ਪੰਜਾਬੀ ਯੂਨੀਵਰਸਿਟੀ ਵਿਖੇ ਵਰਿਆਮ ਸਿੰਘ ਸੰਧੂ ਦੀ ਕਾਵਿ-ਕਿਤਾਬ 'ਵਰਿ੍ਹਆਂ ਪਿੱਛੋਂ' ਉੱਤੇ ਗੋਸ਼ਟੀ ਕਰਵਾਈ

ਪਟਿਆਲਾ, 17 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਉੱਘੇ ਕਥਾਕਾਰ, ਵਾਰਤਕਕਾਰ ਅਤੇ ਇਤਿਹਾਸ ਖੋਜੀ ਡਾ. ਵਰਿਆਮ ਸਿੰਘ ਸੰਧੂ ਦੀ ਕਵਿਤਾ ਦੀ ਪਹਿਲੀ ਕਿਤਾਬ ਵਰਿ੍ਹਆਂ ਪਿੱਛੋਂ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ । ਲੋਕ ਅਰਪਣ ਉਪਰੰਤ ਇਸ ਕਿਤਾਬ ਬਾਰੇ ਇੱਕ ਵਿਚਾਰ ਗੋਸ਼ਟੀ ਵੀ ਕੀਤੀ ਗਈ । ਵਿਭਾਗ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਸਵਾਗਤੀ ਸ਼ਬਦਾਂ ਦੌਰਾਨ ਵਰਿਆਮ ਸਿੰਘ ਸੰਧੂ ਦੀ ਇੱਕ ਕਵਿਤਾ ‘ਗੁਰ ਦੇ ਘਰ ਵਿੱਚ ਕਾਹਦਾ ਡਰ’ ਪੜ੍ਹ ਕੇ ਸੁਣਾਈ ।
ਵਰਿਆਮ ਸਿੰਘ ਸੰਧੂ ਹੋਰਾਂ ਦੀ ਇਸ ਕਿਤਾਬ ਵਿੱਚ ਜੋ ਕਵਿਤਾ ਸ਼ਾਮਿਲ ਕੀਤੀ ਗਈ ਹੈ ਉਹ ਉਹਨਾਂ ਦੀ ਰਚਨਾਤਮਕ ਯਾਤਰਾ ਦੇ ਦੋ ਪੜਾਵਾਂ ਨੂੰ ਚਿੰਨ੍ਹਤ ਕਰਦੀ ਹੈ
ਆਲੋਚਕ ਪ੍ਰੋ. ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ਪੰਜਾਬੀ ਦੇ ਸਿਰਮੌਰ ਕਥਾਕਾਰ ਹਨ ਅਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਅਤੇ ਸਰਗਰਮੀਆਂ ਨਾਲ ਸਾਬਤ ਕੀਤਾ ਹੈ ਕਿ ਉਹ ਕਦੇ ਵੀ ਪ੍ਰਗਤੀਸ਼ੀਲ ਕਦਰਾਂ ਕੀਮਤਾਂ ਤੋਂ ਡੋਲੇ ਨਹੀਂ ਤੇ ਉਹਨਾਂ ਪੰਜਾਬੀ ਸਮਾਜ ਵਿੱਚ ਸੰਪਰਦਾਇਕਤਾ ਦੇ ਉਭਾਰ ਅਤੇ ਸੱਤਾ ਦੇ ਦਮਨ ਦਾ ਡੱਟ ਕੇ ਵਿਰੋਧ ਕੀਤਾ ਹੈ । ਉਹਨਾਂ ਕਿਹਾ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਸ ਕਿਤਾਬ ਵਿੱਚ ਜੋ ਕਵਿਤਾ ਸ਼ਾਮਿਲ ਕੀਤੀ ਗਈ ਹੈ ਉਹ ਉਹਨਾਂ ਦੀ ਰਚਨਾਤਮਕ ਯਾਤਰਾ ਦੇ ਦੋ ਪੜਾਵਾਂ ਨੂੰ ਚਿੰਨ੍ਹਤ ਕਰਦੀ ਹੈ । ਬਲਵਿੰਦਰ ਗਰੇਵਾਲ ਨੇ ਆਪਣੇ ਰਸ਼ਨਾਤਮਕ ਅੰਦਾਜ਼ ਵਿੱਚ ਵਰਿਆਮ ਸਿੰਘ ਸੰਧੂ ਹੋਰਾਂ ਦੀ ਸ਼ਖ਼ਸੀਅਤ ਅਤੇ ਰਚਨਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਹਨਾਂ ਦੀ ਕਵਿਤਾ ‘ਅੰਬਾਂ ਵਾਲੀ ਬਾਲਟੀ’ ਦਾ ਪਾਠਗਤ ਵਿਸ਼ਲੇਸ਼ਣ ਪੇਸ਼ ਕਰਦਿਆਂ ਪਰਵਾਸੀ ਸਥਿਤੀਆਂ ਵਿੱਚ ਮਾਨਵੀ ਮੁੱਲਾਂ ਨੂੰ ਪਹੁੰਚ ਰਹੀ ਜਰਬ ਵੱਲ ਇਸ਼ਾਰਾ ਕੀਤਾ । ਕਥਾਕਾਰ ਜਸਬੀਰ ਰਾਣਾ ਨੇ ਕਵਿਤਾ ਬਾਰੇ ਆਪਣੇ ਨਿੱਜੀ ਪ੍ਰਤਿਕਰਮ ਅਤੇ ਉਹਨਾਂ ਦੀ ਮਾਨਸਿਕਤਾ ਉੱਪਰ ਪਏ ਪ੍ਰਭਾਵ ਨੂੰ ਉਲੀਕਿਆ ।
ਵਿਦਿਆਰਥੀਆਂ ਨੂੰ ਵਰਿਆਮ ਸਿੰਘ ਸੰਧੂ ਹੋਰਾਂ ਦੀ ਸ਼ਖ਼ਸੀਅਤ ਅਤੇ ਉਹਨਾਂ ਦੀ ਰਚਨਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ
ਪ੍ਰੋਫੈਸਰ ਸੁਰਿੰਦਰ ਸਿੰਘ ਮੰਡ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਰਿਆਮ ਸਿੰਘ ਸੰਧੂ ਹੋਰਾਂ ਦੀ ਸ਼ਖ਼ਸੀਅਤ ਅਤੇ ਉਹਨਾਂ ਦੀ ਰਚਨਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ । ਬਲਵਿੰਦਰ ਸਿੰਘ ਸੰਧੂ ਨੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਕਵਿਤਾ ਦੀ ਨਫਾਸਤ, ਗਹਿਰਾਈ, ਪ੍ਰਮਾਣਿਕਤਾ ਅਤੇ ਸੁਹਜਾਤਮਕ ਬਣਤਰ ਬਾਰੇ ਗੱਲ ਕੀਤੀ । ਡਾ. ਬਲਦੇਵ ਸਿੰਘ ਧਾਲੀਵਾਲ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਉਹਨਾਂ ਨੇ ਵਰਿਆਮ ਸਿੰਘ ਸੰਧੂ ਨੂੰ ਇੱਕ ਸ਼ੈਲੀਕਾਰ ਵਜੋਂ ਵਿਚਾਰਦਿਆਂ ਉਹਨਾਂ ਦੀਆਂ ਕਵਿਤਾਵਾਂ ਵਿੱਚ ਜੁਝਾਰ ਵਿਦਰੋਹੀ ਭਾਵਾਂ ਦੇ ਨਾਲ ਨਾਲ ਅਸਤਿਤਵਾਦੀ ਮਾਨਵਵਾਦ ਦੇ ਦਖ਼ਲ ਨਾਲ ਸਿਰਜੀ ਜਾਂਦੀ ਕਵਿਤਾ ਦੀ ਵਿਲੱਖਣਤਾ ਨੂੰ ਉਭਾਰਿਆ । ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਕਵੀ ਦਰਸ਼ਨ ਬੁੱਟਰ ਹੋਰਾਂ ਨੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਕਵਿਤਾ ਅਤੇ ਸਿਰਜਣਾਤਮਕ ਸ਼ਖ਼ਸੀਅਤ ਦੇ ਮੁੱਖ ਪਹਿਲੂਆਂ ਨੂੰ ਪੇਸ਼ ਕੀਤਾ ਅਤੇ ਵਰਿਆਮ ਸਿੰਘ ਸੰਧੂ ਦੀ ਇੱਕ ਕਵਿਤਾ ਤਰੰਨੁਮ ਵਿੱਚ ਸੁਣਾਈ ।
ਉਹਨਾਂ ਨੇ ਸਕੂਲ ਸਮੇਂ ਤੋਂ ਹੀ ਆਪਣੇ ਪ੍ਰਾਈਮਰੀ ਅਧਿਆਪਕ ਅਵਤਾਰ ਸਿੰਘ ਸੋਢੀ ਹੋਰਾਂ ਦੀ ਨਿਰਦੇਸ਼ਨਾ ਹੇਠ ਕਵਿਤਾ ਪੜ੍ਹਨੀ ਸਿੱਖੀ ਸੀ
