ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

ਭਵਾਨੀਗੜ੍ਹ ਸੰਗਰੂਰ 12 ਅਪ੍ਰੈਲ : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਣਕ ਦੀ ਸਰਕਾਰੀ ਖਰੀਦ ਰਸਮੀ ਤੌਰ ਤੇ ਸ਼ੁਰੂ ਕਰਵਾਈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕਣਕ ਦੇ ਖਰੀਦ ਪ੍ਰਬੰਧਾਂ ਨਾਲ ਸੰਬੰਧਿਤ ਹਰੇਕ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਗਈ ਫਸਲ ਨੂੰ ਖਰੀਦ ਕੇ ਉਹਨਾਂ ਦੀ ਮਿਹਨਤ ਦਾ ਸਮੇਂ ਸਿਰ ਮੁੱਲ ਦਿੱਤਾ ਜਾਵੇਗਾ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਨਾਜ ਮੰਡੀਆਂ ਵਿੱਚ ਕੇਵਲ ਸੁੱਕੀ ਕਣਕ ਹੀ ਲਿਆਉਣ ਤਾਂ ਜੋ ਉਹਨਾਂ ਦੀ ਜਿਣਸ ਦੀ ਨਾਲੋਂ ਨਾਲ ਖਰੀਦ ਹੋ ਸਕੇ ।
ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਸਮੇਂ ਸਿਰ ਦੇਣ ਲਈ ਪੰਜਾਬ ਸਰਕਾਰ ਵਚਨਬੱਧ : ਨਰਿੰਦਰ ਕੌਰ ਭਰਾਜ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਕਣਕ ਦੇ ਸ਼ੀਜਨ ਦੌਰਾਨ ਭਵਾਨੀਗੜ੍ਹ ਬਲਾਕ ਅਧੀਨ ਖੇਤਾਂ ਵਿੱਚ ਅੱਗ ਲੱਗਣ ਕਾਰਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੀ ਰੋਕਥਾਮ ਲਈ ਨਵੇਂ ਬੱਸ ਸਟੈਂਡ ਭਵਾਨੀਗੜ੍ਹ ਵਿਖੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਕੀਤੀ ਗਈ ਹੈ । ਉਹਨਾਂ ਇਹ ਵੀ ਦੱਸਿਆ ਕਿ ਭਵਾਨੀਗੜ੍ਹ ਲਈ ਫਾਇਰ ਬ੍ਰਿਗੇਡ ਗੱਡੀ ਦੀ ਅਲਾਟਮੈਂਟ ਹੋ ਚੁੱਕੀ ਹੈ ਅਤੇ ਜਮੀਨ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਜਲਦੀ ਹੀ ਪੱਕੇ ਤੌਰ ਤੇ ਇਸ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ।
ਕਣਕ ਦੇ ਸੀਜ਼ਨ ਦੌਰਾਨ ਅਣਸਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਅੱਗ ਬੁਝਾਊ ਗੱਡੀ ਦਾ ਕੀਤਾ ਅਰਜ਼ੀ ਪ੍ਰਬੰਧ : ਨਰਿੰਦਰ ਕੌਰ ਭਰਾਜ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਵਿੱਚ ਸਾਫ ਸਫਾਈ ਦੇ ਪ੍ਰਬੰਧਾਂ, ਪੀਣ ਵਾਲੇ ਸਾਫ ਪਾਣੀ ਦੀ ਉਪਲਬਧਤਾ ਸਮੇਤ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ । ਸ਼੍ਰੀਮਤੀ ਭਰਾਜ ਨੇ ਉਪ-ਮੰਡਲ ਮੈਜਿਸਟਰੇਟ ਸ਼੍ਰੀਮਤੀ ਮਨਜੀਤ ਕੌਰ, ਪ੍ਰਧਾਨ ਅਨਾਜ ਮੰਡੀ ਪ੍ਰਦੀਪ ਮਿੱਤਲ, ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ, ਆੜ੍ਹਤੀਆਂ, ਟਰਾਂਸਪੋਰਟਰਾਂ ਤੇ ਲੇਬਰ ਨਾਲ ਮੀਟਿੰਗ ਵੀ ਕੀਤੀ ਅਤੇ ਆਪਸੀ ਤਾਲਮੇਲ ਨਾਲ ਸਮੁੱਚੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ।
