ਲੌਂਗੋਵਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 40 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਨਾਲ ਵਿਕਾਸ ਕਾਰਜ ਕਰਵਾਏ - ਅਮਨ ਅਰੋੜਾ

ਲੌਂਗੋਵਾਲ/ ਸੰਗਰੂਰ, 8 ਅਪ੍ਰੈਲ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਦੇ ਪਟਵਾਰੀਆਂ ਦੀ ਇਕ ਅਹਿਮ ਮੰਗ ਨੂੰ ਪੂਰਾ ਕਰਦੇ ਹੋਏ ਪਟਵਾਰਖਾਨੇ ਦੇ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਵੀ ਉਨ੍ਹਾਂ ਦੇ ਨਾਲ ਸਨ । ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਟਵਾਰਖਾਨੇ ਦੀ ਹਾਲਤ ਤਰਸਯੋਗ ਸੀ ਅਤੇ ਪਟਵਾਰੀਆਂ ਸਮੇਤ ਕੰਮ ਕਾਰ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਇਮਾਰਤ ਦੀ ਖ਼ਸਤਾ ਹਾਲਤ ਅਤੇ ਬੁਨਿਆਦੀ ਸੁਵਿਧਾਵਾਂ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਦੇਖਦਿਆਂ 34.48 ਲੱਖ ਰੁਪਏ ਦੀ ਰਾਸ਼ੀ ਨਾਲ ਇਸ ਪਟਵਾਰਖਾਨੇ ਦਾ ਕਾਇਆ ਕਲਪ ਕੀਤਾ ਜਾਵੇਗਾ, ਜਿਸ ਦੀ ਸ਼ੁਰੁਆਤ ਕਰ ਦਿੱਤੀ ਗਈ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ਼ ਸੰਬੰਧਿਤ ਸੇਵਾਵਾਂ ਹਾਸਿਲ ਕਰਨ ਵਿੱਚ ਲੋਕਾਂ ਨੂੰ ਸੁਵਿਧਾ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਨਵੀਨੀਕਰਨ ਪ੍ਰੋਜੈਕਟ ਵਿੱਚ ਜਿੱਥੇ ਪਟਵਾਰ ਸਟੇਸ਼ਨ ਨੂੰ ਨਵੇਂ ਸਿਰਿਉਂ ਤਿਆਰ ਕੀਤਾ ਜਾਵੇਗਾ, ਉੱਥੇ ਹੀ ਇੰਟਰਲਾਕਿੰਗ ਟਾਈਲ , ਨਵੇਂ ਬਾਥਰੂਮਾਂ ਦੀ ਉਸਾਰੀ ਅਤੇ ਨਵੀਂ ਰਸੋਈ ਦੀ ਉਸਾਰੀ ਵੀ ਹੋਵੇਗੀ ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਪਟਵਾਰਖ਼ਾਨੇ ਦੇ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ 52 ਸ਼ਹੀਦਾਂ ਦੀ ਧਰਤੀ ਲੌਂਗੋਵਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 40 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਨਾਲ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਅਨੇਕਾਂ ਹੀ ਹੋਰ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਜਿਨਾਂ ਦੇ ਪੂਰਾ ਹੋਣ ਨਾਲ ਲੌਂਗੋਵਾਲ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ।
ਇਸ ਮੌਕੇ ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ, ਵਿੱਕੀ ਵਸ਼ਿਸ਼ਟ ਬਲਾਕ ਪ੍ਰਧਾਨ, ਸੂਬੇਦਾਰ ਮੇਲਾ ਸਿੰਘ ਐਮ. ਸੀ., ਗੁਰਮੀਤ ਸਿੰਘ ਫੌਜੀ ਐਮ. ਸੀ., ਬਲਵਿੰਦਰ ਸਿੰਘ ਐਮ. ਸੀ., ਦਵਿੰਦਰ ਢਿੱਲੋ, ਸੀਸ਼ਨਪਾਲ ਐਮ. ਸੀ. ਵੀ ਹਾਜ਼ਰ ਸਨ ।
