ਖ਼ਾਲਸੇ ਦੀ ਜਨਮਭੂਮੀ ਜ਼ਿਲਾ ਰੋਪੜ ਵਿਖ਼ੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੂੰ ਮਿਲਿਆ ਵੱਡਾ ਪੰਥਕ ਹੁੰਗਾਰਾ

ਰੋਪੜ, 7 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੇਤੂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦੇ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਦੀਆਂ ਕੋਸ਼ਿਸ਼ਾਂ ਨੂੰ ਮਾਲਵਾ, ਮਾਝਾ,ਦੁਆਬਾ ਵਿੱਚ ਮਿਲੇ ਵੱਡੇ ਹੁੰਗਾਰੇ ਤੋਂ ਬਾਅਦ ਪੁਆਧ ਦੀ ਖਾਲਸਾ ਪੰਥ ਦੀ ਸਿਰਜਣਾ ਵਾਲੀ ਧਰਤੀ ਜ਼ਿਲਾ ਰੋਪੜ ਤੋਂ ਵੀ ਵੱਡਾ ਜਨ ਸਮਰਥਨ ਮਿਲਿਆ ।
ਸ਼੍ਰੋਮਣੀ ਅਕਾਲੀ ਦਲ ਦੋਫਾੜ੍ਹ ਨਹੀਂ ਹੈ,ਇਮਤਿਹਾਨ ਵਿੱਚੋਂ ਮਜ਼ਬੂਤ ਹੋਕੇ ਨਿਕਲੇਗੀ ਪਾਰਟੀ, ਅਲਵਿਦਾ ਆਖ ਚੁੱਕੇ ਵਰਕਰਾਂ ਨੂੰ ਸਨਮਾਨ ਨਾਲ ਵਾਪਸੀ ਕਰਨ ਦਾ ਸੱਦਾ – ਇਯਾਲੀ
ਸਰਦਾਰ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਅੱਜ ਪੰਥ, ਕੌਮ ਅਤੇ ਪਾਰਟੀ ਆਪਣੇ ਸਭ ਤੋਂ ਬੁਰੇ ਸਮੇਂ ਵਿੱਚੋ ਗੁਜਰ ਰਹੀ ਹੈ। ਸੱਤਾ ਵਿੱਚ ਕੀਤੀਆਂ ਗਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸਜਾ ਤੋਂ ਬਾਅਦ ਕੀਤੇ ਗਏ ਗੁਨਾਹਾਂ ਨੇ ਪਾਰਟੀ ਨੂੰ ਵੱਡਾ ਖੋਰਾ ਲਗਾਇਆ। ਸਰਦਾਰ ਇਯਾਲੀ ਨੇ ਕਿਹਾ ਕਿ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਵਰਕਰ ਪਾਰਟੀ ਤੋ ਦੂਰ ਹੁੰਦੇ ਗਏ, ਇਸ ਕਰਕੇ ਪਿਛਲੀਆਂ ਚਾਰ ਚੋਣਾਂ ਵਿੱਚ ਪਾਰਟੀ ਨੂੰ ਇਸ ਦੀ ਕੀਮਤ ਚੁਕਾਉਣੀ ਪਈ ।
ਝੂੰਦਾਂ ਕਮੇਟੀ ਰਿਪੋਰਟ ਜਨਤਕ ਕਰਨ ਤੋਂ ਲੈਕੇ ਵਰਕਰਾਂ ਦੀ ਮੰਗ ਅਨੁਸਾਰ ਪਾਰਟੀ ਸੰਵਿਧਾਨ ਵਿੱਚ ਸੋਧ ਸਮੇਂ ਦੀ ਲੋੜ : ਝੂੰਦਾਂ,ਵਡਾਲਾ
ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੋਫਾੜ੍ਹ ਹੋ ਰਹੀ ਹੈ,ਪਾਰਟੀ ਕਮਜੋਰ ਹੋ ਚੁੱਕੀ ਹੈ, ਸਾਡੇ ਲਈ ਇਹ ਇਮਤਿਹਾਨ ਦਾ ਸਮਾਂ ਹੈ, ਜਿਸ ਵਿੱਚੋਂ ਪਾਰਟੀ ਮਜ਼ਬੂਤ ਹੋਕੇ ਨਿਕਲੇਗੀ । ਸਰਦਾਰ ਇਯਾਲੀ ਨੇ ਕਿਹਾ ਕਿ ਪੰਜਾਬ ਦਾ ਅੱਜ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦਾ ਹੈ, ਜੇਕਰ ਓਹਨਾ ਦੀ ਨਰਾਜ਼ਗੀ ਹੈ ਤਾਂ ਕੁਝ ਲੀਡਰਸ਼ਿਪ ਨਾਲ ਹੋ ਸਕਦੀ ਹੈ । ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਕੋਈ ਪਾਰਟੀ ਹੈ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ ਉਹ ਸਿਰਫ਼ ਤੇ ਸਿਰਫ਼ ਆਪਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ, ਇਸ ਕਰਕੇ ਅੱਜ ਪਾਰਟੀ ਲੀਡਰਸ਼ਿਪ ਤੋਂ ਨਰਾਜ਼ ਹੋਕੇ ਦੂਜੀਆਂ ਪਾਰਟੀਆਂ ਵਿੱਚ ਗਏ ਵਰਕਰਾਂ ਸਨਮਾਨ ਜਨਕ ਵਾਪਸੀ ਕਰ ਰਹੇ ਹਨ ।
ਕਿਸੇ ਵੀ ਮੈਬਰ ਦਾ ਆਪਣਾ ਨਿੱਜੀ ਹਿੱਤ ਨਹੀਂ ਹੈ
ਸਰਦਾਰ ਇਯਾਲੀ ਨੇ ਹਾਜ਼ਰ ਸੰਗਤ ਸਾਹਮਣੇ ਮੁੜ ਦੁਹਰਾਇਆ ਕਿ ਕਿਸੇ ਵੀ ਮੈਬਰ ਦਾ ਆਪਣਾ ਨਿੱਜੀ ਹਿੱਤ ਨਹੀਂ ਹੈ, ਖਾਲਸਾ ਪੰਥ ਹੁਕਮ ਕਰੇ, ਓਹ ਤਿਆਗ ਸਮਰਪਣ ਦੀ ਭਾਵਨਾ ਪੇਸ਼ ਕਰਨ ਲਈ ਤਿਆਰ ਹਨ। ਪੰਜ ਮੈਂਬਰੀ ਭਰਤੀ ਕਮੇਟੀ ਲਿਖਤੀ ਤੌਰ ਤੇ ਐਫੀਡੇਵਿਟ ਦੇਣ ਲਈ ਤਿਆਰ ਹਨ ਕਿ ਓਹ ਬਗੈਰ ਕਿਸੇ ਚੋਣ ਲੜੇ ਅਤੇ ਅਹੁਦੇ ਤੋ ਸੇਵਾ ਕਰਨ ਲਈ ਤਿਆਰ ਹਨ। ਸਰਦਾਰ ਇਯਾਲੀ ਨੇ ਜੋਰ ਦੇਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਭ ਦੀ ਪਛਾਣ ਹੈ, ਇਹ ਪਾਰਟੀ ਕੁਰਬਾਨੀ ਸੇਵਾ ਅਤੇ ਤਿਆਗ ਦੇ ਸਿਧਾਂਤ ਨਾਲ ਚਲਦੀ ਹੈ, ਏਥੇ ਵਿਅਕਤੀ ਵਿਸ਼ੇਸ਼ ਜਾਂ ਕੁਰਸੀ ਵਾਲਿਆਂ ਦੀ ਕੋਈ ਜਗ੍ਹਾ ਨਹੀਂ ਹੈ ।
ਹਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ
ਸਰਦਾਰ ਇਯਾਲੀ ਨੇ ਕਿਸਾਨੀ ਪੱਖ ਨੂੰ ਖੇਤਰੀ ਪਾਰਟੀ ਦਾ ਮਜ਼ਬੂਤ ਧੁਰਾ ਕਰਾਰ ਦਿੰਦੇ ਕਿਹਾ ਕਿ ਹਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ। ਸਰਦਾਰ ਇਯਾਲੀ ਨੇ ਕਿਸਾਨ ਆਗੂਆਂ ਨੂੰ ਖੁੱਲ੍ਹੇ ਮਨ ਨਾਲ ਸੱਦਾ ਦਿੰਦੇ ਕਿਹਾ ਕਿ ਆਓ ਪੰਜਾਬ ਨੂੰ ਉਸਾਰੂ ਪੱਖ ਵੱਲ ਲੈਕੇ ਜਾਣ ਲਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਸਾਥ ਦਿਉ, ਤੁਹਾਡਾ ਸਾਥ ਤੋਂ ਬਗੈਰ ਉਸਾਰੂ ਪੱਖ ਅਧੂਰਾ ਰਹੇਗਾ, ਇਸ ਲਈ ਪੰਜ ਮੈਂਬਰੀ ਭਰਤੀ ਕਮੇਟੀ ਜਲਦੀ ਕਿਸਾਨ ਆਗੂਆਂ ਨਾਲ ਮੀਟਿੰਗ ਦਾ ਦੌਰ ਸ਼ੁਰੂ ਕਰਕੇ ਪੰਜਾਬ ਨੂੰ ਮਜ਼ਬੂਤ ਦਿਸ਼ਾ ਵੱਲ ਲੈਕੇ ਜਾਣ ਦਾ ਰਸਤਾ ਅਖ਼ਤਿਆਰ ਕਰੇਗੀ । ਪੰਥਕ ਧਰਤੀ ਤੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਜਥੇਦਾਰ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦਾ ਰਸਤਾ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਤੋਂ ਵੀ ਨਿਕਲਦਾ ਹੈ। ਇਸ ਰਿਪੋਰਟ ਵਿੱਚ ਸੌ ਤੋਂ ਵੱਧ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਦੀਆਂ ਭਾਵਨਾਵਾਂ ਦਰਜ ਕੀਤੀਆਂ ਗਈਆਂ ਸਨ। ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਝੂੰਦਾਂ ਰਿਪੋਰਟ ਨੂੰ ਜਨਤਕ ਕੀਤਾ ਜਾਵੇ ।
ਅੱਜ ਵਰਕਰ ਸਮੇਤ ਹਰ ਆਗੂ ਚਾਹੁੰਦਾ ਹੈ ਕਿ ਪਾਰਟੀ ਅੰਦਰ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਹਾਲ ਕੀਤਾ ਜਾਵੇ
