"ਸਿਹਤਮੰਦ ਸ਼ੁਰੂਆਤ,ਆਸ ਭਰਪੂਰ ਭਵਿੱਖ" ਵਿਸ਼ੇ ਤਹਿਤ ਮਨਾਇਆ ਵਿਸ਼ਵ ਸਿਹਤ ਦਿਵਸ

ਦੁਆਰਾ: Punjab Bani ਪ੍ਰਕਾਸ਼ਿਤ :Monday, 07 April, 2025, 03:07 PM

ਪਟਿਆਲਾ 7 ਅਪ੍ਰੈਲ : ਜਿਲ੍ਹਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ “ਸਿਹਤਮੰਦ ਸ਼ੁਰੂਆਤ,ਆਸ ਭਰਪੂਰ ਭਵਿੱਖ”  ਵਿਸ਼ੇ  ਤਹਿਤ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਸੀ.ਐਚ.ਸੀ ਮਾਡਲ ਟਾਉਨ, ਪਟਿਆਲਾ ਵਿਖੇ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ.ਲਵਕੇਸ਼ ਕੁਮਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਸ਼ਵ ਸਿਹਤ ਦਿਵਸ ਲੋਕਾਂ ਨੁੰ ਸਿਹਤਮੰਦ ਰੱਖਣ ਲਈ ਸਿਹਤ ਨਾਲ ਸਬੰਧਤ ਮੁਦਿਆਂ ਅਤੇ ਸਮੱਸਿਆਵਾਂ ਦੇ ਹਲ ਪ੍ਰਤੀ ਜਾਗਰੂਕ ਕਰਨ ਲਈ ਸੰਸਾਰ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਸਿਹਤਮੰਦ ਰਹਿ ਕੇ ਮਜਬੂਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਿਹਤਮੰਦ ਹੋਣ ਦਾ ਮਤਲਬ ਕੇਵਲ ਬਿਮਾਰੀਆਂ ਤੋਂ ਰਹਿਤ ਹੋਣਾ ਹੀ ਨਹੀਂ ਬਲਕਿ ਮਨੁੱਖ ਦਾ ਸ਼ਰੀਰਿਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਵੀ ਸਿਹਤਮੰਦ ਹੋਣਾ ਹੈ। ਉਹਨਾਂ ਕਿਹਾ ਕਿ ਵਾਤਾਵਰਣ ਅਤੇ ਸਾਡੀਆਂ ਖਾਣ ਪੀਣ/ਰਹਿਣ ਸਹਿਣ ਦੀਆਂ ਆਦਤਾਂ ਵਿੱਚ ਤਬਦੀਲੀਆਂ ਆਉਣ ਕਰਕੇ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਹਨਾਂ ਤੋਂ ਬਚਾਅ ਦੀ  ਜਾਗਰੂਕਤਾ ਲਈ ਅਜਿਹੇ ਸਿਹਤ ਦਿਵਸ ਮਨਾਏ ਜਾਂਦੇ ਹਨ ।

ਅੱਜ ਦਾ ਵਿਸ਼ਾ ਮੁਖ ਤੌਰ ਤੇ  ਹੈ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਤੇ ਕੇਂਦਰਤ 

ਗਾਇਨੀ ਡਾ.ਗਗਨਜੀਤ ਕੌਰ ਵਾਲੀਆ ਨੇ “ਸਿਹਤਮੰਦ ਸ਼ੁਰੂਆਤ, ਆਸ ਭਰਪੂਰ ਭਵਿੱਖ” ਦੇ ਸਬੰਧ ਵਿੱਚ ਦੱਸਿਆ ਕਿ ਅੱਜ ਦਾ ਵਿਸ਼ਾ ਮੁਖ ਤੌਰ ਤੇ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਤੇ ਕੇਂਦਰਤ ਹੈ । ਇਸ ਦਾ ਮਕਸਦ ਗਰਭ ਅਵਸਥਾ, ਜਨੇਪਾ, ਅਤੇ ਬਾਦ ਦੀ ਦੇਖਭਾਲ ਦੌਰਾਨ ਵਧੀਆ ਸਿਹਤ ਸੇਵਾਵਾਂ ਦੇ ਕੇ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਮੌਤਾਂ ਦੀ ਗਿਣਤੀ ਨੂੰ ਘਟਾਉਣਾ ਹੈ। ਉਹਨਾਂ ਕਿਹਾ ਕਿ ਗਰਭ-ਅਵਸਥਾ ਦੌਰਾਨ ਮੁਸ਼ਕਿਲਾਂ ਦਾ ਜਲਦੀ ਪਤਾ ਲਗਾਉਣਾ, ਐਮਰਜੈਂਸੀ ਪ੍ਰਸੂਤੀ ਦੇਖਭਾਲ, ਛੋਟੇ ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਹੀ ਮੌਤ ਦਰ ਨੂੰ ਘਟਾਉਣ ਸਹਾਇਕ ਹੁੰਦੀ ਹੈ। ਉਹਨਾਂ ਜੋਰ ਦੇ ਕੇ ਕਿਹਾ ਕਿ ਬੱਚੇ ਦੇ ਜਨਮ ਤੋਂ ਬਾਦ ਮਾਂ ਨੂੰ ਮਾਨਸਿਕ ਸਿਹਤ ਸਹਾਇਤਾ, ਛਾਤੀ ਦਾ ਦੁੱਧ ਚੁੰਘਾਉਣ ਸਬੰਧੀ ਜਾਗਰੂਕਤਾ,ਪੋਸ਼ਟਿਕ ਖੁਰਾਕ ਅਤੇ ਬੱਚਿਆਂ ਦੇ ਟੀਕਾਕਰਨ ਸਬੰਧੀ ਸੇਵਾਵਾਂ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।