ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ 

ਦੁਆਰਾ: Punjab Bani ਪ੍ਰਕਾਸ਼ਿਤ :Friday, 11 April, 2025, 06:57 PM

ਪਟਿਆਲਾ 11 ਅਪ੍ਰੈਲ :  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਕਰਮਚਾਰੀ ਸੰਗਠਨਾਂ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਇਕੱਤਰਤਾ ਅੱਜ ਪ੍ਰੀਖਿਆ ਸ਼ਾਖਾ ਦੇ ਬਾਹਰ ਹੋਈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਦੋਰਾਨ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਵਾਧਾ ਕੀਤਾ ਗਿਆ ਹੈ । ਜਾਣਕਾਰੀ ਦਿੰਦਿਆਂ ਕਰਮਚਾਰੀ ਸੰਘ ਦੇ ਆਗੂ ਰਾਜਿੰਦਰ ਸਿੰਘ ਬਾਗੜੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਵਾਧਾ ਕਰਕੇ ਸਿੱਖਿਆ ਸੰਸਥਾਵਾਂ ਦੇ ਮਾਣ ਵਿੱਚ ਵਾਧਾ ਕੀਤਾ ਹੈ । ਗ੍ਰਾਂਟ ਵਧਣ ਨਾਲ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਦੇ ਭਵਿਖ ਨੂੰ ਸੁਰੱਖਿਅਤ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਵਾਏ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਯੂਨੀਵਰਸਿਟੀ ਬਾਰੇ ਕੋਈ ਚੰਗਾ ਫੈਸਲਾ ਨਹੀਂ ਕੀਤਾ ਪ੍ਰੰਤੂ ਭਗਵੰਤ ਮਾਨ ਸਰਕਾਰ ਨੇ ਸਿੱਖਿਆਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਕੇ ਚੰਗਾ ਸੁਨੇਹਾ ਦਿੱਤਾ ਹੈ ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਲਈ ਸੋਮਵਾਰ ਨੂੰ ਵਿਸ਼ੇਸ਼ ਐਲਾਨ ਕਰਨ : ਰਾਜਿੰਦਰ ਸਿੰਘ ਬਾਗੜੀਆਂ 
ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿ ਸੋਮਵਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚ ਰਹੇ ਹਨ,ਉਸੇ ਦੋਰਾਨ ਯੂਨੀਵਰਸਿਟੀ ਦੇ ਕਰਮਚਾਰੀਆ ਨੂੰ ਉਮੀਦ ਹੈ ਕਿ ਸਰਕਾਰ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਸਬੰਧੀ ਕੋਈ ਸੰਭਵ ਐਲਾਨ ਕਰ ਸਕਦੀ ਹੈ। ਆਗੂਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਰਮਚਾਰੀਆਂ ਨੂੰ ਵਰਕਚਾਰਜ ਤੋਂ ਰੈਗੂਲਰ ਕਰਨ, ਸਕੱਤਰੇਤ ਪੇਅ ਲਾਗੂ ਕਰਨ ਲਈ ਜਲਦ ਠੋਸ ਫ਼ੈਸਲਾ ਲਿਆ ਜਾਵੇ । ਕਰਮਚਾਰੀ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਗਗਨ ਸ਼ਰਮਾ, ਜਗਤਾਰ ਸਿੰਘ, ਪ੍ਰਕਾਸ਼ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਪਹੁੰਚਣ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿੱਘੀ ਜੀ ਆਇਆਂ ਆਖਦਿਆਂ ਯੂਨੀਵਰਸਿਟੀ ਨੂੰ ਮਾਣ ਸਨਮਾਨ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ, ਕਰਨੈਲ ਸਿੰਘ ਜੋਗੀਪੁਰ, ਪ੍ਰਭਜੋਤ ਸਿੰਘ, ਗੁਰਪਿਆਰ ਸਿੰਘ, ਪ੍ਰਦੀਪ ਕੁਮਾਰ ਮਹਿਤਾ, ਨਵਦੀਪ ਸਿੰਘ ਚੰਨੀ, ਸੁਖਜੀਤ ਸਿੰਘ, ਸਤੀਸ਼ ਕੁਮਾਰ ਸਿੰਗਲਾ, ਜ਼ਹੀਰ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੋਜੋਦ ਸਨ ।