ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾਇਆ ਬਾਦਲ ਦਲ - ਸਰਦਾਰ ਰੱਖੜਾ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਲੀਡਰ ਸਰਦਾਰ ਸੁਰਜੀਤ ਸਿੰਘ ਅਤੇ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਬਾਦਲ ਧੜੇ ਵਲੋਂ ਜਿਸ ਤਰਾਂ ਪੰਜ ਮੈਂਬਰੀ ਭਰਤੀ ਕਮੇਟੀ ਤੇ ਬੇਬੁਨਿਆਦ ਅਤੇ ਅਧਾਰਹੀਣ ਦੋਸ਼ ਲਗਾਏ ਜਾ ਰਹੇ ਨੇ, ਉਸ ਤੋ ਸਪੱਸ਼ਟ ਜਾਹਿਰ ਹੋ ਰਿਹਾ ਹੈ ਕਿ ਬਾਦਲ ਧੜਾ ਇਸ ਵੇਲੇ ਭਰਤੀ ਕਮੇਟੀ ਜਰੀਏ ਜਾਰੀ ਭਰਤੀ ਤੋ ਘਬਰਾ ਚੁੱਕਾ ਹੈ । ਸਰਦਾਰ ਰੱਖੜਾ ਨੇ ਕਿਹਾ ਕਿ ਪਹਿਲਾਂ ਹੁਕਮਨਾਮਾ ਸਾਹਿਬ ਦੀ ਅਵੱਗਿਆ ਕਰਕੇ ਬੋਗਸ ਭਰਤੀ ਕੀਤੀ ਅਤੇ ਫਿਰ ਬੋਗਸ ਪ੍ਰਧਾਨ ਵੀ ਚੁਣ ਲਿਆ ਗਿਆ, ਪਰ ਹਾਲੇ ਵੀ ਘਬਰਾਹਟ ਇਸ ਗੱਲ ਤੇ ਮੋਹਰ ਲਗਾਉਂਦੀ ਹੈ ਕਿ ਬਾਦਲ ਦਲ ਆਪਣਾ ਅਧਾਰ ਗੁਆ ਚੁੱਕਾ ਹੈ ।
ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾਇਆ ਬਾਦਲ ਦਲ : ਸਰਦਾਰ ਰੱਖੜਾ
ਸਰਦਾਰ ਪ੍ਰਮਿੰਦਰ ਢੀਂਡਸਾ ਨੇ ਕਿਹਾ ਕਿ ਅੱਜ ਪੰਥਕ ਹਾਲਾਤ ਬਦ ਤੋ ਬਦਤਰ ਹੋ ਚੁੱਕੇ ਹਨ, ਜਿਸ ਲਈ ਸਿਰਫ ਤੇ ਸਿਰਫ਼ ਬਾਦਲ ਦਲ ਜਿੰਮੇਵਾਰ ਹੈ। ਸਰਦਾਰ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਵਾਰ ਵਾਰ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਕਹਿ ਕੇ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਹੈ, ਜਦੋਂ ਕਿ ਜਾਰੀ ਹੁਕਮਨਾਮਾ ਸਾਹਿਬ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਹੁਕਮ ਹੋਏ ਸੀ, ਪਰ ਦੋ ਮੈਂਬਰਾਂ ਜਿਨ੍ਹਾਂ ਵਿੱਚ ਇੱਕ ਮੌਜੂਦਾ ਐਸਜੀਪੀਸੀ ਪ੍ਰਧਾਨ ਸ਼ਾਮਿਲ ਸਨ ਅਤੇ ਇੱਕ ਸਾਬਕਾ ਪ੍ਰਧਾਨ ਸਨ, ਓਹ ਹੋਏ ਹੁਕਮਨਾਮਾ ਸਾਹਿਬ ਤੋਂ ਭਗੌੜੇ ਹੋ ਗਏ, ਇਸ ਲਈ ਬਾਕੀ ਪੰਜ ਮੈਬਰਾਂ ਨੂੰ ਦੂਜੀ ਵਾਰ ਸਿੰਘ ਸਾਹਿਬਾਨ ਤੋਂ ਜੁਬਾਨੀ ਹੁਕਮ ਹੋਏ ਕਿ ਭਰਤੀ ਸ਼ੁਰੂ ਕੀਤੀ ਜਾਵੇ, ਜਿਸ ਤੋਂ ਬਾਅਦ ਭਰਤੀ ਮੁਹਿੰਮ ਦਾ ਆਗਾਜ਼ ਹੋਇਆ ।
ਜੇਕਰ ਕੇਂਦਰ ਤੋਂ ਮਿਲੀ ਸੁਰੱਖਿਆ ਹੀ ਕੇਂਦਰ ਦੇ ਕੰਟਰੋਲ ਦਾ ਆਧਾਰ ਹੈ ਤਾਂ ਸਭ ਤੋਂ ਵੱਧ ਕੇਂਦਰ ਦੀ ਸਕਿਉਰਟੀ ਬਾਦਲ ਪਰਿਵਾਰ ਕੋਲ : ਸਰਦਾਰ ਢੀਂਡਸਾ
