ਪਟਿਆਲਾ ਦੀ ਇਸਿ਼ਤਾ ਕਪੂਰ ਨੇ ਸੰਯੁਕਤ ਰਾਸ਼ਟਰ ਵਿਖੇ ਨੌਜਵਾਨਾਂ ਦੀ ਨੁਮਾਇੰਦਗੀ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Friday, 18 April, 2025, 04:10 PM

ਪਟਿਆਲਾ : ਸੰਯੁਕਤ ਰਾਸ਼ਟਰ ਯੁਵਾ ਡੈਲੀਗੇਸ਼ਨ ਅਤੇ ਚਿਲਡਰਨ ਐਂਡ ਯੂਥ ਦੇ ਪ੍ਰਮੁੱਖ ਸਮੂਹਦੀ ਨੁਮਾਇੰਦਾ ਵਜੋਂ ਇਸ਼ਿਤਾ ਕਪੂਰ ਨੇ 15 ਤੋਂ 17 ਅਪ੍ਰੈਲ ਤੱਕ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਹੋਏ ਆਰਥਿਕ ਅਤੇ ਸਮਾਜਿਕ ਕੌਂਸਲਯੁਵਾ ਫੋਰਮ-2025 ਵਿੱਚ ਭਾਗ ਲਿਆ। ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਉਸ ਨੇ ਵਿਸ਼ੇਸ਼ ਤੌਰ `ਤੇ ਗਲੋਬਲ ਸਾਊਥ ਵਿੱਚ ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਣਾਲੀਗਤ ਰੁਕਾਵਟਾਂ ਨੂੰ ਖਤਮ ਕਰਨ ਲਈ ਸਮਾਵੇਸ਼ੀ, ਨੌਜਵਾਨ-ਸੰਚਾਲਿਤ ਨੀਤੀਆਂ ਦੀ ਤੁਰੰਤ ਲੋੜ `ਤੇ ਜ਼ੋਰ ਦਿੱਤਾ ।

ਨੌਜਵਾਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਅਸੀਂ ਭਵਿੱਖ ਹਾਂ

ਇਸ਼ਿਤਾ ਨੇ ਕਿਹਾ “ਨੌਜਵਾਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਅਸੀਂ ਭਵਿੱਖ ਹਾਂ। ਅਸੀਂ ਵਰਤਮਾਨ ਹਾਂਅਤੇ ਅਸੀਂ ਇੱਥੇ ਹਾਂ । ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਯੁਵਾ ਫੋਰਮ ਦੁਨੀਆਂ ਭਰ ਤੋਂਨੌਜਵਾਨ ਨੇਤਾਵਾਂ ਨੂੰ ਇੱਕੱਠਾ ਹੋਣ ਦਾ ਮੌਕਾ ਦਿੰਦੀ ਹੈ ਤਾਂ ਜੋ ਉਹ ਵਿਸ਼ਵ ਪੱਧਰੀ ਨੀਤੀ-ਨਿਰਧਾਰਨ ਵਿੱਚ ਭਾਗ ਲੈ ਸਕਣ ਅਤੇ ਟਿਕਾਊ ਵਿਕਾਸ ਦੇ ਟੀਚਿਆਂ `ਤੇ ਪ੍ਰਗਤੀ ਨੂੰ ਤੇਜ਼ ਕਰਨ ਵਿੱਚ ਸਾਰਥਿਕ ਯੋਗਦਾਨ ਪਾ ਸਕਣ ।

