ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ : ਮੁੱਖ ਮੰਤਰੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 16 April, 2025, 11:25 AM

ਸੰਗਰੂਰ, 16 ਅਪਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਖਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਵੱਖ-ਵੱਖ ਪਲੇਟਫਾਰਮ ਮੁਹੱਈਆ ਕਰ ਕੇ ਉਨ੍ਹਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਠੋਸ ਕੋਸ਼ਿਸ਼ਾਂ ਕਰ ਰਹੀ ਹੈ ।

ਡਾਈਟ ਸੰਗਰੂਰ ਵਿਖੇ ਨਵਾਂ ਬਣਿਆ ਆਡੀਟੋਰੀਅਮ ਕੀਤਾ ਲੋਕਾਂ ਨੂੰ ਸਮਰਪਿਤ

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਈਟ) ਦਾ ਨਵਾਂ ਬਣਿਆ ਆਡੀਟੋਰੀਅਮ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਿੱਤੇ ਵਿੱਚ ਐਲੀਮੈਂਟਰੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਇਹ ਮਿਆਰੀ ਸੰਸਥਾ ਅਹਿਮ ਭੂਮਿਕਾ ਨਿਭਾ ਰਹੀ ਹੈ । ਉਨ੍ਹਾਂ ਕਿਹਾ ਕਿ 1993 ਵਿੱਚ ਸੰਗਰੂਰ ਵਿੱਚ ਸਥਾਪਤ ਡਾਈਟ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਵਿੱਚ ਮੁੱਖ ਭੂਮਿਕਾ ਨਿਭਾਈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੰਜਨੀਅਰਿੰਗ ਦਾ ਉੱਤਮ ਨਮੂਨਾ ਇਸ 400 ਸੀਟਾਂ ਦੇ ਅਤਿ-ਆਧੁਨਿਕ ਆਡੀਟੋਰੀਅਮ ਦੇ ਨਿਰਮਾਣ ਉਤੇ 4.16 ਕਰੋੜ ਰੁਪਏ ਦੀ ਲਾਗਤ ਆਈ ਹੈ । ਇਹ ਆਡੀਟੋਰੀਅਮ ਪ੍ਰਾਜੈਕਟਰਾਂ, ਏਅਰ ਕੰਡੀਸ਼ਨਰ ਤੇ ਹੋਰ ਤਕਨੀਕਾਂ ਸਮੇਤ ਆਧੁਨਿਕ ਤਕਨੀਕੀ ਉਪਕਰਨਾਂ ਨਾਲ ਲੈਸ ਹੈ ।

ਸ਼ਾਨਦਾਰ ਡਿਜ਼ਾਇਨ ਵਾਲੇ ਇਸ ਆਡੀਟੋਰੀਅਮ ਦੀ ਵਰਤੋਂ ਲੋਕ ਵੱਲੋਂ ਤਰਕਸੰਗਤ ਤਰੀਕੇ ਨਾਲ ਕੀਤੀ ਜਾ ਸਕੇਗੀ

ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਸ਼ਾਨਦਾਰ ਡਿਜ਼ਾਇਨ ਵਾਲੇ ਇਸ ਆਡੀਟੋਰੀਅਮ ਦੀ ਵਰਤੋਂ ਲੋਕ ਵੱਲੋਂ ਤਰਕਸੰਗਤ ਤਰੀਕੇ ਨਾਲ ਕੀਤੀ ਜਾ ਸਕੇਗੀ । ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੇ ਅਤਿ-ਆਧੁਨਿਕ ਆਡੀਟੋਰੀਅਮ ਸਿਰਫ਼ ਵਿਦੇਸ਼ਾਂ ਵਿੱਚ ਬਣਦੇ ਸਨ ਪਰ ਹੁਣ ਸੂਬਾ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਅਜਿਹੇ ਸ਼ਾਨਦਾਰ ਆਡੀਟੋਰੀਅਮ ਇੱਥੇ ਵੀ ਬਣ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਆਡੀਟੋਰੀਅਮ ਦੀ ਵਰਤੋਂ ਵਰਕਸ਼ਾਪਾਂ, ਸੈਮੀਨਾਰ ਤੇ ਹੋਰ ਪ੍ਰੋਗਰਾਮ ਕਰਵਾਉਣ ਲਈ ਕੀਤੀ ਜਾਵੇਗੀ, ਜਿਸ ਨਾਲ ਨੌਜਵਾਨਾਂ ਨੂੰ ਸਿਖਲਾਈ ਦੇਣ ਵਿੱਚ ਮਦਦ ਮਿਲੇਗੀ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਵਧੀਆ ਪਲੇਟਫਾਰਮ ਮੁਹੱਈਆ ਕਰੇਗਾ, ਜਿਸ ਨਾਲ ਨੌਜਵਾਨ ਜੀਵਨ ਦੇ ਹਰੇਕ ਖ਼ੇਤਰ ਵਿੱਚ ਸਫ਼ਲਤਾ ਹਾਸਲ ਕਰਨ ਦੇ ਯੋਗ ਹੋਣਗੇ ।

