਜਾਣ ਵਾਲੇ ਫੈਸਲੇ ਦਾ ਇੰਤਜਾਰ ਕੀਤਾ ਜਾਵੇ ।