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਵਰਕਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਕਿਹਾ ਕਿ ਅੱਜ ਵਰਕਰ ਸਮੇਤ ਹਰ ਆਗੂ ਚਾਹੁੰਦਾ ਹੈ ਕਿ ਪਾਰਟੀ ਅੰਦਰ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਹਾਲ ਕੀਤਾ ਜਾਵੇ । ਇਹਨਾ ਕਦਰਾਂ ਕੀਮਤਾਂ ਦੀ ਬਹਾਲੀ ਲਈ ਪਾਰਟੀ ਦੇ ਸੰਵਿਧਾਨ ਵਿੱਚ ਵਰਕਰਾਂ ਦੀ ਭਾਵਨਾ ਹੇਠ ਸੋਧ ਕੀਤੀ ਜਾਵੇਗੀ । ਮੁੱਖ ਮੰਤਰੀ ਦਾ ਚਿਹਰਾ, ਪਾਰਟੀ ਪ੍ਰਧਾਨ ਦੀਆਂ ਸ਼ਕਤੀਆਂ ਅਤੇ ਪਾਰਲੀਮੈਂਟ ਬੋਰਡ ਦੀ ਤਾਕਤ ਨੂੰ ਵੱਖ ਵੱਖ ਕੀਤਾ ਜਾਵੇਗਾ । ਹਰ ਅਹੁਦੇ ਲਈ ਵੱਧ ਤੋਂ ਵੱਧ ਸਮਾਂ ਨਿਰਧਾਰਿਤ ਕੀਤਾ ਜਾਵੇਗਾ । ਟਿਕਟਾਂ ਦੀ ਵੰਡ ਤੋਂ ਲੈਕੇ ਸੰਗਠਨ ਤੱਕ ਦੇ ਅਹੁਦਿਆਂ ਲਈ ਪਾਰਦਰਸ਼ਤਾ ਲਿਆਂਦੀ ਜਾਵੇਗੀ। ਕੌਮ ਪੰਥ ਅਤੇ ਪੰਜਾਬ ਨੂੰ ਸਮਰਪਿਤ ਲੀਡਰਸ਼ਿਪ ਮਿਲੇ ਇਸ ਲਈ ਯਤਨ ਜਾਰੀ ਹਨ ।
ਅੱਜ ਸਿਧਾਤਾਂ ਨੂੰ ਛਿੱਕੇ ਟੰਗ ਜਾ ਚੁੱਕਾ ਹੈ ਇੱਕ ਪਰਿਵਾਰ ਅਤੇ ਵਿਅਕਤੀ ਵਿਸ਼ੇਸ਼ ਲਈ ਸਭ ਕੁਝ ਹੋ ਰਿਹਾ ਹੈ
ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਪਾਰਟੀ ਦੀ ਮੌਜੂਦਾ ਸਥਿਤੀ ਲਈ ਇੱਕ ਵਿਅਕਤੀ ਵਿਸ਼ੇਸ਼ ਅਤੇ ਉਸ ਦੀ ਅਗਵਾਈ ਵਾਲੇ ਧੜੇ ਨੂੰ ਕਰਾਰ ਦਿੰਦੇ ਕਿਹਾ ਕਿ ਅੱਜ ਸਿਧਾਤਾਂ ਨੂੰ ਛਿੱਕੇ ਟੰਗ ਜਾ ਚੁੱਕਾ ਹੈ। ਇੱਕ ਪਰਿਵਾਰ ਅਤੇ ਵਿਅਕਤੀ ਵਿਸ਼ੇਸ਼ ਲਈ ਸਭ ਕੁਝ ਹੋ ਰਿਹਾ ਹੈ। ਬੋਗਸ ਭਰਤੀ ਜਰੀਏ ਝੂਠੇ ਅੰਕੜੇ ਪੇਸ਼ ਕਰਕੇ ਫ਼ਸੀਲ ਤੋ ਨਕਾਰੀ ਜਾ ਚੁੱਕੀ ਲੀਡਰਸ਼ਿਪ ਸਿਆਸੀ ਅਗਵਾਈ ਦਾ ਆਧਾਰ ਗੁਆ ਚੁੱਕੇ ਲੀਡਰਾਂ ਨੂੰ ਵੱਡੀਆਂ ਅਹੁਦੇਦਾਰੀਆਂ ਦੇਣ ਲਈ ਸਾਜਿਸ਼ ਰਚ ਰਹੀ ਹੈ । ਇਸ ਮੌਕੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੁਝ ਲੋਕਾਂ ਦੇ ਗਲਤ ਫ਼ੈਸਲਿਆਂ ਦੀ ਕੀਮਤ ਵਰਕਰ ਚੁੱਕਾ ਰਹੇ ਹਨ। ਪਾਰਟੀ ਵਿੱਚ ਫੈਸਲੇ ਲਏ ਨਹੀਂ ਸਗੋ ਥੋਪੇ ਜਾਂਦੇ ਹਨ। ਇਹਨਾਂ ਫੈਸਲਿਆਂ ਦੀ ਵਜਾ ਨਾਲ ਪਾਰਟੀ ਅੱਜ ਆਪਣੇ ਸਭ ਤੋਂ ਬੁਰੇ ਦੌਰ ਵਿੱਚੋ ਗੁਜਰ ਰਹੀ ਹੈ । ਅੱਜ ਪਾਰਟੀ ਲੀਡਰਸ਼ਿਪ ਵਿੱਚ ਤਿਆਰ ਦੀ ਭਾਵਨਾ ਵਾਲੇ ਲੀਡਰਾਂ ਨਾ ਰਹਿਣ ਕਰਕੇ ਸਾਡੇ ਵਰਕਰ ਪਾਰਟੀ ਨੂੰ ਅਲਵਿਦਾ ਕਹਿਣ ਕਈ ਮਜਬੂਰ ਹੋਏ ।
ਅੱਜ ਸਮੇਂ ਦੀ ਲੋੜ ਹੈ ਸਾਨੂੰ ਆਪਣੇ ਸਿਧਾਂਤਾਂ ਨੂੰ ਬਚਾਉਣ ਲਈ ਆਵਾਜ ਬੁਲੰਦ ਕਰੀਏ
ਇਸ ਮੌਕੇ ਬੀਬੀ ਜਗੀਰ ਕੌਰ ਨੇ ਪੰਥਕ ਸਭਾਵਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੀ ਹੋਈ ਲੀਡਰਸ਼ਿਪ ਖ਼ਿਲਾਫ਼ ਇੱਕਠੇ ਹੋਣ ਦਾ ਹੋਕਾ ਦਿੰਦੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਸਾਨੂੰ ਆਪਣੇ ਸਿਧਾਂਤਾਂ ਨੂੰ ਬਚਾਉਣ ਲਈ ਆਵਾਜ ਬੁਲੰਦ ਕਰੀਏ। ਬਿਜੀ ਜਗੀਰ ਕੌਰ ਨੇ ਅਗਾਮੀ ਐਸਜੀਪੀਸੀ ਚੋਣਾਂ ਲਈ ਚੰਗੇ ਅਤੇ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਸੇਵਾਦਾਰਾਂ ਦੀ ਚੋਣ ਕਰਕੇ ਭੇਜਣ ਦੀ ਬੇਨਤੀ ਕੀਤੀ । ਸਰਦਾਰ ਰਵੀਇੰਦਰ ਸਿੰਘ ਨੇ ਵੀ ਖਾਸ ਤੌਰ ਤੇ ਆਪਣੀ ਹਾਜ਼ਰੀ ਲਗਵਾਈ। ਸਰਦਾਰ ਰਵੀ ਇੰਦਰ ਸਿੰਘ ਨੇ ਸਮੁੱਚੇ ਪੰਥ ਹਿਤੈਸ਼ੀ ਅਤੇ ਅਕਾਲੀ ਸੋਚ ਨੂੰ ਸਮਰਪਿਤ ਲੋਕਾਂ ਨੂੰ ਬੇਨਤੀ ਕੀਤੀ ਕਿ, ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਆਪਣੀ ਖੇਤਰੀ ਪ੍ਰਤੀਨਿਧਤਾ ਨੂੰ ਮਜ਼ਬੂਤ ਰੱਖਣ ਲਈ ਆਪਣੀ ਸਿਆਸੀ ਤਾਕਤ ਰੱਖਦੀ ਜਮਾਤ ਨੂੰ ਮਜ਼ਬੂਤੀ ਪ੍ਰਦਾਨ ਕਰੀਏ । ਸਰਦਾਰ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪਹਿਰਾ ਦੇ ਸਕਦਾ ਹੈ, ਇਸ ਲਈ ਸਰਦਾਰ ਰਵੀਇੰਦਰ ਸਿੰਘ ਨੇ ਨੌਜਵਾਨਾਂ ਨੂੰ ਵੀ ਖਾਸ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੀ ਸਿਆਸੀ ਧੁਰੇ ਦੀ ਤਾਕਤ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ।
ਵੱਡੇ ਸਮਾਗਮ ਨੂੰ ਨੇਪਰੇ ਚਾੜਨ ਲਈ ਅਹਿਮ ਯੋਗਦਾਨ ਪਾਉਣ ਲਈ 15 ਮੈਂਬਰੀ ਕਮੇਟੀ ਨੇ ਤਨਦੇਹੀ ਨਾਲ ਅੱਜ ਦੀ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਅਹਿਮ ਯੋਗਦਾਨ ਪਾਇਆ
ਇਸ ਵੱਡੇ ਸਮਾਗਮ ਨੂੰ ਨੇਪਰੇ ਚਾੜਨ ਲਈ ਅਹਿਮ ਯੋਗਦਾਨ ਪਾਉਣ ਲਈ 15 ਮੈਂਬਰੀ ਕਮੇਟੀ ਨੇ ਤਨਦੇਹੀ ਨਾਲ ਅੱਜ ਦੀ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਅਹਿਮ ਯੋਗਦਾਨ ਪਾਇਆ । ਜਿਲਾ ਜੱਥੇਦਾਰ ਗੁਰਿੰਦਰ ਸਿੰਘ ਗੋਗੀ ਵਲੋ ਹਾਜ਼ਰ ਸੰਗਤ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ ਸਭ ਦੀ ਨਜਰ ਰੋਪੜ ਜ਼ਿਲੇ ਤੇ ਸੀ । ਅੱਜ ਜ਼ਿਲੇ ਦੇ ਵਰਕਰਾਂ ਅਤੇ ਆਗੂ ਸਾਹਿਬਾਨਾਂ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਜ਼ਿਲੇ ਦੇ ਵਰਕਰ ਸਿਧਾਤਾਂ ਨਾਲ ਅਡੋਲ ਖੜੇ ਹਨ । ਇਸ ਕਰਕੇ ਅੱਜ ਜ਼ਿਲੇ ਦੇ ਵਰਕਰਾਂ ਨੇ ਕਾਬਜ਼ ਲੀਡਰਸ਼ਿਪ ਨੂੰ ਸਾਫ ਸੁਨੇਹਾ ਦੇ ਦਿੱਤਾ ਹੈ ਵਰਕਰ ਅੱਜ ਵੀ ਮਜ਼ਬੂਤ ਹਨ ਅਤੇ ਪਾਰਟੀ ਦੀ ਮੁੱਖ ਧਾਰਾ ਨਾਲ ਖੜੇ ਹਨ । ਇਸ ਮੌਕੇ ਬੀਬੀ ਸਤਵਿੰਦਰ ਕੌਰ ਧਾਲੀਵਾਲ, ਹਰਬੰਸ ਸਿੰਘ ਕੰਧੋਲਾ, ਪ੍ਰੀਤਮ ਸਿੰਘ ਸੱਲੋਮਾਜਰਾ, ਸ਼ਮਸੇਰ ਸਿੰਘ ਸ਼ੇਰਾ, ਭੁਪਿੰਦਰ ਸਿੰਘ ਬਜਰੂਰ,ਗੁਰਵਿੰਦਰ ਸਿੰਘ ਡੂਮਛੇੜੀ, ਤੇਜਪਾਲ ਸਿੰਘ ਕੁਰਾਲੀ, ਜਸਵੀਰ ਸਿੰਘ ਕਾਈਨੌਰ, ਅੰਮ੍ਰਿਤਪਾਲ ਸਿੰਘ ਖਟੜਾ, ਜਗਜੀਤ ਸਿੰਘ ਰਤਨਗੜ੍ਹ, ਗੁਰਮੀਤ ਸਿੰਘ ਮਕੜੋਨਾ, ਦਰਬਾਰ ਸਹਿਬ ਘਨੌਲੀ, ਗੁਰਮੁੱਖ ਸਿੰਘ, ਮਨਦੀਪ ਸਿੰਘ ਖਿਜਰਾਬਾਦ, ਸਰਬਜੀਤ ਸਿੰਘ ਕਾਦੀਮਾਜਰਾ , ਸੁਰਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ ।