ਇਨ੍ਹਾਂ ਨੌਜਵਾਨਾਂ ਵਿੱਚ ਹਰੇਕ ਖ਼ੇਤਰ ਵਿੱਚ ਸਫ਼ਲਤਾ ਹਾਸਲ ਕਰਨ ਦਾ ਵਿਰਾਸਤੀ ਗੁਣ ਹੈ ਅਤੇ ਇਨ੍ਹਾਂ ਦੀ ਸਮਰੱਥਾ ਦੀ ਢੁਕਵੀਂ ਵਰਤੋਂ ਜ਼ਰੂਰ ਹੋਵੇ
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਿੱਚ ਹਰੇਕ ਖ਼ੇਤਰ ਵਿੱਚ ਸਫ਼ਲਤਾ ਹਾਸਲ ਕਰਨ ਦਾ ਵਿਰਾਸਤੀ ਗੁਣ ਹੈ ਅਤੇ ਇਨ੍ਹਾਂ ਦੀ ਸਮਰੱਥਾ ਦੀ ਢੁਕਵੀਂ ਵਰਤੋਂ ਜ਼ਰੂਰ ਹੋਵੇ। ਉਨ੍ਹਾਂ ਕਿਹਾ ਕਿ ਨੌਜਵਾਨ ਤੇ ਵਿਦਿਆਰਥੀ ਇਕ ਜਹਾਜ਼ ਵਾਂਗ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਲਾਂਚ ਪੈਡ ਮੁਹੱਈਆ ਕਰੇਗੀ । ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ ਉਤੇ ਆਖਿਆ ਕਿ ਜਦੋਂ ਤੱਕ ਪੰਜਾਬ ਦੇ ਵਿਦਿਆਰਥੀ ਆਪਣੇ ਮਨਚਾਹੇ ਟੀਚੇ ਹਾਸਲ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਆਰਾਮ ਨਾਲ ਨਹੀਂ ਬੈਠਣਗੇ । ਮੁੱਖ ਮੰਤਰੀ ਨੇ ਆਖਿਆ ਕਿ ਜੀਵਨ ਵਿੱਚ ਵੱਡੀ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਵੀ ਨੌਜਵਾਨ ਧਰਾਤਲ ਨਾਲ ਜੁੜੇ ਰਹਿਣ ਅਤੇ ਮਿਹਨਤ ਵਿੱਚ ਵਿਸ਼ਵਾਸ ਰੱਖਣ ਕਿਉਂਕਿ ਸਫ਼ਲਤਾ ਦੀ ਇਕੋ-ਇਕ ਕੁੰਜੀ ਮਿਹਨਤ ਹੈ । ਉਨ੍ਹਾਂ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ ਕਿਉਂਕਿ ਪੰਜਾਬ ਦੀ ਧਰਤੀ ਉਤੇ ਤਰੱਕੀ ਤੇ ਖ਼ੁਸ਼ਹਾਲੀ ਦੀਆਂ ਬੇਹੱਦ ਸੰਭਾਵਨਾਵਾਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਨੂੰ ਗਤੀ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ ।