ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਿਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਨਿਯਮਤ ਸਿਹਤ ਜਾਂਚ ਅਤੇ ਪੋਸ਼ਨ ਸਿੱਖਿਆ ਲਈ ਲਗਾਏ ਵਿਸ਼ੇਸ਼ ਕੈਂਪ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 April, 2025, 11:51 AM

ਪਟਿਆਲਾ, 10 ਅਪ੍ਰੈਲ  : ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਿਵ  ਅਭਿਆਨ ਤਹਿਤ ਜਿਲ੍ਹਾ ਸਿਹਤ ਵਿਭਾਗ ਵੱਲੋਂ ਜਿਲ੍ਹੇ ਅਧੀਨ ਆਉਂਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੂਜੀ ਅਤੇ ਤੀਜੀ ਤਿਮਾਹੀ  ਵਾਲੀਆਂ ਔਰਤਾਂ ਦਾ ਡਾਕਟਰੀ ਚੈੱਕਅਪ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਨੇ ਕਿਹਾ ਕਿ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਮਹੀਨੇ ਦੇ 9 ਅਤੇ 23 ਤਰੀਕ ਨੂੰ ਜਿਲ੍ਹਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਗਰਭਵਤੀ ਔਰਤਾਂ ਦੀ  ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ ।

ਕੈਂਪ ਵਿੱਚ ਸਾਰੀਆਂ ਗਰਭਵਤੀ ਔਰਤਾਂ ਦਾ ਵਿਸ਼ੇਸ਼ ਐਂਟੀਨੇਟਲ ਚੈੱਕਅਪ ਕਰਕੇ ਸਾਰੀਆਂ ਲੋੜੀਦੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ

ਕੈਂਪ ਵਿੱਚ ਸਾਰੀਆਂ ਗਰਭਵਤੀ ਔਰਤਾਂ ਦਾ ਵਿਸ਼ੇਸ਼ ਐਂਟੀਨੇਟਲ ਚੈੱਕਅਪ ਕਰਕੇ ਸਾਰੀਆਂ ਲੋੜੀਦੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਸਿਵਲ ਸਰਜਨ ਨੇ ਦੱਸਿਆ ਕਿ ਅਜਿਹੇ ਕੈਂਪਾਂ ਦਾ ਮਕਸਦ ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਕਰਕੇ ਖਤਰੇ ਵਾਲੇ ਜਨੇਪਿਆਂ ਜਿਵੇਂ ਬਲੱਡ ਪ੍ਰੈਸ਼ਰ ਦਾ ਵਧਣਾ, ਅਨੀਮੀਆਂ , ਸ਼ੂਗਰ ਰੋਗ ਆਦਿ ਦੀ ਭਾਲ ਕਰਕੇ ਉਹਨਾਂ ਦਾ ਸਮੇਂ ਸਿਰ ਇਲਾਜ ਕਰਨਾ ਹੈ, ਤਾਂ ਜੋ ਜੱਚਾ ਬੱਚਾ ਤੰਦਰੁਸਤ ਰਹਿਣ, ਇਹਨਾਂ ਕੈਂਪਾਂ ਵਿੱਚ ਗਰਭਵਤੀ ਔਰਤਾਂ ਦੇ ਚੈੱਕ ਅਪ ਦੇ ਨਾਲ ਨਾਲ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ ਐਚ. ਆਈ. ਵੀ ਟੈਸਟ, ਸ਼ੂਗਰ ਤੇ ਹੋਰ ਲੱਛਣਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ ।

 ਸੀ. ਐਚ. ਸੀ. ਮਾਡਲ ਟਾਉਨ ਵਿਖੇ ਔਰਤਾਂ ਨੂੰ ਚੈਕਅੱਪ ਦੇ ਨਾਲ ਸਿਹਤ ਸਿੱਖਿਆ ਵੀ ਦਿੱਤੀ ਗਈ

 ਸੀ. ਐਚ. ਸੀ. ਮਾਡਲ ਟਾਉਨ ਵਿਖੇ ਪੋਸ਼ਨ ਪੰਦਰਵਾੜ੍ਹੇ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ ਅਤੇ ਗਾਈਨੀ ਡਾ. ਗਗਨਜੀਤ ਕੌਰ ਵਾਲੀਆ ਵੱਲੋਂ ਗਰਭਵਰਤੀ ਔਰਤਾਂ ਨੂੰ ਚੈਕਅੱਪ ਦੇ ਨਾਲ ਸਿਹਤ ਸਿੱਖਿਆ ਵੀ ਦਿੱਤੀ ਗਈ ਕਿ ਉਹ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਫਰੂਟ ਖਾਣ,  ਪਨੀਰ, ਅੰਡੇ, ਦਾਲਾਂ ਆਦਿ ਦੀ ਵਰਤੋਂ ਕਰਨ ਅਤੇ ਜੱਚਾ ਬੱਚਾ ਦੀ ਤੰਦਰੁਸਤੀ ਲਈ ਵਾਧੂ ਖੁਰਾਕ ਖਾਣ, ਮੋਟੇ ਅਨਾਜ ਦੀ ਵਰਤੋ, ਮਾਂ ਦੇ ਦੁੱਧ ਦੀ ਮਹੱਤਤਾ, ਨਿੱਜੀ ਸਾਫ-ਸਫਾਈ, ਸਮੇਂ ਸਿਰ ਟੀਕਾਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ । ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਦੀ ਵੰਡ ਵੀ ਕੀਤੀ ਗਈ ।