ਵਰਿਆਮ ਸਿੰਘ ਸੰਧੂ ਨੇ ਇਸ ਮੌਕੇ ਆਪਣੇ ਵਿਲੱਖਣ ਅੰਦਾਜ਼ ਵਿੱਚ ਬੋਲਦਿਆਂ ਦੱਸਿਆ ਕਿ ਉਹਨਾਂ ਨੇ ਸਕੂਲ ਸਮੇਂ ਤੋਂ ਹੀ ਆਪਣੇ ਪ੍ਰਾਈਮਰੀ ਅਧਿਆਪਕ ਅਵਤਾਰ ਸਿੰਘ ਸੋਢੀ ਹੋਰਾਂ ਦੀ ਨਿਰਦੇਸ਼ਨਾ ਹੇਠ ਕਵਿਤਾ ਪੜ੍ਹਨੀ ਸਿੱਖੀ ਸੀ ਜਿਸ ਕਾਰਨ ਉਹ ਪਹਿਲਾਂ ਪਹਿਲ ਸਕੂਲ ਦੀ ਬਾਲ ਸਭਾ ਵਿੱਚ ਪੇਸ਼ ਕਰਨ ਲਈ ਕਵਿਤਾ ਲਿਖਣ ਲੱਗੇ ਅਤੇ ਹੌਲੀ ਹੌਲੀ ਮੌਲਿਕ ਕਵਿਤਾ ਰਚਨਾ ਵੱਲ ਗਏ ਜਦੋਂ ਜੁਝਾਰ ਵਿਦਰੋਹੀ ਕਵਿਤਾ ਦਾ ਦੌਰ ਚੱਲ ਰਿਹਾ ਸੀ ਅਤੇ ਸੱਤਾ ਵੱਲੋਂ ਜੁਝਾਰ ਕਵੀਆਂ ਉੱਤੇ ਤਸ਼ਦਦ ਹੋ ਰਹੇ ਸਨ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੇ ਕਵੀ ਅਤੇ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜਫਰ ਨੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਕਵਿਤਾ ਨੂੰ ਸਮਕਾਲ ਵਿੱਚ ਸਾਰਥਕ ਕਵਿਤਾ ਦੇ ਤੌਰ ਤੇ ਉਭਾਰਿਆ ।
ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਗੁਰਸੇਵਕ ਸਿੰਘ ਲੰਬੀ ਨੇ ਬਾਖੂਬੀ ਨਿਭਾਈ
ਅਖੀਰ ਵਿੱਚ ਵਿਭਾਗ ਦੇ ਪ੍ਰੋਫੈਸਰ ਡਾ. ਸੁਰਜੀਤ ਸਿੰਘ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਵਰਿਆਮ ਸਿੰਘ ਸੰਧੂ ਦੀ ਕਵਿਤਾ ਵਿਚਲੀ ਉਦਾਸੀ ਦੀ ਸੁਰ ਨੂੰ ਸਮਕਾਲੀ ਸੰਕਟਾਂ ਦੇ ਹੁੰਗਾਰੇ ਵਜੋਂ ਪੇਸ਼ ਕੀਤਾ । ਵਰਿਆਮ ਸਿੰਘ ਸੰਧੂ ਦੇ ਅਧਿਆਪਕ ਅਵਤਾਰ ਸਿੰਘ ਸੋਢੀ ਦੇ ਸਪੁੱਤਰ ਪ੍ਰਿੰਸੀਪਲ ਐੱਸ. ਐੱਸ. ਸੋਢੀ ਵਿਸ਼ੇਸ਼ ਤੌਰ ਉੱਤੇ ਇਸ ਸਮਾਗਮ ਵਿੱਚ ਆਪਣੇ ਸਪੁੱਤਰ ਸਮੇਤ ਸ਼ਾਮਿਲ ਹੋਏ । ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਗੁਰਸੇਵਕ ਸਿੰਘ ਲੰਬੀ ਨੇ ਬਾਖੂਬੀ ਨਿਭਾਈ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ਼ਾਇਰ ਸਤਪਾਲ ਭੀਖੀ, ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਚਰਨਜੀਤ ਕੌਰ, ਚਿੱਟਾ ਸਿੱਧੂ ਆਦਿ ਨੇ ਸ਼ਮੂਲੀਅਤ ਕੀਤੀ ।