ਇਸ਼ਿਤਾ ਕਪੂਰ ਹੈ ਪਟਿਆਲਾ ਵਸਦੇ ਸ਼੍ਰੀ ਸਚਿਨ ਕਪੂਰ ਅਤੇ ਸ਼੍ਰੀਮਤੀ ਮੀਨੂ ਰਾਣੀ ਦੀ ਹੋਣਹਾਰ ਧੀ 

ਇਸ਼ਿਤਾ ਕਪੂਰ ਪਟਿਆਲਾ ਵਸਦੇ ਸ਼੍ਰੀ ਸਚਿਨ ਕਪੂਰ ਅਤੇ ਸ਼੍ਰੀਮਤੀ ਮੀਨੂ ਰਾਣੀ ਦੀ ਹੋਣਹਾਰ ਧੀ ਹੈ । ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਬਲੌਸਮਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਤੋਂ ਪੂਰੀ ਕੀਤੀ । ਵਰਤਮਾਨ ਸਮੇਂ ਉਹ ਲੰਡਨ ਦੀ ਯੂਨੀਵਰਸਿਟੀ ਆਫ ਗ੍ਰੀਨਵਿਚ ਵਿਖੇ ਬੀ. ਏ. (ਆਨਰਜ਼ ) ਅੰਤਰਰਾਸ਼ਟਰੀ ਸੰਬੰਧ ਅਤੇ ਰਾਜਨੀਤੀ ਦੀ ਵਿਦਿਆਰਥਣ ਹੈ । ਉਸਦੇ ਮਾਪਿਆਂ ਨੇ ਦੱਸਿਆ, “ਉਸਨੂੰ ਸੰਯੁਕਤ ਰਾਸ਼ਟਰ ਦੀ ਯੁਵਾ ਫੋਰਮ ਵਿੱਚ ਪਰਵਾਸੀ ਭਾਰਤੀ ਡੈਲੀਗੇਸ਼ਨ ਦੇ ਹਿੱਸੇ ਵਜੋਂ ਚਿਲਡਰਨ ਐਂਡ ਯੂਥ ਦੇ ਪ੍ਰਮੁੱਖ ਸਮੂਹ ਦੀ ਨੁਮਾਇੰਦਗੀ ਲਈ ਚੁਣਿਆ ਗਿਆ ਹੈ ।

ਯੂ. ਕੇ. ਦੇ ਹਾਊਸ ਆਫ ਕਾਮਨਜ਼ ਦੇ ਇੱਕ ਸੈਸ਼ਨ ਵਿੱਚ ਵੀ ਲੈ ਚੁੱਕੀ ਹੈ ਭਾਗ

ਇਸ  ਤੋਂ ਪਹਿਲਾਂ ਉਹ ਯੂ. ਕੇ. ਦੇ ਹਾਊਸ ਆਫ ਕਾਮਨਜ਼ ਦੇ ਇੱਕ ਸੈਸ਼ਨ ਵਿੱਚ ਵੀ ਭਾਗ ਲੈ ਚੁੱਕੀ ਹੈ, ਜਿੱਥੇ ਉਸਨੇ ਪਾਰਲੀਮੈਂਟ ਮੈਂਬਰ ਸਟੀਫਨ ਮੋਰਗਨ ਨਾਲ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਗਲੋਬਲ ਮੁੱਦਿਆਂ ‘ਤੇ ਗੱਲਬਾਤ ਕੀਤੀ। ਗਲੋਬਲ ਯੂਥ ਐਂਬੈਸਡਰ ਹੋਣ ਦੇ ਨਾਤੇ, ਉਹ ਵਿਸ਼ਵ ਪੱਧਰ `ਤੇ ਸਿੱਖਿਆ ਦੀ ਬਰਾਬਰੀ ਅਤੇ ਟਿਕਾਊ ਵਿਕਾਸ ਲਈ ਵਕਾਲਤ ਕਰ ਰਹੀ ਹੈ । ਉਹ “ਦੇਅਰਵਰਲਡ” ਦੇ ਗਲੋਬਲ ਯੂਥ ਐਂਬੈਸਡਰ ਦੇ ਤੌਰ `ਤੇ ਲਿੰਗ ਸਮਾਨਤਾ ਅਤੇ ਲੜਕੀਆਂ ਦੀ ਸਿੱਖਿਆ ਲਈ ਜੋਸ਼ੋ-ਖ਼ੋਰੋਸ਼ ਨਾਲ ਆਵਾਜ਼ ਉਠਾ ਰਹੀ ਹੈ । ਅੰਤਰਰਾਸ਼ਟਰੀ ਸੰਸਥਾ “ਦੇਅਰਵਰਲਡ” ਬੱਚਿਆਂ ਦੇ ਵਿਸ਼ਵਵਿਆਪੀ ਸਿੱਖਿਆ ਸੰਕਟ ਨੂੰ ਖਤਮ ਕਰਨ ਲਈ ਉਪਰਾਲੇ ਕਰ ਰਹੀ ਹੈ ।