ਸਰਦਾਰ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਦੇ ਮੁਖੀ ਨੇ ਆਪਣੇ ਦਲ ਦੇ ਪ੍ਰਧਾਨ ਬਣਦੇ ਸਾਰ ਹੀ ਪਹਿਲਾ ਹਮਲਾ ਸਿੱਖ ਕੌਮ ਦੀ ਸਰਵਉਚ ਪਦਵੀ ਤੇ ਕੀਤਾ। ਸੁਖਬੀਰ ਬਾਦਲ ਨੇ ਆਪਣੇ ਦਲ ਦਾ ਮੁਖੀ ਬਣਦੇ ਹੀ ਸਿੰਘ ਸਾਹਿਬਾਨ ਅਤੇ ਤਖ਼ਤਾਂ ਨੂੰ ਕੇਂਦਰ ਦੇ ਕੰਟਰੋਲ ਵਿੱਚ ਦੱਸਿਆ। ਇਸ ਲਈ ਇਹ ਹਵਾਲਾ ਦੇਕੇ ਦੋਸ਼ ਮੜ ਦਿੱਤਾ ਕਿ ਓਹਨਾ ਕੋਲ ਕੇਂਦਰੀ ਸੁਰੱਖਿਆ ਦੇ ਕੁਝ ਮੁਲਾਜ਼ਮ ਹਨ। ਜੇਕਰ ਕੇਂਦਰ ਤੋਂ ਮਿਲੀ ਸੁਰੱਖਿਆ ਨੂੰ ਅਧਾਰ ਬਣਾਇਆ ਜਾਵੇ ਤਾਂ ਅੱਜ ਸਭ ਤੋਂ ਵੱਧ ਕੇ ਕੇਂਦਰ ਦੀ ਸੁਰੱਖਿਆ ਬਾਦਲ ਪਰਿਵਾਰ ਅਤੇ ਓਹਨਾ ਦੇ ਰਿਸ਼ਤੇਦਾਰਾਂ ਨੂੰ ਮਿਲੀ ਹੋਈ ਹੈ, ਇਸ ਲਈ ਇਹ ਮੰਨਿਆ ਜਾ ਸਕਦਾ ਕਿ ਜਿਹੜਾ ਕੁਝ ਬਿਰਤਾਂਤ ਪਿਛਲੇ ਸਮੇਂ ਵਿੱਚ ਸਿੱਖ ਭਾਈਚਾਰੇ ਦੇ ਸੰਦਰਭ ਵਿੱਚ ਵਾਪਰਿਆ ਉਹ ਕੇਂਦਰ ਦੇ ਇਸ਼ਾਰੇ ਤੇ ਸੁਖਬੀਰ ਬਾਦਲ ਨੇ ਕੀਤਾ। ਸਰਦਾਰ ਢੀਂਡਸਾ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਆਪਣੀ ਬੁਖਲਾਹਟ ਦੇ ਚਲਦੇ ਸਰਵਉਚ ਤਖ਼ਤ ਸਾਹਿਬਾਨ ਦੀ ਹੀ ਤੌਹੀਨ ਕਰਨ ਤੇ ਉਤਰ ਚੁੱਕਾ ਹੈ। ਸੁਖਬੀਰ ਬਾਦਲ ਦੇ ਇਹਨਾ ਸ਼ਬਦਾਂ ਨੇ ਦੇਸ਼ ਦੁਨੀਆਂ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਦਰੇ ਹਨ ।
ਓਹ ਸਮੁੱਚੀ ਸਿੱਖ ਕੌਮ ਤੋਂ ਵਰਤੇ ਗਏ ਸ਼ਬਦਾਂ ਲਈ ਮੁਆਫੀ ਮੰਗਣ
ਸਰਦਾਰ ਰੱਖੜਾ ਅਤੇ ਸਰਦਾਰ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਸਖ਼ਤ ਤਾੜਨਾ ਕੀਤੀ ਕਿ ਓਹ ਸਮੁੱਚੀ ਸਿੱਖ ਕੌਮ ਤੋਂ ਵਰਤੇ ਗਏ ਸ਼ਬਦਾਂ ਲਈ ਮੁਆਫੀ ਮੰਗਣ, ਜੇਕਰ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਅੰਦਰ ਸਮੁੱਚੀ ਸਿੱਖ ਸੰਗਤ ਨਾਲ ਮਿਲ ਕੇ ਓਹਨਾ ਖਿਲਾਫ ਮੋਰਚਾ ਖੋਲਿਆ ਜਾਵੇਗਾ, ਇਸ ਦੇ ਨਾਲ ਹੀ ਦੋਹਾਂ ਆਗੂਆਂ ਨੇ ਕਿਹਾ ਕਿ ਸਿੰਘ ਸਾਹਿਬਾਨ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਲਈ ਖੁਦ ਸੁਖਬੀਰ ਬਾਦਲ ਜ਼ਿੰਮੇਵਾਰ ਨੇ ਜਿਨਾ ਨੇ ਸਰਕਾਰ ਦੌਰਾਨ ਸੱਤਾ ਦੇ ਨਸ਼ੇ ਵਿੱਚ ਜੱਥੇਦਾਰ ਸਾਹਿਬਾਨ ਸਰਕਾਰੀ ਰਿਹਾਇਸ ਤੇ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫੀ ਦਿਵਾਈ ।
