ਡੀਜਲ ਤੇ ਸਿਲਿੰਡਰ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 April, 2025, 11:51 AM

ਪਟਿਆਲਾ, ਅਪ੍ਰੈਲ : ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਰੇਖਾ ਅਗਰਵਾਲ ਤੇ ਭੁਪਿੰਦਰ ਕੌਰ ਕੌਰਜੀਵਾਲਾ ਦੀ ਅਗਵਾਈ ਹੇਠ ਦੇਸ਼ ਵਿੱਚ ਵੱਧ ਰਹੀ ਮਹਿੰਗਾਈ , ਡੀਜ਼ਲ ਤੇ ਸਿਲੰਡਰ ਦੀਆਂ ਕੀਮਤਾਂ ਦੇ ਵਿਰੁੱਧ ਫੁਆਰਾ ਚੌਂਕ ਪਟਿਆਲਾ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ।

ਦੇਸ਼ ਦੀ ਜਨਤਾ ਖ਼ਾਸਕਰ ਔਰਤਾਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵਈਏ , ਵੱਧ ਰਹੀ ਮਹਿੰਗਾਈ ਤੇ ਅੱਤਿਆਚਾਰ ਤੋਂ ਅਤਿਅੰਤ ਪ੍ਰੇਸ਼ਾਨ ਹਨ ਪਰ ਲੋਕਾਂ ਦੀ ਆਵਾਜ਼ ਨੂੰ ਸੁਣਨ ਵਾਲਾ ਕੋਈ ਨਹੀਂ ਹੈ
ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਦੇਸ਼ ਦੀ ਜਨਤਾ ਖ਼ਾਸਕਰ ਔਰਤਾਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵਈਏ , ਵੱਧ ਰਹੀ ਮਹਿੰਗਾਈ ਤੇ ਅੱਤਿਆਚਾਰ ਤੋਂ ਅਤਿਅੰਤ ਪ੍ਰੇਸ਼ਾਨ ਹਨ ਪਰ ਲੋਕਾਂ ਦੀ ਆਵਾਜ਼ ਨੂੰ ਸੁਣਨ ਵਾਲਾ ਕੋਈ ਨਹੀਂ ਹੈ । ਰੰਧਾਵਾ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਝੱਲ ਰਹੀਆਂ ਔਰਤਾਂ ਆਪਣੀ ਰਸੋਈ ਅਤੇ ਘਰ ਦਾ ਖਰਚਾ ਚਲਾਉਣ ਤੋਂ ਅਸਮਰਥ ਹਨ। ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਡੀਜ਼ਲ ਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਨ ਲਈ ਮਜ਼ਬੂਰ ਹੈ । ਵਿਉਪਾਰੀ, ਮੁਲਾਜ਼ਮ, ਮਜ਼ਦੂਰ ਤੇ ਹੋਰ ਵਰਗ ਵੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਪਰ ਮੋਦੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਚੂਰ ਹੋਕੇ ਵਿਦੇਸ਼ੀ ਦੌਰਿਆਂ ਤੇ ਵਿਦੇਸ਼ੀ ਮਹਿਮਾਨਾਂ ਦੀ ਜੀ ਹਜ਼ੂਰੀ ਵਿੱਚ ਵਿਅਸਤ ਹੈ । ਇਸ ਮੌਕੇ ਸੂਬਾ ਜਨਰਲ ਸਕੱਤਰ ਜਸਬੀਰ ਕੌਰ ਮੂਨਕ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ , ਨਰਿੰਦਰ ਕੌਰ ਕੰਗ ਤੇ ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ ਨੇ ਕਿਹਾ ਕਿ ਅੱਜ ਸਮੁੱਚੇ ਹਿੰਦੁਸਤਾਨ ਵਿੱਚ ਔਰਤਾਂ ਉੱਤੇ ਅੱਤਿਆਚਾਰ ਹੋ ਰਹੇ ਹਨ । ਮਣੀਪੁਰ ਦੀਆਂ ਬੇਟੀਆਂ, ਪਹਿਲਵਾਨ ਬੇਟੀਆਂ, ਹਾਥਰਸ ਕਾਂਡ ਵਰਗੀਆਂ ਘਟਨਾਵਾਂ ਨੇ ਦੇਸ਼ ਦੀਆਂ ਔਰਤਾਂ ਦੇ ਮਨਾਂ ਨੂੰ ਝਿੰਝੋੜਕੇ ਰੱਖ ਦਿੱਤਾ ਹੈ ਪਰ ਮੋਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ।

ਮਹਿਲਾ ਕਾਂਗਰਸ ਆਪ ਸਰਕਾਰ ਦੇ ਡੰਡਾ ਤੰਤਰ ਦਾ ਮੂੰਹਤੋੜ ਦੇਵੇਗੀ ਜਵਾਬ
ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਲਤਾ ਵਰਮਾ, ਚਰਨਜੀਤ ਕੌਰ ਪ੍ਰਧਾਨ ਭੁਨਰਹੇੜੀ, ਸੁਖਵਿੰਦਰ ਦਿਓਲ ਪ੍ਰਧਾਨ ਬਹਾਦੁਰਗੜ੍ਹ, ਜਸਬੀਰ ਕੌਰ ਜੱਸੀ, ਪੱਲਵੀ ਜੈਨ, ਪੁਸ਼ਪਿੰਦਰ ਗਿੱਲ, ਰੇਨੂੰ ਯਾਦਵ, ਤੇਜਿੰਦਰ ਕੌਰ ਕੋਹਲੀ ਨੇ ਸ਼ਿਰਕਤ ਕੀਤੀ ਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ਤੇ ਦਰਜ਼ ਕੀਤੀ ਝੂਠੀ ਐੱਫ. ਆਈ. ਆਰ. ਦੀ ਨਿਖੇਦੀ ਕਰਦਿਆਂ ਕਿਹਾ ਕਿ ਮਹਿਲਾ ਕਾਂਗਰਸ ਆਪ ਸਰਕਾਰ ਦੇ ਡੰਡਾ ਤੰਤਰ ਦਾ ਮੂੰਹਤੋੜ ਜਵਾਬ ਦੇਵੇਗੀ । ਇਸ ਮੌਕੇ ਬੀਬੀ ਰੰਧਾਵਾ ਦੇ ਪੀਏ ਗੁਰਪ੍ਰੀਤ ਬੈਦਵਾਨ, ਪ੍ਰਦੀਪ ਸਿੰਘ ਪੈਰੀ ਮਾਨ, ਕੌਂਸਲਰ ਦਲਜੀਤ ਚਾਹਲ, ਪ੍ਰਭਜੋਤ ਕੁੱਤਬਨਪੁਰ, ਮੇਜਰ ਖਾਨ ਧਬਲਾਨ ਵੀ ਮੌਜ਼ੂਦ ਸਨ।