ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਸੁਖਬੀਰ ਬਾਦਲ ਵੱਲੋਂ ਵਾਰ ਵਾਰ ਤਖ਼ਤ ਸਾਹਿਬਾਨ ਅਤੇ ਤਖ਼ਤਾਂ ਦੇ ਜੱਥੇਦਾਰਾਂ ਪ੍ਰਤੀ ਵਰਤੀ ਜਾ ਰਹੀ ਭਾਸ਼ਾ ਦਾ ਕੀਤਾ ਸਖ਼ਤ ਵਿਰੋਧ

ਚੰਡੀਗੜ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਸੁਖਬੀਰ ਬਾਦਲ ਵੱਲੋਂ ਤਖ਼ਤ ਸਹਿਬਾਨਾਂ ਅਤੇ ਤਖ਼ਤ ਸਹਿਬਾਨ ਦੇ ਜੱਥੇਦਾਰਾਂ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦਾ ਸਖ਼ਤ ਸ਼ਬਦਾਂ ਨਾਲ ਵਿਰੋਧ ਕੀਤਾ ਹੈ । ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਤਖਤਾਂ ਨੂੰ ਦਿੱਲੀ ਦੇ ਕਬਜੇ ਹੇਠ ਦੱਸਣਾ, ਸੁਖਬੀਰ ਬਾਦਲ ਨੂੰ ਸ਼ੋਭਦਾ ਨਹੀਂ । ਸੁਖਬੀਰ ਬਾਦਲ ਆਪਣੇ ਨੈਤਿਕ ਤੌਰ ਤੇ ਗੁਆਚ ਚੁੱਕੇ ਸਿਆਸੀ ਅਧਾਰ ਨੂੰ ਬਰਦਾਸ਼ਤ ਨਹੀਂ ਕਰ ਪਾਏ, ਇਸ ਦੇ ਇਲਮ ਵਿੱਚ ਅਜਿਹੀਆਂ ਕੋਝੀਆਂ ਹਰਕਤਾਂ ਤੇ ਉਤਰੇ ਹਨ ।
ਤਖ਼ਤ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਅੱਜ ਤੱਕ ਨਾ ਕਿਸੇ ਦੀ ਨਾ ਜੁਰਤ ਹੋਈ ਹੈ
ਭਰਤੀ ਕਮੇਟੀ ਮੈਬਰਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਤਖ਼ਤ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਅੱਜ ਤੱਕ ਨਾ ਕਿਸੇ ਦੀ ਨਾ ਜੁਰਤ ਹੋਈ ਹੈ ਅਤੇ ਨਾ ਕੋਈ ਕਰ ਸਕਦਾ ਹੈ,ਕਿ ਓਹਨਾ ਨੂੰ ਗੁਲਾਮ ਬਣਾਇਆ ਜਾ ਸਕੇ ਜਾਂ ਆਪਣੇ ਅਧੀਨ ਕਰ ਲਿਆ ਜਾਵੇ । ਭਰਤੀ ਕਮੇਟੀ ਮੈਬਰਾਂ ਨੇ ਇਹ ਜਰੂਰ ਕਿਹਾ ਕਿ ਇਹ ਕੋਸ਼ਿਸ਼ ਖੁਦ ਸੁਖਬੀਰ ਸਿੰਘ ਬਾਦਲ ਆਪਣੇ ਸੱਤਾ ਕਾਲ ਵਿੱਚ ਕਰਨ ਦੀ ਗਲਤੀ ਜਰੂਰ ਕਰ ਚੁੱਕਾ, ਜਿਸ ਤਹਿਤ ਉਸ ਨੇ ਆਪਣੀ ਸਿਆਸੀ ਤਾਕਤ ਦੇ ਅਧਾਰ ਤੇ ਸਿੰਘ ਸਾਹਿਬਾਨ ਨੂੰ ਸਰਕਾਰੀ ਰਿਹਾਇਸ਼ ਤੇ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫੀ ਦਿਵਾਈ, ਜਿਸ ਦਾ ਨਤੀਜਾ ਅੱਜ ਪੂਰੀ ਸਿੱਖ ਕੌਮ ਨੂੰ ਭੁਗਤਣਾ ਪਿਆ, ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਨੂੰ ਭੁਗਤਣਾ ਪਿਆ । ਸੁਖਬੀਰ ਸਿੰਘ ਬਾਦਲ ਦੀ ਇਸ ਗਲਤੀ ਨੇ ਉਸ ਦਾ ਨੈਤਿਕ ਸਿਆਸੀ ਅਧਾਰ ਅਤੇ ਵਜੂਦ ਤਾਂ ਖਤਮ ਕੀਤਾ ਸਗੋ ਅੱਜ ਤੱਕ ਪੰਥਕ ਸਿਆਸੀ ਜਮਾਤ ਦੇ ਪੈਰ ਨਹੀਂ ਲੱਗ ਸਕੇ । ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਸੁਖਬੀਰ ਸਿੰਘ ਨੂੰ ਬਾਦਲ ਨੂੰ ਆਪਣੀ ਇਸ ਬੱਜਰ ਗਲਤੀ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ।
ਸੁਖਬੀਰ ਬਾਦਲ ਅੱਜ ਜਿੱਥੇ ਗੁਰੂ ਸਾਹਿਬਾਨ ਵਲੋਂ ਵਰਸੋਏ ਤਖਤਾਂ ਨੂੰ ਗੁਲਾਮ ਦੱਸ ਕੇ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਵੱਲੋ ਵਰਸੋਏ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਦੂਜੇ ਤਖਤਾਂ ਦੇ ਸਨਮਾਨ, ਸਰਵਉੱਚਤਾ ਅਤੇ ਸੰਕਲਪ ਨੂੰ ਤੋੜਨ ਲਈ ਵੱਡੀ ਸੁਖਬੀਰ ਸਿੰਘ ਬਾਦਲ ਵੱਡੀ ਸਾਜਿਸ਼ ਰਚ ਚੁੱਕੇ ਹਨ । ਸਿੱਖ ਕੌਮ ਹਮੇਸ਼ਾ ਧਾਰਮਿਕ, ਰਾਜਸੀ, ਸਮਾਜਿਕ ਖੇਤਰ ਵਿੱਚ ਆਈਆਂ ਦਰਪੇਸ਼ ਮੁਸ਼ਕਿਲਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੀ ਹੈ । ਸੁਖਬੀਰ ਬਾਦਲ ਅੱਜ ਜਿੱਥੇ ਗੁਰੂ ਸਾਹਿਬਾਨ ਵਲੋਂ ਵਰਸੋਏ ਤਖਤਾਂ ਨੂੰ ਗੁਲਾਮ ਦੱਸ ਕੇ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।
ਭਰਤੀ ਕਮੇਟੀ ਨੇ ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕੀਤੀ ਅਪੀਲ
ਭਰਤੀ ਕਮੇਟੀ ਨੇ ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਓਹ ਇਸ ਵਰਤਾਰੇ ਨੂੰ ਮੂਕ ਦਰਸ਼ਕ ਬਣ ਕੇ ਨਾ ਵੇਖਣ। ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਉਣ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਓਹ ਖੁਦ ਅੱਗੇ ਆਕੇ ਪੰਥ ਨੂੰ ਢਾਅ ਲਗਾਏ ਜਾਣ ਵਾਲੇ ਮਾਮਲਿਆਂ ਵਿੱਚ ਅਗਵਾਈ ਕਰਨ। ਇਸ ਦੇ ਨਾਲ ਹੀ ਮੈਬਰਾਂ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਆਪਣੇ ਧੜੇ ਦੇ ਮੁਖੀ ਬਣਦੇ ਹੀ ਆਪਣੀ ਬਦਲਾ ਲਊ ਭਾਵਨਾ ਹੇਠ ਤਖਤਾਂ ਸਾਹਿਬਾਨ ਨੂੰ ਦਿੱਲੀ ਦੇ ਤਖ਼ਤ ਸਾਹਮਣੇ ਗੁਲਾਮ ਕਰਾਰ ਦੇਣਾ ।
